ਚੋਣ ਵਾਅਦਿਆਂ ''ਤੇ ਖਰ੍ਹਾ ਉਤਰਣਾ ਕਾਂਗਰਸ ਲਈ ਸੌਖਾ ਨਹੀਂ : ਬਾਦਲ

04/04/2017 6:46:55 PM

ਲੰਬੀ (ਜਟਾਣਾ) : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਤਿੰਨ ਦਿਨਾਂ ਦੇ ਧੰਨਵਾਦੀ ਦੌਰੇ ਦੌਰਾਨ ਦੂਜੇ ਦਿਨ ਲੰਬੀ ਹਲਕੇ ਦੇ ਸਰਾਵਾਂ ਜ਼ੈਲ ਦੇ ਦਰਜਨ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਪਿੰਡ ਰਾਣੀਵਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਜਿਹੜੇ ਵਾਅਦੇ ਕੀਤੇ ਸਨ, ਉਨ੍ਹਾਂ ਵਾਅਦਿਆਂ ਦੇ ਨੇੜੇ-ਤੇੜੇ ਵੀ ਨਹੀਂ ਪੁੱਜੀ, ਜਦਕਿ ਸਰਕਾਰ ਵੱਲੋਂ ਲੋਕਾਂ ਨੂੰ ਤੋਹਫ਼ੇ ਦੇ ਰੂਪ ਵਿਚ ਪਹਿਲੇ ਦਿਨ ਵੱਡੇ ਰਿਆਇਤੀ ਐਲਾਨ ਕਰਨੇ ਚਾਹੀਦੇ ਸਨ ਪਰ ਕਾਂਗਰਸ ਨੇ ਇਹ ਤਾਂ ਕੀ ਕਰਨਾ ਸੀ, ਇਸਦੇ ਉਲਟ ਪਹਿਲਾਂ ਹੀ ਚੱਲ ਰਹੇ ਵਿਕਾਸ ਕਾਰਜ ਜਿਨ੍ਹਾਂ ਦੇ ਐਸਟੀਮੇਟ, ਟੈਂਡਰ ਪਾਸ ਹੋ ਕੇ ਬਣਦੀ ਰਕਮ ਵੀ ਦਿੱਤੀ ਜਾ ਚੁੱਕੀ ਹੈ, ਨੂੰ ਅੱਧ-ਵਿਚਕਾਰ ਰੋਕ ਦਿੱਤਾ ਹੈ, ਜੋ ਕਿ ਅਫ਼ਸੋਸ ਵਾਲੀ ਗੱਲ ਹੈ। ਬਾਦਲ ਨੇ ਇਹ ਵੀ ਕਿਹਾ ਕਿ ਚੰਗੀ ਗੱਲ ਹੈ ਕਿ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ਼ ਹੋਣ, ਘਰ-ਘਰ ਨੌਕਰੀਆਂ ਮਿਲਣ ਅਤੇ ਹੋਰ ਚੰਗੇ ਕੰਮਾਂ ਲਈ ਸਾਡਾ ਸਹਿਯੋਗ ਸਰਕਾਰ ਦੇ ਨਾਲ ਰਹੇਗਾ ਪਰ ਇਸ ਗੱਲ ''ਤੇ ਵੀ ਉਨ੍ਹਾਂ ਅਫ਼ਸੋਸ ਪ੍ਰਗਟ ਕੀਤਾ ਕਿ ਕਾਂਗਰਸ ਨੇ ਜਿਹੜੇ ਵਾਅਦੇ ਕੀਤੇ ਹਨ, ਉਨ੍ਹਾਂ ''ਤੇ ਖ਼ਰਾ ਉਤਰਣਾ ਕਾਂਗਰਸ ਲਈ ਇਹ ਮੁਸ਼ਕਿਲ ਹੀ ਨਹੀਂ ਸਗੋਂ ਅਸੰਭਵ ਵੀ ਹੈ।
ਸਾਬਕਾ ਮੁੱਖ ਮੰਤਰੀ ਨੇ ਦਿਨੋਂ ਦਿਨ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ''ਤੇ ਬੋਲਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਵਾਜਬ ਮੁੱਲ ਨਾ ਮਿਲਣ ਕਰਕੇ ਉਨ੍ਹਾਂ ਨੂੰ ਇਸ ਮੁਸ਼ਕਿਲ ਚੋਂ ਗੁਜ਼ਰਨਾ ਪੈ ਰਿਹਾ ਹੈ। ਜਿੰਨਾਂ ਚਿਰ ਸਵਾਮੀਨਾਥਨ ਕਮਿਸ਼ਨ ਵੱਲੋਂ ਦਿੱਤੇ ਫ਼ਸਲਾਂ ਦੇ ਭਾਅ ਲਾਗੂ ਨਹੀਂ ਹੁੰਦੇ, ਉਨਾ ਚਿਰ ਕਿਸਾਨ ਅਜਿਹੀਆਂ ਵੱਡੀਆਂ ਮੁਸ਼ਕਲਾਂ ''ਚੋਂ ਨਹੀਂ ਨਿਕਲ ਸਕਦਾ। ਉਨ੍ਹਾਂ ਕਿਹਾ ਸਰਕਾਰਾਂ ਨੂੰ ਚਾਹੀਦਾ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦੇ ਖ਼ਰਚ ਤੋਂ ਵੱਧ ਮੁੱਲ ਮਿਲੇ ਤਾਂ ਖੁਦਕੁਸ਼ੀਆਂ ''ਤੇ ਕਿਸੇ ਹੱਦ ਤੱਕ ਠੱਲ ਪਾਈ ਜਾ ਸਕਦੀ ਹੈ। 

Gurminder Singh

This news is Content Editor Gurminder Singh