ਪੰਜਾਬ 'ਚ ਬਜ਼ੁਰਗ ਬੇਘਰ! ਪਰਿਵਾਰ ਹੀ ਨਹੀਂ, ਸਰਕਾਰ ਵੀ ਕਰ ਰਹੀ ਅਣਦੇਖੀ

01/09/2018 12:27:53 PM

ਨਵੀਂ ਦਿੱਲੀ— ਬੁਢਾਪੇ ਦੇ ਸਹਾਰੇ ਦੀ ਉਮੀਦ 'ਚ ਉਮਰ ਭਰ ਪਰਿਵਾਰ ਨੂੰ ਇਕ ਬਗੀਚੇ ਵਾਂਗ ਸਜਾਉਣ-ਸੰਵਾਰਨ ਵਾਲੇ ਬਜ਼ੁਰਗਾਂ ਨੂੰ ਪੰਜਾਬ ਵਿਚ ਆਪਣੇ ਹੀ ਘਰਾਂ ਵਿਚ ਟਿਕਾਣਾ ਨਹੀਂ ਮਿਲ ਰਿਹਾ ਹੈ। ਇਹ ਹੀ ਨਹੀਂ, ਬੁਢਾਪੇ ਵਿਚ ਉਨ੍ਹਾਂ ਦੀ ਦੇਖਭਾਲ ਨੂੰ ਲੈ ਕੇ ਸੂਬਾ ਸਰਕਾਰ ਵਲੋਂ ਵੀ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ। ਦੇਸ਼ ਦੇ 8 ਸੂਬਿਆਂ ਵਿਚ ਕਰਵਾਏ ਗਏ ਸਰਵੇ ਵਿਚ ਇਹ ਹਕੀਕਤ ਸਾਹਮਣੇ ਆਈ ਹੈ। ਬੇਸਹਾਰਾ ਬਜ਼ੁਰਗਾਂ ਦੀ ਦੇਖਭਾਲ ਕਰਨ ਵਾਲੀ ਸੰਸਥਾ 'ਹੈਲਪ ਏਜ ਇੰਡੀਆ' ਨੇ ਹਾਲ ਹੀ ਵਿਚ ਦੇਸ਼ ਦੇ 8 ਸੂਬਿਆਂ ਪੰਜਾਬ, ਹਰਿਆਣਾ, ਕੇਰਲ, ਤਾਮਿਲਨਾਡੂ ਆਦਿ ਵਿਚ ਇਕ ਸਰਵੇ ਕਰਵਾਇਆ ਹੈ, ਜਿਸ ਵਿਚ ਸੀਨੀਅਰ ਸਿਟੀਜ਼ਨ ਐਕਟ 2007 ਦੀਆਂ ਵਿਵਸਥਾਵਾਂ ਤਹਿਤ ਇਨ੍ਹਾਂ ਸੂਬਿਆਂ ਵਿਚ ਬਜ਼ੁਰਗਾਂ ਦੀ ਦੇਖਭਾਲ ਨੂੰ ਲੈ ਕੇ ਅਧਿਐਨ ਕੀਤਾ ਗਿਆ ਹੈ। ਸੰਸਥਾ ਨੇ ਸੋਮਵਾਰ ਨੂੰ ਇਸ ਦੇ ਅੰਕੜੇ ਜਾਰੀ ਕੀਤੇ ਹਨ, ਜਿਨ੍ਹਾਂ ਮੁਤਾਬਕ ਬਜ਼ੁਰਗਾਂ ਦੀ ਦੇਖਭਾਲ ਨਾ ਕਰਨ ਦੇ ਮਾਮਲੇ  ਪੰਜਾਬ ਵਿਚ ਸਭ ਤੋਂ ਜ਼ਿਆਦਾ ਪਾਏ ਗਏ ਹਨ। 
ਖਾਸ ਗੱਲ ਇਹ ਹੈ ਕਿ  ਬਜ਼ੁਰਗਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਨਾਲ ਮਾੜਾ ਵਰਤਾਓ ਕਰਦੇ ਹੀ ਹਨ ਪਰ ਸਰਕਾਰ ਵੀ ਇਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਹੈ। ਸੰਸਥਾ ਦੇ ਸੀ. ਈ. ਓ. ਮੈਥਿਊ ਚੇਰੀਅਨ ਮੁਤਾਬਕ ਲੁਧਿਆਣਾ ਤੇ ਅੰਮ੍ਰਿਤਸਰ ਵਿਚ ਬਜ਼ੁਰਗਾਂ ਨੇ ਸਭ ਤੋਂ ਜ਼ਿਆਦਾ ਕੇਸ ਦਰਜ ਕਰਵਾਏ ਹਨ। ਉਥੇ ਹੀ 80 ਸਾਲ ਤੋਂ ਜ਼ਿਆਦਾ ਉਮਰ ਦੇ ਬਜ਼ੁਰਗਾਂ ਵਲੋਂ ਕੇਸ ਦਰਜ ਕਰਵਾਏ ਜਾਣ ਦੇ ਮਾਮਲੇ ਵਿਚ ਹਰਿਆਣਾ ਦੇ 9 ਫੀਸਦੀ ਦੀ ਤੁਲਨਾ ਵਿਚ ਪੰਜਾਬ ਦੇ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਮਾਮਲੇ ਕੁੱਟਮਾਰ ਅਤੇ ਮੰਦਾ ਬੋਲਣ ਦੇ ਦਰਜ ਕਰਵਾਏ ਗਏ ਹਨ।