ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵਲੋਂ ਸਲਫਾਸ ਖਾ ਕੇ ਆਤਮ-ਹੱਤਿਆ

08/28/2019 10:45:43 PM

ਮਾਜਰੀ, (ਪਾਬਲਾ) : ਨਜ਼ਦੀਕੀ ਪਿੰਡ ਸਿਆਮੀਪੁਰ ਵਿਖੇ ਕਰਜ਼ੇ ਤੋਂ ਪ੍ਰੇਸ਼ਾਨ ਇਕ ਬਜ਼ੁਰਗ ਕਿਸਾਨ ਨੇ ਸਲਫਾਸ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਬਜ਼ੁਰਗ ਕਿਸਾਨ ਰਘਬੀਰ ਸਿੰਘ ਪੁੱਤਰ ਭਜਨ ਸਿੰਘ ਵਾਸੀ ਸਿਆਮੀਪੁਰ ਪਿੰਡ ਵਿਚ ਖੇਤੀਬਾਡ਼ੀ ਸਮੇਤ ਮੱਝਾਂ-ਗਊ ਦੀ ਖਰੀਦੋ-ਫਰੋਖਤ ਅਤੇ ਦੁੱਧ ਦਾ ਕਾਰੋਬਾਰ ਕਰਦਾ ਸੀ। ਮ੍ਰਿਤਕ ਕਿਸਾਨ ਸਿਰ ਬੈਂਕ ਦਾ ਜਿਥੇ 6-7 ਲੱਖ ਕਰਜ਼ਾ ਸੀ, ਉਥੇ ਵਪਾਰ ਵਿਚ ਘਾਟਾ ਦਰ ਘਾਟਾ ਪੈਣ ਕਾਰਨ ਕੁਝ ਸਮੇਂ ਤੋਂ ਪ੍ਰੇਸ਼ਾਨ ਚੱਲ ਰਿਹਾ ਸੀ। ਰੋਜ਼ਾਨਾ ਪੈਸੇ ਲੈਣ ਵਾਲੇ ਵਪਾਰੀ ਬਜ਼ੁਰਗ ਕਿਸਾਨ ਦੇ ਘਰ ਆਉਂਦੇ-ਜਾਂਦੇ ਪੈਸਿਆਂ ਦੀ ਮੰਗ ਕਰਦੇ ਸਨ ਪਰ ਉਹ ਸਿਰ ਚਡ਼੍ਹਿਆ ਕਰਜ਼ਾ ਲਾਹੁਣ ਤੋਂ ਅਸਮਰਥ ਸੀ। ਮ੍ਰਿਤਕ ਦੇ ਪੁੱਤਰ ਬਲਜਿੰਦਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਕਰਜ਼ਾਈ ਹੋਣ ਕਾਰਨ ਮੇਰੇ ਪਿਤਾ ਨੇ ਮਾਨਸਿਕ ਪ੍ਰੇਸ਼ਾਨੀ ਕਾਰਨ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ।

ਐੱਸ. ਐੱਚ. ਓ. ਭਗਵੰਤ ਸਿੰਘ ਅਤੇ ਜਾਂਚ ਅਫਸਰ ਹਰਪਾਲ ਸਿੰਘ ਅਨੁਸਾਰ ਬਲਜਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਅਧੀਨ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ ਅਤੇ ਪੋਰਸਮਾਰਟਮ ਕਰਵਾਉਣ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਇਸੇ ਦੌਰਾਨ ਪਰਿਵਾਰ ਨੇ ਦਾਅਵਾ ਕੀਤਾ ਕਿ ਮ੍ਰਿਤਕ ਕਿਸਾਨ ਜੋ ਕਿ ਅਨਪਡ਼੍ਹ ਸੀ, ਨੇ ਆਪਣੀ ਮੌਤ ਸਬੰਧੀ ਕਿਸੇ ਤੋਂ ਖੁਦਕੁਸ਼ੀ ਨੋਟ ਲਿਖਵਾਇਆ, ਜਿਸ ਵਿਚ ਉਸ ਨੇ ਅੰਗੂਠਾ ਲਾਇਆ ਹੋਇਆ ਹੈ। ਇਸ ਨੋਟ ਵਿਚ ਖੁਦਕੁਸ਼ੀ ਦਾ ਕਾਰਨ ਮਾਨਸਿਕ ਪ੍ਰੇਸ਼ਾਨੀ ਬਿਆਨਦਿਆਂ ਕੁਝ ਵਿਅਕਤੀਆਂ ਦੇ ਨਾਂ ਵੀ ਲਿਖੇ ਹਨ। ਐੱਸ. ਐੱਚ. ਓ. ਭਗਵੰਤ ਸਿੰਘ ਅਨੁਸਾਰ ਪੁਲਸ ਵਲੋਂ ਖੁਦਕੁਸ਼ੀ ਨੋਟ ਸਬੰਧੀ ਪਡ਼ਤਾਲ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।