ਚੋਣ ਕਮਿਸ਼ਨ ਦੀ ਸੀ-ਵਿਜਿਲ ਐਪ ''ਤੇ 79000 ਤੋਂ ਵੱਧ ਸ਼ਿਕਾਇਤਾਂ ਹੋਈਆਂ ਦਰਜ

03/29/2024 6:25:59 PM

ਨਵੀਂ ਦਿੱਲੀ/ਚੰਡੀਗੜ੍ਹ : 18ਵੀਂ ਲੋਕ ਸਭਾ ਲਈ 19 ਅਪ੍ਰੈਲ ਤੋਂ ਆਮ ਚੋਣਾਂ ਹੋਣ ਜਾ ਰਹੀਆਂ ਹਨ। ਇਸ ਦਰਮਿਆਨ ਚੋਣ ਕਮਿਸ਼ਨ ਨੇ ਸ਼ੁੱਕਰਵਾਰ (29 ਮਾਰਚ) ਨੂੰ ਕਿਹਾ ਕਿ ਕਮਿਸ਼ਨ ਦਾ ਸੀ-ਵਿਜਿਲ ਐਪ ਚੋਣ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਵੱਡਾ ਹਥਿਆਰ ਬਣ ਚੁੱਕਾ ਹੈ। ਚੋਣ ਕਮਿਸ਼ਨ ਨੇ 16 ਮਾਰਚ ਨੂੰ ਲੋਕ ਸਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਤੋਂ ਲੈ ਕੇ ਹੁਣ ਤਕ ਸੀ-ਵਿਜਿਲ ਐਪ 'ਤੇ 79000 ਤੋਂ ਵੱਧ ਸ਼ਿਕਾਇਤਾਂ ਦਰਜ ਕੀਤੀਆਂ ਜਾ ਚੁੱਕੀਆਂ ਹਨ। 

ਚੋਣ ਕਮਿਸ਼ਨ ਮੁਤਾਬਕ ਹੁਣ ਤੱਕ ਪ੍ਰਾਪਤ ਹੋਈਆਂ 99% ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ 89% 100 ਮਿੰਟਾਂ ਵਿਚ ਹੱਲ ਕਰ ਦਿੱਤੀਆਂ ਗਈਆਂ। ਚੋਣ ਕਮਿਸ਼ਨ ਨੇ ਕਿਹਾ ਕਿ ਗੈਰ-ਕਾਨੂੰਨੀ ਹੋਰਡਿੰਗਜ਼ ਅਤੇ ਬੈਨਰਾਂ ਦੀਆਂ ਸਭ ਤੋਂ ਵੱਧ 58,500 ਸ਼ਿਕਾਇਤਾਂ ਆਈਆਂ ਹਨ ਜਦਕਿ 1400 ਤੋਂ ਵੱਧ ਸ਼ਿਕਾਇਤਾਂ ਪੈਸੇ, ਤੋਹਫ਼ੇ ਅਤੇ ਵੰਡ ਨਾਲ ਸਬੰਧਤ ਸਨ। ਲਗਭਗ 3% ਸ਼ਿਕਾਇਤਾਂ (2,454) ਜਾਇਦਾਦ ਦੀ ਗੜਬੜੀ ਨਾਲ ਸਬੰਧਤ ਹਨ। ਚੋਣ ਕਮਿਸ਼ਨ ਨੇ ਇਹ ਵੀ ਕਿਹਾ ਕਿ 535 ਸ਼ਿਕਾਇਤਾਂ ਧਮਕੀਆਂ ਦੀਆਂ ਸਨ। ਇਨ੍ਹਾਂ ਵਿਚੋਂ 529 ਦਾ ਨਿਪਟਾਰਾ ਹੋ ਚੁੱਕਾ ਹੈ। ਸਮਾਂ ਸੀਮਾਂ ਤੋਂ ਬਾਅਦ ਸਪੀਕਰ ਵਜਾਉਣ ਦੀਆਂ ਵੀ 100 ਸ਼ਿਕਾਇਤਾਂ ਦਰਜ ਹੋਈਆਂ ਹਨ। 

Gurminder Singh

This news is Content Editor Gurminder Singh