ਸਰੇ-ਬਾਜ਼ਾਰ ਬਜ਼ੁਰਗ ਔਰਤ ਨੂੰ ਕੀਤਾ ਅਗਵਾ

10/22/2017 4:46:03 AM

ਹੁਸ਼ਿਆਰਪੁਰ, (ਘੁੰਮਣ)- ਸ਼ਹਿਰ 'ਚ ਕਾਨੂੰਨ-ਵਿਵਸਥਾ ਰੱਬ ਆਸਰੇ ਹੈ। ਅੱਜ ਸਵੇਰੇ 9.30 ਵਜੇ ਦੇ ਕਰੀਬ ਸ਼ਹਿਰ ਦੇ ਬਹੁਤ ਹੀ ਰੁਝੇਵਿਆਂ ਵਾਲੇ ਇਲਾਕੇ ਜਲੰਧਰ ਰੋਡ 'ਤੇ ਪ੍ਰਤਾਪ ਚੌਕ ਨੇੜੇ ਇਕ ਮਾਰੂਤੀ-800 ਕਾਰ 'ਚ ਸਵਾਰ 3 ਔਰਤਾਂ ਨੇ ਗੱਲਾਂ 'ਚ ਉਲਝਾ ਕੇ ਇਕ ਬਜ਼ੁਰਗ ਔਰਤ ਨੂੰ ਅਗਵਾ ਕਰ ਲਿਆ। ਉਨ੍ਹਾਂ ਅੱਗੇ ਜਾ ਕੇ ਬਜ਼ੁਰਗ ਔਰਤ ਦੇ ਪਾਏ ਗਹਿਣੇ ਲੁੱਟ ਲਏ ਤੇ ਕਾਰ ਵਿਚੋਂ ਧੱਕਾ ਦੇ ਕੇ ਫ਼ਰਾਰ ਹੋ ਗਈਆਂ।
ਆਪਣੀ ਹੱਡਬੀਤੀ ਸੁਣਾਉਂਦਿਆਂ ਮਿਲਾਪ ਨਗਰ ਦੀ ਕਰੀਬ 70 ਸਾਲਾ ਬਜ਼ੁਰਗ ਔਰਤ ਗਾਇਤਰੀ ਨੇ ਦੱਸਿਆ ਕਿ ਸਵੇਰੇ ਕਰੀਬ 9.30 ਵਜੇ ਜਦੋਂ ਉਹ ਸਿਵਲ ਹਸਪਤਾਲ 'ਚ ਡਾਕਟਰ ਤੋਂ ਚੈੱਕਅਪ ਕਰਵਾ ਕੇ ਪਰਤ ਰਹੀ ਸੀ ਤਾਂ ਰਸਤੇ ਵਿਚ ਉਸ ਕੋਲ ਆ ਕੇ ਇਕ ਕਾਰ ਰੁਕੀ, ਜਿਸ ਨੂੰ ਇਕ ਵਿਅਕਤੀ ਚਲਾ ਰਿਹਾ ਸੀ। 
ਕਾਰ ਵਿਚ ਸਵਾਰ 3 ਔਰਤਾਂ ਵਿਚੋਂ ਇਕ ਨੇ ਕਿਹਾ ਕਿ ਮੇਰਾ ਆਪ੍ਰੇਸ਼ਨ ਹੋਇਆ ਹੈ ਤੇ ਮੈਨੂੰ ਪਿਆਸ ਲੱਗੀ ਹੈ। ਮੈਂ ਉਸ ਨੂੰ ਕਿਹਾ ਕਿ ਮੈਂ ਪਾਣੀ ਕਿੱਥੋਂ ਲਿਆਵਾਂ? ਇਸ ਦੌਰਾਨ ਉਕਤ ਔਰਤਾਂ ਨੇ ਧੂਹ ਕੇ ਮੈਨੂੰ ਕਾਰ ਵਿਚ ਬਿਠਾ ਲਿਆ ਅਤੇ ਤੇਜ਼ ਰਫ਼ਤਾਰ ਕਾਰ ਜਲੰਧਰ ਰੋਡ ਵੱਲ ਲੈ ਗਈਆਂ। ਰਸਤੇ ਵਿਚ ਇਕ ਔਰਤ ਨੇ ਮੇਰੇ ਮੂੰਹ 'ਤੇ ਕੋਈ ਚੀਜ਼ ਛੁਹਾਈ ਅਤੇ ਕੁਝ ਹੀ ਪਲਾਂ 'ਚ ਮੈਨੂੰ ਸਰਕਾਰੀ ਪੋਲੀਟੈਕਨਿਕ ਦੇ ਬਾਹਰ ਕਾਰ ਵਿਚੋਂ ਧੱਕਾ ਦੇ ਕੇ ਉਕਤ ਔਰਤਾਂ ਤੇ ਕਾਰ ਚਾਲਕ ਸਮੇਤ ਫ਼ਰਾਰ ਹੋ ਗਈਆਂ। 
ਗਾਇਤਰੀ ਅਨੁਸਾਰ ਜਦੋਂ ਉਹ ਥੋੜ੍ਹਾ ਸੰਭਲੀ ਤਾਂ ਦੇਖਿਆ ਕਿ ਉਸ ਦੀਆਂ ਦੋਵਾਂ ਬਾਹਾਂ 'ਚ ਪਾਈਆਂ ਸੋਨੇ ਦੀਆਂ ਚੂੜੀਆਂ ਤੇ ਗਲ 'ਚ ਪਾਈ ਸੋਨੇ ਦੀ ਚੇਨ ਗਾਇਬ ਸੀ। ਉਸ ਨੇ ਦੱਸਿਆ ਕਿ ਕਰੀਬ ਸਾਢੇ 4 ਤੋਲੇ ਦੇ ਇਨ੍ਹਾਂ ਗਹਿਣਿਆਂ ਦੀ ਕੀਮਤ ਸਵਾ ਲੱਖ ਤੋਂ ਵੱਧ ਬਣਦੀ ਹੈ। ਉਹ ਕਿਸੇ ਤਰ੍ਹਾਂ ਆਪਣੇ ਘਰ ਪਹੁੰਚੀ ਅਤੇ ਪਰਿਵਾਰਕ ਮੈਂਬਰਾਂ ਨੂੰ ਸਾਰੀ ਵਿਥਿਆ ਸੁਣਾਈ। ਘਟਨਾ ਤੋਂ 2 ਘੰਟੇ ਬਾਅਦ ਵੀ ਉਕਤ ਬਜ਼ੁਰਗ ਔਰਤ ਉਕਤ ਲੁਟੇਰਿਆਂ ਦੇ ਖੌਫ਼ ਵਿਚੋਂ ਬਾਹਰ ਨਹੀਂ ਸੀ ਨਿਕਲ ਸਕੀ। ਇਸ ਘਟਨਾ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। 
ਘਟਨਾ ਸਥਾਨ ਤੋਂ 50 ਗਜ਼ ਦੀ ਦੂਰੀ 'ਤੇ ਹੈ ਪੁਲਸ ਨਾਕਾ : ਹੈਰਾਨੀ ਦੀ ਗੱਲ ਹੈ ਕਿ ਘਟਨਾ ਸਥਾਨ ਤੋਂ ਕਰੀਬ 50 ਗਜ਼ ਦੀ ਦੂਰੀ 'ਤੇ ਹੀ ਪ੍ਰਤਾਪ ਚੌਕ 'ਚ ਪੁਲਸ ਨਾਕਾ ਹੈ ਅਤੇ ਸਾਰਾ ਦਿਨ ਪੁਲਸ ਮੁਲਾਜ਼ਮ ਉਥੇ ਤਾਇਨਾਤ ਰਹਿੰਦੇ ਹਨ। ਦਿਨ-ਦਿਹਾੜੇ ਔਰਤ ਨੂੰ ਅਗਵਾ ਕਰ ਕੇ ਅਜਿਹੀ ਵਾਰਦਾਤ ਨੂੰ ਅੰਜਾਮ ਦੇਣਾ ਪੁਲਸ ਦੀ ਕਾਰਜ ਪ੍ਰਣਾਲੀ 'ਤੇ ਸਵਾਲੀਆ ਨਿਸ਼ਾਨ ਲਾ ਰਿਹਾ ਹੈ। ਲੋਕਾਂ ਅਨੁਸਾਰ ਪੁਲਸ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਵੱਲ ਘੱਟ ਤੇ ਚਲਾਨ ਕੱਟਣ ਵੱਲ ਜ਼ਿਆਦਾ ਧਿਆਨ ਦੇ ਰਹੀ ਹੈ।