ਡਿਪਟੀ ਕਮਿਸ਼ਨਰ ਵੱਲੋਂ ਚੋਣ ਬੂਥਾਂ ਦੀ ਚੈਕਿੰਗ

07/24/2017 6:24:23 AM

ਤਰਨਤਾਰਨ,   (ਰਾਜੂ)-  ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਪ੍ਰਦੀਪ ਕੁਮਾਰ ਸੱਭਰਵਾਲ ਵੱਲੋਂ ਅੱਜ ਤਰਨਤਾਰਨ ਜ਼ਿਲੇ ਦੇ ਵੱਖ-ਵੱਖ ਚੋਣ ਬੂਥਾਂ ਦਾ ਦੌਰਾ ਕਰ ਕੇ ਜਿੱਥੇ ਬੀ. ਐੱਲ. ਓਜ਼ ਦੀ ਹਾਜ਼ਰੀ ਚੈੱਕ ਕੀਤੀ ਗਈ, ਉਥੇ ਬੀ. ਐੱਲ. ਓਜ਼ ਕੋਲ ਵੋਟ ਬਣਵਾਉਣ ਲਈ ਆਏ ਫ਼ਾਰਮਾਂ ਦਾ ਜਾਇਜ਼ਾ ਵੀ ਲਿਆ ਗਿਆ ਅਤੇ ਮੌਕੇ 'ਤੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਨਿਪਟਾਰਾ ਵੀ ਕੀਤਾ ਗਿਆ। 
 ਇਸ ਮੌਕੇ ਉਨ੍ਹਾਂ ਜ਼ਿਲੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ 1 ਜਨਵਰੀ 2017 ਨੂੰ 18 ਸਾਲ ਦੀ ਉਮਰ ਪੂਰੀ ਕਰਦਾ ਜ਼ਿਲੇ ਦਾ ਹਰੇਕ ਨਾਗਰਿਕ ਜੋ ਕਿ ਮਤਦਾਤਾ ਨਹੀਂ ਹੈ, ਆਪਣੀ ਵੋਟ ਜ਼ਰੂਰ ਬਣਵਾਏ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ 1 ਜੁਲਾਈ ਤੋਂ ਸ਼ੁਰੂ ਕੀਤੀ ਗਈ ਵਿਸ਼ੇਸ਼ ਵੋਟਰ ਸੁਧਾਈ ਮੁਹਿੰਮ ਅਧੀਨ ਯੋਗਤਾ ਮਿਤੀ 01.01.17 ਨੂੰ ਆਧਾਰ ਮੰਨ ਕੇ 31 ਜੁਲਾਈ ਤੱਕ ਨਵੀਆਂ ਵੋਟਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਅੱਜ ਜ਼ਿਲੇ ਦੇ ਸਮੂਹ ਬੂਥਾਂ 'ਤੇ ਬੀ. ਐੱਲ. ਓਜ਼ ਵੱਲੋਂ ਹਾਜ਼ਰ ਰਹਿ ਕੇ ਨਵੀਆਂ ਵੋਟਾਂ ਬਣਵਾਉਣ, ਕਟਵਾਉਣ ਤੇ ਦਰੁਸਤੀ ਸਬੰਧੀ ਫ਼ਾਰਮ ਹਾਸਲ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਕਤ ਤੋਂ ਇਲਾਵਾ ਆਮ ਦਿਨਾਂ 'ਚ ਕੋਈ ਵੀ ਵਿਅਕਤੀ ਆਪਣੀ ਵੋਟ ਬਣਾਉਣ, ਕਟਵਾਉਣ ਤੇ ਪਤਾ ਬਦਲਣ ਦੀ ਸੂਰਤ 'ਚ ਉਸੇ ਹਲਕੇ 'ਚ ਨਵੇਂ ਪਤੇ 'ਤੇ ਵੋਟ ਬਣਾਉਣ ਲਈ ਫ਼ਾਰਮ ਨੰਬਰ-6, 7, 8 ਤੇ 8 ਓ ਭਰ ਕੇ ਸਬੰਧਿਤ ਬੀ. ਐੱਲ. ਓ. ਨੂੰ ਜਾਂ ਐੱਸ. ਡੀ. ਐੱਮ. ਦਫ਼ਤਰ ਵਿਖੇ ਦੇ ਸਕਦਾ ਹੈ। ਡਿਪਟੀ ਕਮਿਸ਼ਨਰ ਅਨੁਸਾਰ ਇਸ ਤੋਂ ਇਲਾਵਾ ਈ. ਆਰ. ਓ. ਨੈੱਟ ਪੋਰਟਲ ਐੱਨ. ਵੀ. ਐੱਸ. ਪੀ. ਪੋਰਟਲ 'ਤੇ ਜਾ ਕੇ ਆਨਲਾਈਨ ਵੀ ਭਰਿਆ ਜਾ ਸਕਦਾ ਹੈ, ਜਿਸ ਦਾ ਬਾਅਦ ਵਿਚ ਬੀ. ਐੱਲ. ਓਜ਼ ਵੱਲੋਂ ਪ੍ਰਮਾਣੀਕਰਨ ਕੀਤਾ ਜਾਵੇਗਾ ਅਤੇ ਇਸ ਬਾਰੇ ਸਬੰਧਿਤ ਵੋਟਰ ਨੂੰ ਮੋਬਾਇਲ ਜਾਂ ਈ-ਮੇਲ 'ਤੇ ਦੱਸ ਦਿੱਤਾ ਜਾਵੇਗਾ। 
ਕੁੰਡੀ ਕੁਨੈਕਸ਼ਨ ਫੜਨ ਗਈ ਟੀਮ ਨੂੰ ਕੀਤਾ ਕਮਰੇ 'ਚ ਬੰਦ
ਅੰਮ੍ਰਿਤਸਰ, 23 ਜੁਲਾਈ (ਜ. ਬ.)- ਪਿੰਡ ਬੀਰਬਲਪੁਰਾ 'ਚ ਕੁੰਡੀ ਕੁਨੈਕਸ਼ਨ ਫੜਨ ਗਈ ਪਾਵਰਕਾਮ ਦੀ ਟੀਮ ਨੂੰ ਘਰਵਾਲਿਆਂ ਵੱਲੋਂ ਕਮਰੇ 'ਚ ਬੰਦ ਕਰ ਕੇ ਬੁਰੀ ਤਰ੍ਹਾਂ ਧਮਕਾਇਆ ਗਿਆ। ਵਿਭਾਗ ਦੇ ਐੱਸ. ਡੀ. ਓ. ਅਸ਼ਵਨੀ ਕੁਮਾਰ ਦੀ ਸ਼ਿਕਾਇਤ 'ਤੇ ਉਸ ਸਮੇਤ ਜੇ. ਈ. ਹਰਭਿੰਦਰ ਸਿੰਘ, ਜਨਕ ਰਾਜ ਤੇ ਹੋਰ ਪ੍ਰਾਈਵੇਟ ਸਟਾਫ ਦੇ ਬੰਦਿਆਂ ਨੂੰ ਕਮਰੇ ਵਿਚ ਬੰਦ ਕਰ ਕੇ ਗਾਲ੍ਹ-ਮੰਦਾ ਕਰਨ ਵਾਲੇ ਮੁਲਜ਼ਮ ਜਗਤਾਰ ਸਿੰਘ ਤੇ ਸੋਨੂੰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਬੀਰਬਲਪੁਰਾ ਦੇ ਖਿਲਾਫ ਮਾਮਲਾ ਦਰਜ ਕਰ ਕੇ ਥਾਣਾ ਕੰਬੋਅ ਦੀ ਪੁਲਸ ਨੇ ਮੁਲਜ਼ਮ ਜਗਤਾਰ ਸਿੰਘ ਨੂੰ ਕਾਬੂ ਕਰ ਲਿਆ ਹੈ।