ਫਿਲੌਰ ਵਿਖੇ ਮਾਂ ਨੂੰ ਭਿਆਨਕ ਮੌਤ ਦੇਣ ਵਾਲੀ ਧੀ ਨੇ ਕੀਤੇ ਹੈਰਾਨੀਜਨਕ ਖ਼ੁਲਾਸੇ

03/30/2022 11:57:26 AM

ਫਿਲੌਰ (ਭਾਖੜੀ)-ਆਮ ਕਰਕੇ ਬੇਟਾ ਜਦੋਂ ਵੱਡਾ ਹੋ ਕੇ ਮਾਪਿਆਂ ਦੀ ਸੇਵਾ ਨਹੀਂ ਕਰਦਾ ਜਾਂ ਫਿਰ ਬੁਰੀਆਂ ਆਦਤਾਂ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਬਜ਼ੁਰਗ ਮਾਪਿਆਂ ਨੂੰ ਕਹਿੰਦੇ ਸੁਣਿਆ ਜਾਂਦਾ ਹੈ ਕਿ ਇਸ ਤੋਂ ਤਾਂ ਚੰਗਾ ਸੀ ਰੱਬ ਉਨ੍ਹਾਂ ਨੂੰ ਧੀ ਦੇ ਦਿੰਦਾ। ਜੇਕਰ ਧੀ ਹੀ ਲਾਲਚੀ ਨਿਕਲ ਜਾਵੇ ਤਾਂ ਬਜ਼ੁਰਗ ਮਾਪੇ ਕਿੱਥੇ ਜਾਣ? ਬੀਤੇ ਦਿਨ ਆਪਣੀ ਜਨਮ ਦੇਣ ਵਾਲੀ ਮਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੀ ਮੁਲਜ਼ਮ ਧੀ ਨੇ ਪੁਲਸ ਕੋਲ ਜੋ ਹੈਰਾਨੀਜਨਕ ਖ਼ੁਲਾਸੇ ਕੀਤੇ, ਉਸ ਨੂੰ ਸੁਣ ਕੇ ਹਰ ਕਿਸੇ ਦੀ ਰੂਹ ਕੰਬ ਜਾਵੇ ਕਿ ਆਖਿਰ ਇਕ ਲੜਕੀ ਅਜਿਹਾ ਕਿਵੇਂ ਕਰ ਸਕਦੀ ਹੈ। ਪੁਲਸ ਜਾਂਚ ’ਚ ਉਸ ਨੇ ਦੱਸਿਆ ਕਿ ਮਾਂ ਨਹੀਂ ਦੱਸ ਰਹੀ ਸੀ ਉਸ ਨੇ ਸਾਢੇ 7 ਲੱਖ ਰੁਪਏ ਕਿੱਥੇ ਰੱਖੇ ਹਨ, ਜਿਸ ਕਾਰਨ ਉਸ ਦਾ ਕਤਲ ਕੀਤਾ ਹੈ।

ਇਹ ਵੀ ਪੜ੍ਹੋ: ਫਿਲੌਰ 'ਚ ਖ਼ੌਫ਼ਨਾਕ ਵਾਰਦਾਤ, ਧੀ ਨੇ ਕੀਤਾ ਬਜ਼ੁਰਗ ਮਾਂ ਦਾ ਬੇਰਹਿਮੀ ਨਾਲ ਕਤਲ

ਮੁਲਜ਼ਮ ਸੱਤਿਆ ਦਾ ਲਾਲਚ ਦਿਨ-ਬ-ਦਿਨ ਵਧਦਾ ਜਾ ਰਿਹਾ ਸੀ। ਪਿਤਾ ਲਛਮਣ ਦਾਸ ਨੇ ਜਦੋਂ ਉਸ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ ਤਾਂ ਪਿੰਡ ਵਾਸੀ ਉਸ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦੇ ਸਨ, ਜਿਸ ਕਾਰਨ ਉਹ 2 ਸਾਲ ਤੱਕ ਚੁੱਪ ਰਹੀ। ਉਸ ਤੋਂ ਬਾਅਦ ਉਸ ਨੇ ਆਪਣੀ ਮਾਤਾ ਜੀਤੋ (85) ਤੋਂ ਸਖ਼ਤੀ ਨਾਲ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਉਹ ਸਾਢੇ 7 ਲੱਖ ਰੁਪਏ ਜੋ ਜ਼ਮੀਨ ਵੇਚ ਕੇ ਪਿਤਾ ਨੂੰ ਮਿਲੇ ਸਨ, ਉਹ ਕਿੱਥੇ ਰੱਖੇ ਹਨ। ਹਰ ਵਾਰ ਮਾਂ ਵੀ ਉਸ ਨੂੰ ਇਕ ਹੀ ਜਵਾਬ ਦਿੰਦੀ ਕਿ ਉਸ ਨੂੰ ਨਹੀਂ ਪਤਾ। ਰੁਪਏ ਹਾਸਲ ਕਰਨ ਦੇ ਚੱਕਰ ’ਚ ਉਹ ਕਈ ਵਾਰ ਆਪਣੀ ਮਾਂ ਦੀ ਕੁੱਟਮਾਰ ਕਰ ਚੁੱਕੀ ਸੀ। ਘਟਨਾ ਵਾਲੇ ਦਿਨ ਸਵੇਰੇ 4 ਵਜੇ ਉਹ ਅਤੇ ਉਸ ਦੀ ਮਾਂ ਦੋਵੇਂ ਜਾਗ ਗਈਆਂ। ਉਸ ਨੇ ਆਪਣੀ ਮਾਂ ਤੋਂ ਆਖਰੀ ਵਾਰ ਪੁੱਛਿਆ ਕਿ ਉਹ ਉਸ ਨੂੰ ਰੁਪਇਆਂ ਬਾਰੇ ਦੱਸ ਦੇਵੇ। ਜਦੋਂ ਮਾਂ ਨੇ ਮਨ੍ਹਾ ਕੀਤਾ ਤਾਂ ਉਸ ਨੇ ਘਰ ਵਿਚ ਪਈ ਕੁਹਾੜੀ ਨਾਲ ਮਾਂ ਦੇ ਸਿਰ ਅਤੇ ਚਿਹਰੇ ’ਤੇ ਉੱਤੇ ਕਈ ਵਾਰ ਕੀਤੇ, ਜਦੋਂ ਤੱਕ ਉਸ ਦੇ ਦੋ ਹਿੱਸੇ ਨਹੀਂ ਹੋ ਗਏ।

ਇਹ ਵੀ ਪੜ੍ਹੋ: ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ’ਤੇ ਸੁਖਪਾਲ ਖਹਿਰਾ ਨੇ ਕੱਸਿਆ ਤੰਜ, ਜਾਣੋ ਕੀ ਬੋਲੇ

ਬੇਟੀ ਨੇ ਕਿਹਾ, ਜੋ ਕੰਮ ਪਹਿਲਾਂ ਪਿਤਾ ਨੇ ਕੀਤਾ, ਉਹੀ ਹੁਣ ਮਾਂ ਕਰ ਰਹੀ ਸੀ
ਮੁਲਜ਼ਮ ਧੀ ਸੱਤਿਆ ਨੇ ਪੁਲਸ ਨੂੰ ਦੱਸਿਆ ਕਿ 3 ਸਾਲ ਪਹਿਲਾਂ ਉਸ ਦੇ ਪਿਤਾ ਲਛਮਣ ਨੇ ਜੋ ਜ਼ਮੀਨ ਉਸ ਕੋਲ ਸੀ, ਉਹ ਸਾਢੇ 7 ਲੱਖ ਰੁਪਏ ’ਚ ਵੇਚ ਦਿੱਤੀ ਸੀ। ਜਦੋਂ ਵੀ ਉਹ ਆਪਣੇ ਪਿਤਾ ਤੋਂ ਉਨ੍ਹਾਂ ਰੁਪਇਆਂ ਸਬੰਧੀ ਪੁੱਛਦੀ ਤਾਂ ਉਹ ਉਸ ਨੂੰ ਕੁਝ ਨਹੀਂ ਦੱਸਦੇ ਸਨ, ਜਿਸ ਕਾਰਨ ਉਸ ਦਾ ਪਿਤਾ ਨਾਲ ਰੋਜ਼ਾਨਾ ਝਗੜਾ ਹੁੰਦਾ ਸੀ। ਉਸ ਨੇ ਪਿਤਾ ਨੂੰ ਘਰ ਵਿਚ ਬੰਦ ਰੱਖਣਾ ਸ਼ੁਰੂ ਕਰ ਦਿੱਤਾ। ਇਕ ਦਿਨ ਉਸ ਨੇ ਉਸ ਦੀ ਕੈਦ ਤੋਂ ਛੁੱਟ ਕੇ ਰੇਲਵੇ ਲਾਈਨਾਂ ਵਿਚ ਜਾ ਕੇ ਖ਼ੁਦਕੁਸ਼ੀ ਕਰ ਲਈ। ਹੁਣ ਉਹੀ ਕੰਮ ਉਸ ਦੀ ਮਾਂ ਕਰ ਰਹੀ ਸੀ, ਉਹ ਵੀ ਉਸ ਨੂੰ ਰੁਪਇਆਂ ਬਾਰੇ ਕੁਝ ਨਹੀਂ ਦੱਸ ਰਹੀ ਸੀ।

ਸੱਤਿਆ ਦੇ ਪਰਿਵਾਰ ਦਾ ਬਾਈਕਾਟ ਕਰਨਗੇ ਪਿੰਡ ਵਾਸੀ
ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਆਪਣੀ ਲਾਲਚੀ ਬੇਟੀ ਤੋਂ ਤੰਗ ਆ ਕੇ ਲਛਮਣ ਦਾਸ ਨੇ ਖ਼ੁਦਕੁਸ਼ੀ ਕੀਤੀ ਹੈ, ਹੁਣ ਉਸ ਨੇ ਆਪਣੀ ਮਾਂ ਦਾ ਵੀ ਕਤਲ ਕਰ ਦਿੱਤਾ। ਪੂਰੇ ਪਿੰਡ ਨੇ ਫ਼ੈਸਲਾ ਕੀਤਾ ਹੈ ਕਿ ਉਹ ਸੱਤਿਆ ਅਤੇ ਉਸ ਦੇ ਪਰਿਵਾਰ ਦਾ ਸਦਾ ਲਈ ਸਮਾਜਿਕ ਤੌਰ ’ਤੇ ਬਾਈਕਾਟ ਕਰਨਗੇ।

ਇਹ ਵੀ ਪੜ੍ਹੋ: ਜਲੰਧਰ: 100 ਕਰੋੜ ਦੀ ਰਿਕਵਰੀ ਬਣੀ ਚਿੰਤਾ ਦਾ ਵਿਸ਼ਾ: ਵੱਡੇ ਡਿਫਾਲਟਰਾਂ ਨੂੰ ਬਿਨਾਂ ਦੱਸੇ ਕੁਨੈਕਸ਼ਨ ਕੱਟਣ ਦੇ ਹੁਕਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri