ਚੋਣ ਜ਼ਾਬਤੇ ਦੇ 43 ਦਿਨ : 221 ਕਰੋੜ ਦੀਆਂ ਗੈਰ-ਕਾਨੂੰਨੀ ਵਸਤਾਂ ਤੇ ਨਕਦੀ ਬਰਾਮਦ

04/23/2019 9:58:19 AM

ਚੰਡੀਗੜ੍ਹ (ਭੁੱਲਰ) - ਚੋਣ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਚੋਣ ਜ਼ਾਬਤੇ ਦੇ 43 ਦਿਨਾਂ ਦੌਰਾਨ ਹੁਣ ਤੱਕ 221 ਕਰੋੜ ਰੁਪਏ ਦੀਆਂ ਗੈਰ ਕਾਨੂੰਨੀ ਵਸਤਾਂ ਤੇ ਨਕਦੀ ਬਰਾਮਦ ਕੀਤੀ ਗਈ ਹੈ। ਇਨ੍ਹਾਂ 'ਚ ਨਸ਼ੀਲੇ ਪਦਾਰਥ ਅਤੇ ਸੋਨੇ ਚਾਂਦੀ ਦੇ ਗਹਿਣੇ ਆਦਿ ਸ਼ਾਮਲ ਹਨ। ਦੇਸ਼ ਭਰ 'ਚ ਹੋਰਨਾਂ ਰਾਜਾਂ ਦੇ ਮੁਕਾਬਲੇ ਇਹ ਬਰਾਮਦਗੀ ਜ਼ਿਆਦਾ ਹੈ। ਇਸ ਦੌਰਾਨ 105 ਗੈਰ ਕਾਨੂੰਨੀ ਹਥਿਆਰ ਵੀ ਫੜੇ ਗਏ ਹਨ ਤੇ ਹੁਣ ਤੱਕ 95 ਫੀਸਦੀ ਲਾਇਸੰਸੀ ਅਸਲਾ 19 ਮਈ ਨੂੰ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਜਮ੍ਹਾ ਕਰਵਾਇਆ ਜਾ ਚੁੱਕਾ ਹੈ।

24.52 ਕਰੋੜ ਦੀ ਨਕਦੀ ਫੜੀ 
ਰਾਜ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਨੇ ਚੋਣ ਜ਼ਾਬਤੇ ਕਾਰਨ 43 ਦਿਨਾਂ ਦੀ ਪੰਜਾਬ ਦੇ ਮੁੱਖ ਚੋਣ ਦਫ਼ਤਰ ਦੀ ਅਗਵਾਈ ਹੇਠ ਹੋਈ ਕਾਰਵਾਈ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਾਮਦ ਹੋਈਆਂ ਵਸਤਾਂ 'ਚ 928055 ਲਿਟਰ ਗੈਰ ਕਾਨੂੰਨੀ ਸ਼ਰਾਬ ਫੜੀ ਗਈ ਹੈ, ਜਿਸ ਦੀ ਕੀਮਤ 8.8 ਕਰੋੜ ਰੁਪਏ ਬਣਦੀ ਹੈ। 7282 ਕਿਲੋਗ੍ਰਾਮ ਨਸ਼ੀਲੇ ਪਦਾਰਥ ਫੜੇ ਗਏ ਹਨ, ਜਿਨ੍ਹਾਂ 'ਚ 109 ਕਿਲੋਗ੍ਰਾਮ ਭੁੱਕੀ, 100 ਗ੍ਰਾਮ ਹੈਰੋਇਨ ਅਤੇ 2695 ਨਸ਼ੀਲੀਆਂ ਗੋਲੀਆਂ ਸ਼ਾਮਲ ਹਨ। ਸੋਨੇ ਤੇ ਚਾਂਦੀ ਦੇ ਫੜੇ ਗਏ ਗਹਿਣਿਆਂ ਦੀ ਕੀਮਤ 19.34 ਕਰੋੜ ਬਣਦੀ ਹੈ। ਇਸੇ ਤਰ੍ਹਾਂ 24.52 ਕਰੋੜ ਰੁਪਏ ਦੀ ਨਕਦ ਰਾਸ਼ੀ ਫੜੀ ਗਈ ਹੈ।

ਮੋਹਾਲੀ ਤੇ ਮੋਗਾ ਹਥਿਆਰ ਜਮ੍ਹਾ ਕਰਵਾਉਣ 'ਚ ਮੋਹਰੀ  
ਫੜੇ ਗਏ ਗੈਰ ਕਾਨੂੰਨੀ ਹਥਿਆਰਾਂ ਦਾ ਵੇਰਵਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਅਤੇ ਜਲੰਧਰ ਜ਼ਿਲੇ 'ਚੋਂ 17-17 ਗੈਰ ਕਾਨੂੰਨੀ ਹਥਿਆਰ ਫੜੇ ਗਏ ਹਨ। ਇਸੇ ਤਰ੍ਹਾਂ ਅੰਮ੍ਰਿਤਸਰ ਤੇ ਲੁਧਿਆਣਾ 'ਚੋਂ 12-12, ਤਰਨਤਾਰਨ 'ਚੋਂ 13 ਗੈਰ-ਕਾਨੂੰਨੀ ਹਥਿਆਰ ਬਰਾਮਦ ਹੋਏ ਹਨ। ਹੁਣ ਤੱਕ 95 ਫੀਸਦੀ ਲਾਇਸੰਸੀ ਅਸਲਾ ਜਮ੍ਹਾ ਹੋ ਚੁੱਕਾ ਹੈ, ਜਿਸ ਵਿਚ ਜ਼ਿਲਾ ਮੋਹਾਲੀ ਤੇ ਮੋਗਾ 99-99 ਫੀਸਦੀ ਅਸਲਾ ਜਮ੍ਹਾ ਕਰਵਾ ਕੇ ਪਹਿਲੇ ਨੰਬਰ 'ਤੇ ਹਨ ਜਦਕਿ ਅੰਮ੍ਰਿਤਸਰ ਸ਼ਹਿਰੀ ਜ਼ਿਲਾ ਹੋਰਨਾਂ ਸਾਰੇ ਜ਼ਿਲਿਆਂ ਤੋਂ ਪਿੱਛੇ ਹੈ, ਜਿਥੇ 79 ਫੀਸਦੀ ਅਸਲਾ ਹੀ ਅਜੇ ਤਕ ਜਮ੍ਹਾ ਹੋਇਆ ਹੈ। ਜਦਕਿ ਅੰਮ੍ਰਿਤਸਰ ਦਿਹਾਤੀ ਵਿਚ 90 ਫੀਸਦੀ ਅਸਲਾ ਜਮ੍ਹਾ ਹੋਇਆ ਹੈ। ਬਟਾਲਾ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਲੁਧਿਆਣਾ ਦਿਹਾਤੀ, ਸੰਗਰੂਰ, ਸ਼ਹੀਦ ਭਗਤ ਸਿੰਘ ਨਗਰ, ਸ੍ਰੀ ਮੁਕਤਸਰ ਸਾਹਿਬ ਜ਼ਿਲਿਆਂ 'ਚ 97 ਫੀਸਦੀ ਅਸਲਾ ਜਮ੍ਹਾ ਹੋ ਚੁੱਕਿਆ ਹੈ।

rajwinder kaur

This news is Content Editor rajwinder kaur