ਚੋਣਾਂ ਤੋਂ ਪਹਿਲਾਂ ਲੁਧਿਆਣਾ ''ਚ ਕਾਂਗਰਸੀਆਂ ਦੀ ਖੜਕੀ, ਲੱਥੀਆਂ ਪੱਗਾਂ

02/23/2018 7:14:54 PM

ਲੁਧਿਆਣਾ (ਰਾਮ, ਮੁਕੇਸ਼) : ਚੰਡੀਗੜ੍ਹ ਰੋਡ 'ਤੇ ਸੈਕਟਰ-32 ਵਿਖੇ ਕਾਂਗਰਸ ਉਮੀਦਵਾਰ ਵਲੋਂ ਕੱਢੇ ਜਾ ਰਹੇ ਰੋਡ ਸ਼ੋਅ ਦੌਰਾਨ ਹੋਏ ਲੜਾਈ-ਝਗੜੇ 'ਚ ਦੋ ਲੋਕਾਂ ਦੀਆਂ ਪੱਗਾਂ ਉਤਰ ਗਈਆਂ ਅਤੇ ਦੋਵਾਂ ਧਿਰਾਂ ਦੇ ਵਰਕਰਾਂ ਵਿਚਾਲੇ ਹੋਈ ਝੜਪ ਕਾਰਨ ਹਫੜਾ-ਦਫੜੀ ਮਚ ਗਈ। ਇਸ ਦੌਰਾਨ ਕੁੱਟ-ਮਾਰ ਦਾ ਸ਼ਿਕਾਰ ਜਤਿੰਦਰ ਪਾਲ ਸਿੰਘ ਤੇ ਅਮਰਜੋਤ ਸਿੰਘ ਨੇ ਕਿਹਾ ਕਿ ਉਹ ਰੋਡ ਸ਼ੋਅ ਦੌਰਾਨ ਆਪਣੇ ਘਰ ਅੱਗੇ ਖੜ੍ਹੇ ਸੀ। ਇਸ ਦੌਰਾਨ ਕਾਂਗਰਸੀ ਉਮੀਦਵਾਰ ਦੇ ਸਮਰਥਕਾਂ ਨੇ ਉਨ੍ਹਾਂ ਦੇ ਘਰ ਅੱਗੇ ਲੱਗੇ ਇਕ ਆਜ਼ਾਦ ਉਮੀਦਵਾਰ ਦੀ ਫਲੈਕਸੀ ਪਾੜ ਦਿੱਤੀ। ਰੋਕਣ 'ਤੇ ਕਾਂਗਰਸੀ ਉਮੀਦਵਾਰ ਤੇ ਉਸ ਦੇ ਸਮਰਥਕਾਂ ਨੇ ਪਹਿਲਾਂ ਜਤਿੰਦਰਪਾਲ ਸਿੰਘ ਦੀ ਕੁੱਟ-ਮਾਰ ਕਰਦੇ ਹੋਏ ਉਸ ਦੀ ਪਗੜੀ ਸੜਕ 'ਤੇ ਸੁੱਟ ਦਿੱਤੀ। ਜਾਨ ਬਚਾ ਕੇ ਜਦੋਂ ਜਤਿੰਦਰਪਾਲ ਘਰ ਅੰਦਰ ਆਪਣੇ ਬੇਟੇ ਨੂੰ ਮਦਦ ਲਈ ਬੁਲਾਉਣ ਗਿਆ ਤਾਂ ਉਮੀਦਵਾਰ ਤੇ ਉਸ ਦੇ ਸਮਰਥਕਾਂ ਨੇ ਘਰ ਅੰਦਰ ਦਾਖਲ ਹੋ ਕੇ ਉਸ ਦੇ ਬੇਟੇ ਅਮਰਜੋਤ ਦੀ ਵੀ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ ਤੇ ਉਸ ਦੀ ਪਗੜੀ ਵੀ ਉਤਾਰ ਦਿੱਤੀ।

ਮਾਮਲੇ ਦੀ ਸੂਚਨਾ ਮਿਲਣ 'ਤੇ ਇਲਾਕੇ ਵਿਚ ਪ੍ਰਚਾਰ ਕਰ ਰਹੇ ਸਾਬਕਾ ਕੌਂਸਲਰ ਸੁਖਦੇਵ ਗਿੱਲ, ਆਜ਼ਾਦ ਉਮੀਦਵਾਰ ਆਸ਼ੂ ਰਾਣਾ ਆਪਣੇ ਸਮਰਥਕਾਂ ਨਾਲ ਮੌਕੇ 'ਤੇ ਪਹੁੰਚ ਗਏ। ਮੌਕੇ 'ਤੇ ਕਈ ਪੀ. ਸੀ. ਆਰ. ਦਸਤੇ ਤੇ ਪੁਲਸ ਮੁਲਾਜ਼ਮ ਵੀ ਪਹੁੰਚ ਗਏ, ਜਿਨ੍ਹਾਂ ਭੜਕੇ ਲੋਕਾਂ ਨੂੰ ਸ਼ਾਂਤ ਕੀਤਾ। ਗਿੱਲ ਤੇ ਰਾਣਾ ਨੇ ਕਿਹਾ ਕਿ ਕਾਂਗਰਸ ਉਮੀਦਵਾਰ ਤੇ ਉਸ ਦੇ ਸਮਰਥਕਾਂ ਵਲੋਂ ਧੱਕੇਸ਼ਾਹੀ ਕੀਤੀ ਗਈ ਹੈ, ਬੜੀ ਸ਼ਰਮਸਾਰ ਕਰ ਦੇਣ ਵਾਲੀ ਗੱਲ ਹੈ, ਜਿਸ ਦੀ ਉਹ ਨਿੰਦਾ ਕਰਦੇ ਹਨ। ਇਹ ਸਭ ਕੁੱਝ ਕਾਂਗਰਸ ਸਰਕਾਰ ਦੀ ਸ਼ਹਿ 'ਤੇ ਹੋ ਰਿਹਾ ਹੈ। ਕਾਂਗਰਸ ਸਰਕਾਰ ਆਪਣੀ ਹਾਲਤ ਪਤਲੀ ਹੁੰਦੀ ਦੇਖ ਕੇ ਧੱਕੇਸ਼ਾਹੀ ਨਾਲ ਚੋਣਾਂ ਜਿੱਤਣਾ ਚਾਹੁੰਦੀ ਹੈ।
ਜਦੋਂ ਇਸ ਸਬੰਧੀ ਕਾਂਗਰਸ ਉਮੀਦਵਾਰ ਵਿਨੀਤ ਭਾਟੀਆ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਲਾਏ ਗਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਕਿਸੇ ਨਾਲ ਕੋਈ ਕੁੱਟ-ਮਾਰ ਨਹੀਂ ਕੀਤੀ ਨਾ ਹੀ ਪੱਗਾਂ ਉਤਾਰੀਆਂ ਹਨ। ਰੋਡ ਸ਼ੋਅ ਦੌਰਾਨ ਉਹ ਜੀਪ 'ਤੇ ਸਨ। ਜਨਤਾ ਉਨ੍ਹਾਂ ਦਾ ਪਰਿਵਾਰ ਹੈ, ਪਰਿਵਾਰ ਨਾਲ ਕੋਈ ਮਾੜਾ ਵਤੀਰਾ ਕਿਵੇਂ ਕਰ ਸਕਦੈ। ਉਨ੍ਹਾਂ ਕਿਹਾ ਕਿ ਸਗੋਂ ਇਸ ਦੌਰਾਨ ਦੂਜੀ ਧਿਰ ਵੱਲੋਂ ਉਨ੍ਹਾਂ 'ਤੇ ਇੱਟਾਂ-ਰੋੜੇ ਵਰ੍ਹਾਏ ਗਏ।

ਜਤਿੰਦਰਪਾਲ ਸਿੰਘ ਤੇ ਅਮਰਜੋਤ ਸਿੰਘ ਨੇ ਕਿਹਾ ਕਿ ਹਮਲਾ ਸੋਚੀ-ਸਮਝੀ ਸਾਜ਼ਿਸ਼ ਤਹਿਤ ਕੀਤਾ ਗਿਆ ਹੈ। ਕਾਂਗਰਸ ਉਮੀਦਵਾਰ ਵਲੋਂ ਉਨ੍ਹਾਂ ਦੇ ਘਰ ਕੋਲ ਆਪਣਾ ਦਫਤਰ ਖੋਲ੍ਹਿਆ ਗਿਆ ਸੀ, ਜਿੱਥੇ ਵਰਕਰਾਂ ਵਲੋਂ ਸ਼ਰਾਬ ਦਾ ਸੇਵਨ ਤੇ ਹੁੱਲੜਬਾਜ਼ੀ ਦਾ ਉਨ੍ਹਾਂ ਵਲੋਂ ਵਿਰੋਧ ਜਤਾਉਣ 'ਤੇ ਦਫਤਰ ਬੰਦ ਕਰ ਦਿੱਤਾ ਗਿਆ ਸੀ। ਇਸ ਦੀ ਰੰਜਿਸ਼ ਰੱਖਦੇ ਹੋਏ ਕਾਂਗਰਸ ਉਮੀਦਵਾਰ ਤੇ ਸਮਰਥਕਾਂ ਨੇ ਅੱਜ ਉਨ੍ਹਾਂ ਨਾਲ ਕੁੱਟ-ਮਾਰ ਕੀਤੀ ਹੈ। ਧਰਨੇ ਦੌਰਾਨ ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਤੇ ਸਾਬਕਾ ਕੌਂਸਲਰ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਵੀ ਇਸ ਘਟਨਾ ਦੀ ਨਿੰਦਾ ਕਰਦਿਆਂ ਸੱਤਾਧਾਰੀ ਆਗੂਆਂ 'ਤੇ ਧੱਕੇਸ਼ਾਹੀ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਚੋਣਾਂ ਵਿਚ ਧੱਕੇਸ਼ਾਹੀ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਥੇ ਪੁਲਸ ਦਾ ਕਹਿਣਾ ਹੈ ਮਾਮਲੇ ਦੀ ਜਾਂਚ ਚੱਲ ਰਹੀ ਹੈ। ਸ਼ਿਕਾਇਤ ਦੇ ਆਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।