ਧਾਰੀਵਾਲ ਦੀ ਚੋਣ ਵਿਵਾਦਾਂ 'ਚ, ਅਕਾਲੀ-ਭਾਜਪਾ ਵਰਕਰਾਂ 'ਤੇ ਪੁਲਸ ਨੇ ਵਰ੍ਹਾਈਆਂ ਡਾਂਗਾਂ

06/21/2019 6:49:29 PM

ਗੁਰਦਾਸਪੁਰ (ਵਿਨੋਦ) : ਧਾਰੀਵਾਲ ਕਸਬੇ ਦੇ ਵਾਰਡ ਨੰਬਰ-2 ਤੇ ਨਗਰ ਕੌਂਸਲ ਚੋਣ ਵਿਵਾਦਾਂ ਵਿਚ ਆ ਗਈ ਹੈ। ਇਸ ਵਾਰਡ ਦੇ ਮਤਦਾਨ ਦਾ ਕੰਮ ਪੂਰਾ ਹੋਣ ਤੋਂ ਬਾਅਦ ਵੀ ਚੋਣ ਦਾ ਨਤੀਜਾ ਐਲਾਨ ਨਾ ਕਰਨ, ਅਕਾਲੀ-ਭਾਜਪਾ ਵਰਕਰਾਂ 'ਤੇ ਹਲਕਾ ਲਾਠੀਚਾਰਜ ਕਰਨ ਅਤੇ ਵੋਟਿੰਗ ਮਸ਼ੀਨਾਂ ਧਾਰੀਵਾਲ ਤੋਂ ਚੁੱਕ ਕੇ ਗੁਰਦਾਸਪੁਰ ਵਿਚ ਲੈ ਜਾਣ ਦੇ ਵਿਰੋਧ ਵਿਚ ਅਕਾਲੀ-ਭਾਜਪਾ ਵਰਕਰਾਂ ਨੇ ਡਡਵਾਂ ਚੌਕ ਵਿਚ ਧਰਨਾ ਦਿੱਤਾ ਅਤੇ ਕੱਲ ਸ਼ਨੀਵਾਰ ਕਾਂਗਰਸ ਪਾਰਟੀ ਦੀ ਧੱਕੇਸ਼ਾਹੀ ਵਿਰੁੱਧ ਸ਼ਹਿਰ ਬੰਦ ਰੱਖਣ ਦਾ ਫੈਸਲਾ ਕੀਤਾ। 

ਮਿਲੀ ਜਾਣਕਾਰੀ ਅਨੁਸਾਰ ਨਗਰ ਕੌਂਸਲ ਧਾਰੀਵਾਲ ਦੇ ਵਾਰਡ ਨੰਬਰ-2 ਦੀ ਚੋਣ ਅੱਜ ਹੋਈ, ਜਿਹੜੀ ਕਿ ਛੋਟੇ-ਮੋਟੇ ਵਿਵਾਦਾਂ ਤੋਂ ਬਾਅਦ ਸ਼ਾਮ 4 ਵਜੇ ਪੂਰੀ ਹੋ ਗਈ। ਪੁਲਸ ਨੇ ਭਾਜਪਾ ਵਰਕਰਾਂ ਨੂੰ ਕਮਰੇ ਵਿਚੋਂ ਬਾਹਰ ਕੱਢ ਦਿੱਤਾ ਅਤੇ ਅੰਦਰ ਸਿਰਫ ਭਾਜਪਾ ਉਮੀਦਵਾਰ ਗੌਰੀ ਬਲੱਗਣ ਨੂੰ ਹੀ ਰਹਿਣ ਦਿੱਤਾ। ਜਦੋਂ ਇਸ ਚੋਣ ਵਿਚ ਕਾਂਗਰਸ ਨੇ ਆਪਣੀ ਹਾਰ ਹੁੰਦੀ ਦੇਖੀ ਤਾਂ ਚੋਣ ਨਤੀਜਾ ਐਲਾਨ ਕਰਨ ਦੀ ਬਿਜਾਏ ਚੁੱਪੀ ਸਾਧ ਲਈ। ਜਦਕਿ ਭਾਜਪਾ ਅਕਾਲੀ ਵਰਕਰਾਂ ਨੇ ਨਤੀਜਾ ਐਲਾਨ ਕਰਨ ਦੀ ਮੰਗ ਕੀਤੀ ਤਾਂ ਹਲਕਾ ਲਾਠੀਚਾਰਜ ਕਰਕੇ ਇਨ੍ਹਾਂ ਨੂੰ ਉਥੋਂ ਭਜਾ ਦਿੱਤਾ। ਇਸ ਵਾਰਡ ਦੇ ਚੋਣ ਅਧਿਕਾਰੀ ਡੀ.ਆਰ.ਓ ਰਵਿੰਦਰਪਾਲ ਸਿੰਘ ਨੇ ਇਸ ਸਾਰੇ ਹਾਲਾਤ ਦੀ ਜਾਣਕਾਰੀ ਜ਼ਿਲਾ ਅਧਿਕਾਰੀਆਂ ਨੂੰ ਦਿੱਤੀ ਤਾਂ ਵਾਧੂ ਪੁਲਸ ਫੋਰਸ ਭੇਜ ਕੇ ਵੋਟਿੰਗ ਮਸ਼ੀਨਾਂ ਅਤੇ ਭਾਜਪਾ ਉਮੀਦਵਾਰ ਨੂੰ ਧੱਕੇ ਨਾਲ ਹੀ ਗੱਡੀ ਵਿਚ ਬਿਠਾ ਕੇ ਗੁਰਦਾਸਪੁਰ ਲੈ ਜਾਇਆ ਗਿਆ। 

ਇਸ ਸਬੰਧੀ ਭਾਜਪਾ ਦੇ ਜ਼ਿਲਾ ਪ੍ਰਧਾਨ ਬਾਲ ਕਿਸ਼ਨ ਮਿੱਤਲ ਨੇ ਦੱਸਿਆ ਕਿ ਕਾਂਗਰਸ ਇਸ ਵਾਰਡ ਦੀ ਚੋਣ ਜਿੱਤਣ ਲਈ ਕਈ ਤਰ੍ਹਾਂ ਦੇ ਹੱਥਕੰਡੇ ਪਹਿਲਾਂ ਹੀ ਅਪਨਾ ਰਹੀ ਸੀ ਜਿਸ ਅਧੀਨ ਦੋ ਸੀਨੀਅਰ ਭਾਜਪਾ ਲੀਡਰਾਂ ਵਿਰੁੱਧ ਚੂੰਗੀ ਢਾਹੁਣ ਦਾ ਕੇਸ ਦਰਜ ਕੀਤਾ ਗਿਆ ਸੀ ਜਦਕਿ ਉਹ ਇਮਾਰਤ ਲੰਮੇ ਸਮੇ ਤੋਂ ਡਿੱਗੀ ਪਈ ਸੀ। ਅੱਜ ਵੀ ਜਿਸ ਤਰੀਕੇ ਨਾਲ ਧੱਕੇਸ਼ਾਹੀ ਕੀਤੀ ਗਈ ਹੈ ਇਹ ਲੋਕਤੰਤਰ ਦੀਆ ਕਧਰਾਂ ਕੀਮਤਾਂ ਦੇ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਧੱਕੇਸ਼ਾਹੀ ਵਿਰੁੱਧ 22 ਜੂਨ ਨੂੰ ਸ਼ਹਿਰ ਧਾਰੀਵਾਲ ਬੰਦ ਕੀਤਾ ਜਾਵੇਗਾ ਅਤੇ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਵੀ ਕੀਤਾ ਜਾਵੇਗਾ। 

ਵਰਣਨਯੋਗ ਹੈ ਕਿ ਇਸ ਸੀਟ 'ਤੇ ਕਾਂਗਰਸ ਵੱਲੋਂ ਸ਼੍ਰੀਮਤੀ ਪ੍ਰਵੀਨ ਮਲਹੋਤਰਾ ਅਤੇ ਭਾਜਪਾ ਵੱਲੋਂ ਸ਼੍ਰੀਮਤੀ ਗੌਰੀ ਬਲੱਗਣ ਉਮੀਦਵਾਰ ਹਨ ਪਰ ਹਲਕੇ ਦੇ ਵਿਧਾਇਕ ਫਤਿਹ ਜੰਗ ਸਿੰਘ ਬਾਜਵਾ ਵੱਲੋਂ ਇਸ ਵਾਰਡ ਨੂੰ ਜਿੱਤਣ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। ਆਉਣ ਵਾਲੇ ਸਮੇਂ ਵਿਚ ਇਸ ਵਾਰਡ ਦਾ ਨਤੀਜਾ ਕੀ ਐਲਾਨ ਕੀਤਾ ਜਾਵੇਗਾ ਇਹ ਅਜੇ ਕਹਿਣਾ ਮੁਸ਼ਕਲ ਹੈ।

Gurminder Singh

This news is Content Editor Gurminder Singh