ਚੋਣ ਜ਼ਾਬਤੇ ਕਾਰਨ ਰੁਕੇ ਕੰਮ, ਹੁਣ ਫੜਨਗੇ ਰਫਤਾਰ

05/28/2019 1:00:58 AM

ਚੰਡੀਗੜ੍ਹ,(ਸਾਜਨ): ਲੋਕਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਮਾਡਲ ਕੋਡ ਆਫ ਕੰਡਕਟ ਲੱਗਣ ਕਾਰਨ ਦੋ ਮਹੀਨਿਆਂ ਤੋਂ ਪ੍ਰਸ਼ਾਸਨ ਦੇ ਸਾਰੇ ਅਹਿਮ ਪ੍ਰਾਜੈਕਟ ਰੁਕੇ ਪਏ ਸਨ। ਹੁਣ ਮਾਡਲ ਕੋਡ ਆਫ ਕੰਡਕਟ ਹਟ ਚੁੱਕਿਆ ਹੈ, ਲਿਹਾਜ਼ਾ ਪ੍ਰਸ਼ਾਸਨ ਸਮਾਰਟ ਸਿਟੀ ਨੂੰ ਲੈ ਕੇ ਸ਼ੁਰੂ ਕੀਤੇ ਗਏ ਪ੍ਰਾਜੈਕਟਾਂ 'ਤੇ ਤੇਜ਼ੀ ਨਾਲ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ। ਐਡਵਾਈਜ਼ਰ ਮਨੋਜ ਪਰਿਦਾ ਅਨੁਸਾਰ ਸਮਾਰਟ ਸਿਟੀ ਦੇ ਪ੍ਰਾਜੈਕਟਾਂ ਨੂੰ ਰਫ਼ਤਾਰ ਦੇਣਾ ਉਨ੍ਹਾਂ ਦੇ ਏਜੰਡੇ 'ਚ ਇਸ ਸਮੇਂ ਸਭ ਤੋਂ ਉਪਰ ਹੈ। ਛੇਤੀ ਹੀ ਬਹੁਤ ਸਾਰੇ ਪ੍ਰਾਜੈਕਟਾਂ ਦੀ ਟੈਂਡਰ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ, ਜਿਸ 'ਚ ਮਨੀਮਾਜਰਾ ਦਾ 24 ਘੰਟੇ ਵਾਟਰ ਸਪਲਾਈ ਦਾ ਪ੍ਰਾਜੈਕਟ, ਸ਼ਹਿਰ 'ਚ ਵੱਖ-ਵੱਖ ਸਥਾਨਾਂ 'ਤੇ ਸਾਈਕਲ ਸ਼ੇਅਰਿੰਗ ਪ੍ਰਾਜੈਕਟ, ਇਲੈਕਟ੍ਰਿਕ ਬੱਸਾਂ ਦਾ ਪ੍ਰਾਜੈਕਟ, ਟ੍ਰਿਬਿਊਨ ਫਲਾਈਓਵਰ ਦਾ ਕੰਮ, ਸਕਾਡਾ ਦਾ ਪ੍ਰਾਜੈਕਟ, ਸੱਤ ਸੀਵਰੇਜ ਟਰੀਟਮੈਂਟ ਪਲਾਂਟ ਬਣਾਉਣ ਦਾ ਪ੍ਰਾਜੈਕਟ ਅਤੇ ਡੱਡੂਮਾਜਰਾ ਦਾ ਪ੍ਰਾਜੈਕਟ ਸ਼ਾਮਲ ਹਨ।

ਛੇਤੀ ਹੀ ਪ੍ਰਾਜੈਕਟਾਂ 'ਤੇ ਤੇਜ਼ ਰਫ਼ਤਾਰ ਨਾਲ ਸ਼ੁਰੂ ਹੋਵੇਗਾ ਕੰਮ 

ਐਡਵਾਈਜ਼ਰ ਨੇ ਦੱਸਿਆ ਕਿ ਜੋ ਪ੍ਰਾਜੈਕਟ ਚੱਲ ਰਹੇ ਸਨ। ਉਨ੍ਹਾਂ 'ਤੇ ਚੋਣ ਪ੍ਰਕਿਰਿਆ ਦੌਰਾਨ ਕਿਸੇ ਤਰ੍ਹਾਂ ਦਾ ਵਿਵਾਦ ਨਾ ਬਣੇ। ਲਿਹਾਜ਼ਾ ਇਸ ਦਾ ਧਿਆਨ ਰੱਖਦੇ ਹੋਏ ਪ੍ਰਾਜੈਕਟਾਂ 'ਤੇ ਬ੍ਰੇਕ ਲਾਈ ਗਈ ਸੀ। ਹੁਣ ਇਨ੍ਹਾਂ ਪ੍ਰਾਜੈਕਟਾਂ 'ਤੇ ਤੇਜ਼ ਰਫ਼ਤਾਰ ਨਾਲ ਕੰਮ ਸ਼ੁਰੂ ਕਰਨ ਦੇ ਆਦੇਸ਼ ਦੇ ਦਿੱਤੇ ਗਏ ਹਨ। ਛੇਤੀ ਹੀ ਉਪਰੋਕਤ ਸਾਰੇ ਪ੍ਰਾਜੈਕਟਾਂ ਲਈ ਟੈਂਡਰ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।

ਇਨ੍ਹਾਂ ਪ੍ਰਾਜੈਕਟਾਂ 'ਤੇ ਵੀ ਹੋਵੇਗਾ ਕੰਮ 

ਸਮਾਰਟ ਵਾਟਰ ਮੀਟਰ ਲਈ 24 ਕਰੋੜ ਰੁਪਏ ਦੇ ਟੈਂਡਰ ਅਲਾਟ ਕੀਤੇ ਗਏ। ਪਬਲਿਕ ਬਾਈਕ ਸ਼ੇਅਰਿੰਗ ਸਿਸਟਮ ਤਹਿਤ 5 ਹਜ਼ਾਰ ਬਾਈਕ ਤੇ 617 ਡਾਕਿੰਗ ਲੋਕੇਸ਼ਨ ਲਈ ਪੀ. ਪੀ. ਪੀ. ਮੋੜ 'ਤੇ 20 ਕਰੋੜ ਦੇ ਟੈਂਡਰ ਜਾਰੀ ਕਰ ਦਿੱਤੇ ਗਏ ਹਨ। ਡੱਡੂਮਾਜਰਾ 'ਚ 5 ਕਰੋੜ ਦੀ ਲਾਗਤ ਨਾਲ ਇੰਸੀਨਰੇਟਰ ਲਾਇਆ ਜਾ ਰਿਹਾ ਹੈ, ਜਿੱਥੇ ਮਰੇ ਜਾਨਵਰਾਂ ਨੂੰ ਸਾੜਿਆ ਜਾਵੇਗਾ। ਇਹ ਬੀ. ਓ. ਟੀ. ਬੇਸ 'ਤੇ ਹੋਵੇਗਾ। ਮਨੀਮਾਜਰਾ 'ਚ 24 ਘੰਟੇ ਤੇ ਸੱਤ ਦਿਨ 140 ਕਰੋੜ ਦੀ ਲਾਗਤ ਨਾਲ ਟੈਂਡਰ ਕੱਢਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। 511 ਕਰੋੜ ਦੀ ਲਾਗਤ ਨਾਲ ਵਰਤਮਾਨ ਸੀਵਰੇਜ ਟਰੀਟਮੈਂਟ ਪਲਾਂਟਾਂ ਦੇ ਅੱਪਗ੍ਰੇਡੇਸ਼ਨ ਤੇ ਨਵੇਂ ਐੱਸ. ਟੀ. ਪੀਜ਼ ਦਾ ਟੈਂਡਰ ਜਾਰੀ ਕੀਤਾ ਜਾਣਾ ਹੈ।