ਮਾਛੀਵਾੜਾ ਸਾਹਿਬ : ਬਲਾਕ ਸੰਮਤੀ ਚੋਣਾਂ ਦੌਰਾਨ ਹੈਰਾਨੀਜਨਕ ਖੁਲਾਸਾ

09/19/2018 6:06:44 PM

ਮਾਛੀਵਾੜਾ ਸਾਹਿਬ (ਟੱਕਰ) : ਪੰਜਾਬ ਵਿਚ ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਚੋਣਾਂ ਸਬੰਧੀ ਪਿਛਲੇ 15 ਦਿਨਾਂ ਤੋਂ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਵਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਅੱਜ ਜਦੋਂ ਪੋਲਿੰਗ ਬੂਥਾਂ 'ਤੇ 'ਜਗ ਬਾਣੀ' ਟੀਮ ਵਲੋਂ ਜਾ ਕੇ ਦੌਰਾ ਕੀਤਾ ਗਿਆ ਅਤੇ ਵੋਟਰਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਅੱਜ ਕਿਹੜੀਆਂ ਵੋਟਾਂ ਪਾਉਣ ਜਾ ਰਹੇ ਹੋ ਅਤੇ ਤੁਹਾਡੇ ਉਮੀਦਵਾਰ ਕੌਣ-ਕੌਣ ਹਨ ਤਾਂ ਹੈਰਾਨੀਜਨਕ ਖੁਲਾਸਾ ਹੋਇਆ। ਵੋਟਾਂ ਪਾਉਣ ਵਾਲੇ 70 ਪ੍ਰਤੀਸ਼ਤ ਲੋਕਾਂ ਨੂੰ ਇਹ ਨਹੀਂ ਪਤਾ ਕਿ ਉਹ ਵੋਟਾਂ ਕਿਹੜੀਆਂ ਪਾ ਰਹੇ ਹਨ ਅਤੇ ਉਨ੍ਹਾਂ ਦਾ ਉਮੀਦਵਾਰ ਕੌਣ ਹੈ।

ਪਿੰਡਾਂ ਵਿਚ ਜਦੋਂ ਵੋਟਰਾਂ ਨੂੰ ਜਾ ਕੇ ਪੱਤਰਕਾਰਾਂ ਵਲੋਂ ਪੁੱਛਿਆ ਗਿਆ ਕਿ ਅੱਜ ਤੁਸੀਂ ਆਪਣੀ ਵੋਟ ਦਾ ਇਸਤੇਮਾਲ ਕਰਨ ਜਾ ਰਹੇ ਹੋ ਤਾਂ ਕਈ ਬਜ਼ੁਰਗ ਔਰਤਾਂ ਤੇ ਪੁਰਸ਼ਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਸਾਨੂੰ ਤਾਂ ਪਤਾ ਨਹੀਂ ਕਾਹਦੀਆਂ ਵੋਟਾਂ ਹਨ ਬੱਸ ਇਹੀ ਕਿਹਾ ਗਿਆ ਹੈ ਕਿ 2 ਚੋਣ ਨਿਸ਼ਾਨ ਹਨ ਤੱਕੜੀ ਤੇ ਪੰਜਾ ਉਨ੍ਹਾਂ 'ਚੋਂ ਮਨ ਬਣਾ ਕੇ ਆਏ ਹਨ ਕਿ ਕਿਸ ਉਪਰ ਮੋਹਰ ਲਗਾਉਣੀ ਹੈ। ਹੱਦ ਤਾਂ ਉਦੋਂ ਹੋ ਗਈ ਜਦੋਂ ਕੁੱਝ ਔਰਤਾਂ ਨੇ ਕਿਹਾ ਕਿ ਇਹ ਵੱਡੀ ਸਰਪੰਚੀ ਦੀ ਚੋਣ ਹੈ ਅਤੇ ਕੁਝ ਨੇ ਕਿਹਾ ਕਿ ਮੈਂਬਰੀ ਦੀ ਅਤੇ ਕਈਆਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਚੇਅਰਮੈਨੀ ਦੀਆਂ ਵੋਟਾਂ ਪਾਉਣ ਜਾ ਰਹੇ ਹਨ। 

ਪਿੰਡਾਂ ਵਿਚ ਲੋਕਾਂ ਨੂੰ ਜ਼ਿਆਦਾਤਰ ਵਿਧਾਨ ਸਭਾ ਚੋਣਾਂ ਦੌਰਾਨ ਐੱਮ. ਐੱਲ. ਏ. ਚੁਣਨ ਅਤੇ ਪੰਚਾਇਤੀ ਚੋਣਾਂ ਦੌਰਾਨ ਸਰਪੰਚ ਚੁਣਨ ਦੀ ਜਾਣਕਾਰੀ ਹੁੰਦੀ ਹੈ ਜਦਕਿ ਬਾਕੀ ਵੋਟਾਂ ਤੋਂ ਉਹ ਖਾਸ ਰੁਚੀ ਨਹੀਂ ਦਿਖਾਉਂਦੇ। ਬਲਾਕ ਸੰਮਤੀ ਦੀਆਂ ਵੋਟਾਂ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਜ਼ਿਆਦਾਤਰ ਵੋਟਰ ਉਮੀਦਵਾਰਾਂ ਤੋਂ ਅਣਜਾਣ ਹਨ ਅਤੇ ਬੱਸ ਤੱਕੜੀ ਅਤੇ ਪੰਜੇ ਵਿਚਕਾਰ ਮੋਹਰ ਲਗਾਉਣ ਦਾ ਮੁਕਾਬਲਾ ਦਿਖਾਈ ਦਿੱਤਾ। ਇੱਥੇ ਇਹ ਵੀ ਦੱਸਣਯੋਗ ਹੈ ਕਿ ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਚੋਣਾਂ ਤੋਂ ਬਾਅਦ ਚੁਣੇ ਗਏ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਲੋਕਾਂ ਨੂੰ ਉਨ੍ਹਾਂ ਤੱਕ ਕੰਮ ਘੱਟ ਹੀ ਪੈਂਦੇ ਹਨ ਕਿਉਂਕਿ ਲੋਕਾਂ ਦਾ ਕੰਮ ਪਿੰਡ ਦੇ ਸਰਪੰਚ ਜਾਂ ਫਿਰ ਹਲਕਾ ਵਿਧਾਇਕ ਤੱਕ ਹੀ ਹੁੰਦਾ ਹੈ, ਇਸ ਲਈ ਪਿੰਡਾਂ ਦੇ ਇਹ ਲੋਕ ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਚੋਣਾਂ ਤੋਂ ਅਣਜਾਣ ਹੀ ਦਿਖਾਈ ਦਿੱਤੀ।