ਕਾਂਗਰਸ ਨੌਕਰੀਆਂ ਅਤੇ ਬੇਰੋਜ਼ਗਾਰੀ ਭੱਤੇ ਨੂੰ ਚੋਣ ਮੈਨੀਫੈਸਟੋ ''ਚ ਕਰਵਾਏਗੀ ਸ਼ਾਮਲ

07/01/2018 6:37:55 AM

ਜਲੰਧਰ (ਧਵਨ)  - ਉੱਤਰ ਪ੍ਰਦੇਸ਼ ਵਿਚ ਪਿਛਲੇ ਸਾਲ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਕਾਂਗਰਸ ਨੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਤੋਂ ਸਿੱਖਿਆ ਲੈਂਦੇ ਹੋਏ ਕਿਸਾਨ ਮੰਗ-ਪੱਤਰ ਨੂੰ ਕਾਂਗਰਸ ਦੇ ਚੋਣ ਮੈਨੀਫੈਸਟੋ ਦਾ ਹਿੱਸਾ ਬਣਾਇਆ ਸੀ। ਹੁਣ ਉਸ ਤੋਂ ਸਿੱਖਿਆ ਲੈਂਦੇ ਹੋਏ ਕਾਂਗਰਸ ਦੀ ਲੀਡਰਸ਼ਿਪ ਨੇ ਯੂਥ ਕਾਂਗਰਸ ਨੂੰ ਇਸ ਸਾਲ ਦੇ ਅੰਤ ਵਿਚ ਹੋਣ ਵਾਲੀਆਂ ਵੱਖ-ਵੱਖ ਸੂਬਾਈ ਵਿਧਾਨ ਸਭਾ ਚੋਣਾਂ ਲਈ ਸਰਗਰਮ ਬਣਾਉਣ ਲਈ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਦੀ ਯੋਜਨਾ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਯੂਥ ਕਾਂਗਰਸ ਇਸ ਸੰਬੰਧੀ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨਾਲ ਵਿਚਾਰਾਂ ਦਾ ਮੰੰਥਨ ਕਰ ਰਹੀ ਹੈ। ਕਾਂਗਰਸੀ ਹਲਕਿਆਂ ਨੇ ਸ਼ਨੀਵਾਰ ਦੱਸਿਆ ਕਿ ਯੂਥ ਕਾਂਗਰਸ ਚੋਣਾਂ ਵਾਲੇ ਸੂਬਿਆਂ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿਖੇ ਨੌਜਵਾਨਾਂ ਲਈ ਨੌਕਰੀਆਂ ਅਤੇ ਬੇਰੋਜ਼ਗਾਰ ਨੌਜਵਾਨਾਂ ਨੂੰ ਭੱਤਾ ਦੇਣ ਦੀਆਂ ਵੱਖ-ਵੱਖ ਮੰਗਾਂ ਨੂੰ ਕਾਂਗਰਸ ਦੇ ਚੋਣ ਮੈਨੀਫੈਸਟੋ ਦਾ ਹਿੱਸਾ ਬਣਾਉਣਾ ਚਾਹੁੰਦੀ ਹੈ। ਇਸ ਸਬੰਧੀ ਯੋਜਨਾ 'ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਦਾ ਮੁੱਖ ਮਕਸਦ ਤਿੰਨ ਵੱਖ-ਵੱਖ ਚੋਣ ਸੂਬਿਆਂ ਵਿਚ ਨੌਜਵਾਨਾਂ 'ਤੇ ਧਿਆਨ ਕੇਂਦਰਿਤ ਕਰਨਾ ਹੈ।ਕਾਂਗਰਸ ਲੀਡਰਸ਼ਿਪ ਨੇ ਉਕਤ ਚੋਣ ਸੂਬਿਆਂ ਵਿਚ ਸਰਵੇਖਣ ਕਰਵਾਇਆ ਸੀ ਜਿਸ ਤੋਂ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ 18 ਤੋਂ 20 ਸਾਲ ਦੀ ਉਮਰ ਦੇ ਨੌਜਵਾਨਾਂ 'ਚ ਭਾਜਪਾ ਸਰਕਾਰਾਂ ਪ੍ਰਤੀ ਭਾਰੀ ਨਿਰਾਸ਼ਾ ਪਾਈ ਜਾਂਦੀ ਹੈ।
ਅਮਰਿੰਦਰ ਸਰਕਾਰ ਦੇ ਕਿਸਾਨ ਕਰਜ਼ਾ ਮੁਆਫੀ ਪ੍ਰੋਗਰਾਮ ਨੂੰ ਚੋਣ ਸੂਬਿਆਂ 'ਚ ਪੇਸ਼ ਕਰਨ ਦਾ ਫੈਸਲਾ
ਕਾਂਗਰਸ ਲੀਡਰਸ਼ਿਪ ਵਲੋਂ ਵੱਖ-ਵੱਖ ਚੋਣ ਸੂਬਿਆਂ ਵਿਚ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਉਦਾਹਰਣ ਪੇਸ਼ ਕੀਤੀ ਜਾਵੇਗੀ। ਕੈਪਟਨ ਸਰਕਾਰ ਨੇ ਸੱਤਾ ਵਿਚ ਆਉਣ ਪਿੱਛੋਂ ਛੋਟੇ ਕਿਸਾਨਾਂ ਦੇ 2-2 ਲੱਖ ਰੁਪਏ ਦੇ ਕਰਜ਼ੇ ਮੁਆਫ ਕੀਤੇ ਹਨ। ਪੰਜਾਬ ਦੇ ਮੁਕਾਬਲੇ ਹੋਰਨਾਂ ਭਾਜਪਾ ਸਰਕਾਰਾਂ ਨੇ ਭਾਵੇਂ ਕਿਸਾਨਾਂ ਲਈ ਕਰਜ਼ੇ ਮੁਆਫ ਕਰਨ ਦਾ ਐਲਾਨ ਕੀਤਾ ਹੈ ਪਰ ਉਨ੍ਹਾਂ ਦੀ ਰਕਮ 50 ਹਜ਼ਾਰ ਤੋਂ 1 ਲੱਖ ਰੁਪਏ ਤੱਕ ਹੀ ਰਹੀ।