ਬਜ਼ੁਰਗ ਕਿਰਾਏਦਾਰ ਪ੍ਰਵਾਸੀ ਨੂੰ ATM ਦੇ ਕੇ ਕਢਵਾਉਂਦਾ ਸੀ ਪੈਸੇ, ਕਿਰਾਏਦਾਰ 5 ਲੱਖ ਰੁਪਏ ਕੱਢ ਕੇ ਫਰਾਰ

06/29/2023 2:22:28 PM

ਜਲੰਧਰ (ਜ. ਬ.)  : ਸੰਜੇ ਗਾਂਧੀ ਨਗਰ ’ਚ ਇਕ ਪ੍ਰਵਾਸੀ ਕਿਰਾਏਦਾਰ ਆਪਣੇ ਕੈਂਸਰ ਪੀੜਤ ਮਕਾਨ ਮਾਲਕ ਦੇ ਬੇਟੇ ਦੇ ਖਾਤੇ ’ਚੋਂ 5 ਲੱਖ ਰੁਪਏ ਕਢਵਾ ਕੇ ਫ਼ਰਾਰ ਹੋ ਗਿਆ। ਉਸਦਾ ਬੇਟਾ ਵੀ ਮਾਨਸਿਕ ਤੌਰ ’ਤੇ ਆਮ ਨੌਜਵਾਨਾਂ ਵਾਂਗ ਨਹੀਂ ਹੈ। ਜਦੋਂ 75 ਸਾਲਾ ਕੈਂਸਰ ਪੀੜਤ ਬਜ਼ੁਰਗ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਇਲਾਕੇ ਦੇ ਲੋਕਾਂ ਨੂੰ ਸਾਰੀ ਗੱਲ ਦੱਸੀ, ਜਿਸ ਤੋਂ ਬਾਅਦ ਮਾਮਲਾ ਪੁਲਸ ਤਕ ਪਹੁੰਚਿਆ। ਬਜ਼ੁਰਗ ਨੂੰ ਇਨਸਾਫ਼ ਦੇਣ ਲਈ ਖੁਦ ਪੁਲਸ ਅਧਿਕਾਰੀ ਇਸ ਮਾਮਲੇ ਦੀ ਜਾਂਚ ਜੁਟੇ ਹੋਏ ਹਨ। ਹੁਣ ਹਾਲਤ ਇਹ ਹੈ ਕਿ ਕੈਂਸਰ ਪੀੜਤ ਬਜ਼ੁਰਗ ਅਤੇ ਉਸਦੇ ਬੇਟੇ ਨੂੰ ਪੂਰੇ ਦਿਨ ’ਚ ਲੋਕ ਇਕ ਸਮੇਂ ਦਾ ਖਾਣਾ ਦੇ ਕੇ ਉਨ੍ਹਾਂ ਦਾ ਪੇਟ ਭਰ ਰਹੇ ਹਨ। ਪੀੜਤ ਸਾਂਝੇ ਰਾਮ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਪੂਰੀ ਜ਼ਿੰਦਗੀ ਦੀ ਇਹੀ ਜਮ੍ਹਾ ਪੂੰਜੀ ਸੀ ਅਤੇ ਹੁਣ ਖਾਣ ਲਈ ਉਨ੍ਹਾਂ ਕੋਲ ਕੁਝ ਵੀ ਨਹੀਂ ਹੈ। ਸੰਜੇ ਗਾਂਧੀ ਨਗਰ ਦੀ ਗਲੀ ਨੰਬਰ 10 ’ਚ ਬਰਫ਼ ਵਾਲੀ ਫੈਕਟਰੀ ਨੇੜੇ ਰਹਿੰਦੇ ਸਾਂਝੇ ਰਾਮ (75) ਨੇ ਦੱਸਿਆ ਕਿ ਉਸਨੂੰ ਅਤੇ ਉਸਦੀ ਪਤਨੀ ਨੂੰ ਕੈਂਸਰ ਸੀ। ਪਤਨੀ ਦੀ ਮੌਤ ਹੋ ਚੁੱਕੀ ਹੈ। ਘਰ ’ਚ ਉਹ ਆਪਣੇ ਬੇਟੇ ਰਿਸ਼ੀ ਨਾਲ ਰਹਿੰਦਾ ਹੈ। ਰਿਸ਼ੀ ਵੀ ਮਾਨਸਿਕ ਤੌਰ ’ਤੇ ਠੀਕ ਨਹੀਂ ਹੈ ਅਤੇ ਉਹ ਖੁਦ ਵੀ ਬੀਮਾਰ ਬੈੱਡ ’ਤੇ ਪਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਰਿਸ਼ੀ ਦੀ ਮਾਤਾ ਮਰਨ ਤੋਂ ਪਹਿਲਾਂ ਆਪਣੇ ਬੇਟੇ ਦੇ ਨਾਂ ਲਗਭਗ 5 ਲੱਖ ਰੁਪਏ ਕਰ ਗਈ ਸੀ। ਘਰ ’ਚ ਕੋਈ ਕੰਮ ਕਰਨ ਵਾਲਾ ਨਹੀਂ ਸੀ। ਅਜਿਹੇ ’ਚ ਉਨ੍ਹਾਂ ਨੇ ਅਲੱਗ ਆਮਦਨ ਦੇ ਤੌਰ ’ਤੇ ਪਟਨਾ ਦੇ ਰਹਿਣ ਵਾਲੇ ਇਕ ਪ੍ਰਵਾਸੀ ਨੂੰ ਕਿਰਾਏ ’ਤੇ ਰੱਖ ਲਿਆ। ਉਹ ਘਰ ਦੇ ਕੁਝ ਕੰਮ ਕਰ ਦਿੰਦਾ ਸੀ।

ਇਹ ਵੀ ਪੜ੍ਹੋ : ਆਂਗਣਵਾੜੀ ਵਰਕਰਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ

ਉਨ੍ਹਾਂ ਕਿਹਾ ਕਿ ਏ. ਟੀ. ਐੱਮ. ’ਚੋਂ ਵੀ ਉਹੀ ਪੈਸੇ ਕਢਵਾ ਕੇ ਲਿਆਉਂਦਾ ਸੀ ਅਤੇ ਉਸਨੂੰ ਪਾਸਵਰਡ ਵੀ ਪਤਾ ਸੀ। ਪੈਸਿਆਂ ਨਾਲ ਉਹ ਏ. ਟੀ. ਐੱਮ. ਵਾਪਸ ਕਰ ਦਿੰਦਾ ਸੀ। ਉਨ੍ਹਾਂ ਕਿਹਾ ਕਿ ਪਿਛਲੇ 11 ਦਿਨਾਂ ਤੋਂ ਉਹ ਗਾਇਬ ਹੋ ਗਿਆ। ਅਜਿਹੇ ’ਚ ਉਨ੍ਹਾਂ ਨੇ ਕਿਸੇ ਹੋਰ ਨੂੰ ਬੈਂਕ ਭੇਜਿਆ ਤਾਂ ਬੈਂਕ ਖਾਤੇ ’ਚ ਸਿਰਫ਼ 5 ਹਜ਼ਾਰ ਰੁਪਏ ਹੀ ਰਹਿ ਗਏ ਸਨ। ਸਾਂਝੇ ਰਾਮ ਨੇ ਕਿਹਾ ਕਿ ਬੈਂਕ ਗਏ ਨੌਜਵਾਨ ਨੇ ਜਦੋਂ ਸਟੇਟਮੈਂਟ ਕਢਵਾਈ ਤਾਂ ਪਤਾ ਲੱਗਾ ਕਿ 17 ਜੂਨ ਤੋਂ ਰੋਜ਼ ਦਿਨ ’ਚ 2 ਵਾਰ 20 ਤੋਂ 25 ਹਜ਼ਾਰ ਰੁਪਏ ਕੱਢੇ ਜਾ ਰਹੇ ਸਨ। ਪ੍ਰਵਾਸੀ ਨੇ ਕੁੱਲ 5 ਲੱਖ ਰੁਪਏ ਕੁਝ ਹੀ ਦਿਨਾਂ ’ਚ ਕਢਵਾ ਲਏ ਅਤੇ ਏ. ਟੀ. ਐੱਮ. ਕਾਰਡ ਉਸੇ ਜਗ੍ਹਾ ’ਤੇ ਰੱਖ ਕੇ ਖੁਦ ਫ਼ਰਾਰ ਹੋ ਗਿਆ। ਪੀੜਤ ਨੇ ਕਿਹਾ ਕਿ ਉਸਦਾ ਬੇਟਾ ਅਤੇ ਉਹ ਖੁਦ ਕੋਈ ਕੰਮ ਨਹੀਂ ਕਰ ਸਕਦੇ। ਦਿਨ ’ਚ ਇਕ ਵਾਰ ਕਿਸ਼ਨਪੁਰਾ ਤੋਂ ਇਕ ਸੰਸਥਾ ਖਾਣਾ ਦੇ ਜਾਂਦੀ ਹੈ, ਜਦਕਿ ਇਕ ਵਾਰ ਉਹ ਮੁਸ਼ਕਲ ਨਾਲ ਚਾਹ ਬਣਾ ਕੇ ਕੁਝ ਖਾ ਲੈਂਦੇ ਹਨ। ਇਹ ਮਾਮਲਾ ਥਾਣਾ ਨੰਬਰ 8 ਦੀ ਪੁਲਸ ਤਕ ਪਹੁੰਚਿਆ ਤਾਂ ਉੱਚ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਇਸ ਬਜ਼ੁਰਗ ਦੀ ਮਦਦ ਲਈ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਬਜ਼ੁਰਗ ਨੇ ਪੁਲਸ ਅਧਿਕਾਰੀਆਂ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਬਜ਼ੁਰਗ ਨੇ ਕਿਹਾ ਕਿ ਉਨ੍ਹਾਂ ਕੋਲ ਹੁਣ ਕੁਝ ਵੀ ਨਹੀਂ ਰਿਹਾ।

ਇਹ ਵੀ ਪੜ੍ਹੋ : ਬਸਤੀ ਗੁੱਜ਼ਾਂ ’ਚ ਦੁਕਾਨਦਾਰ ਦੇ ਕਤਲ ਮਗਰੋਂ ਪੁਲਸ ਸਖ਼ਤ ਐਕਸ਼ਨ ਦੇ ਮੋਡ ’ਚ,  ਨਸ਼ਾ ਵੇਚਣ ਵਾਲਿਆਂ ਦੀ ਪ੍ਰਾਪਰਟੀ ਹੋਵੇਗੀ ਅਟੈਚ 

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Anuradha

This news is Content Editor Anuradha