ਮਾਂ ਦੀ ਮਮਤਾ ਸ਼ਰਮਸਾਰ, 3 ਪੁੱਤ ਪਰ 80 ਸਾਲਾ ਮਾਂ ਦੀ ਦੇਖ-ਰੇਖ ਨੂੰ ਕੋਈ ਨਹੀਂ ਤਿਆਰ

02/11/2020 6:41:30 PM

ਜਲੰਧਰ (ਚੋਪੜਾ)— ਸਰ ਮੇਰੇ ਲੜਕੇ ਮੈਨੂੰ ਪ੍ਰੇਸ਼ਾਨ ਕਰ ਰਹੇ ਹਨ, ਮੇਰੇ ਮਕਾਨ 'ਤੇ ਕਬਜ਼ਾ ਕਰ ਲਿਆ ਗਿਆ ਹੈ, ਕੋਈ ਮੇਰਾ ਇਲਾਜ ਨਹੀਂ ਕਰਵਾ ਰਿਹਾ। ਕੋਈ ਮੈਨੂੰ ਆਪਣੇ ਨਾਲ ਰੱਖਣ ਲਈ ਤਿਆਰ ਨਹੀਂ ਹੈ। ਅਜਿਹੇ ਸ਼ਬਦ ਬੀਤੇ ਦਿਨ ਜ਼ਿਲਾ ਪ੍ਰਸ਼ਾਸਨਿਕ ਕੰਪਲੈਕਸ ਦੇ ਪਾਰਕਿੰਗ ਸਥਾਨ 'ਤੇ ਉਸ ਸਮੇਂ ਸੁਣਨ ਨੂੰ ਮਿਲੇ ਜਦੋਂ ਐੱਸ. ਡੀ. ਐੱਮ.-2 ਰਾਹੁਲ ਸਿੱਧੂ 80 ਸਾਲ ਦੀ ਬਜ਼ੁਰਗ ਔਰਤ ਈਸ਼ਵਰ ਕੌਰ ਦੀ ਫਰਿਆਦ ਸੁਣਨ ਲਈ ਆਪਣੀ ਕੋਰਟ ਨੂੰ ਵਿਚੇ ਹੀ ਛੱਡ ਕੇ ਪਾਰਕਿੰਗ 'ਚ ਪਹੁੰਚੇ ਅਤੇ ਉਥੇ ਹੀ ਅਦਾਲਤ ਲਾ ਕੇ ਔਰਤ ਦੇ ਬਿਆਨ ਲਏ।

ਇਸ ਦੌਰਾਨ ਕਾਰ 'ਚ ਬੈਠੀ ਔਰਤ ਨੇ ਰੋਂਦੇ ਹੋਏ ਰਾਹੁਲ ਸਿੱਧੂ ਨੂੰ ਦੱਸਿਆ ਕਿ ਉਸ ਦੇ 3 ਲੜਕੇ ਅਤੇ 1 ਲੜਕੀ ਹੈ। ਸ਼ਹਿਰ ਦੇ ਦਿਲਬਾਗ ਨਗਰ 'ਚ ਉਨ੍ਹਾਂ ਦਾ 15 ਮਰਲੇ ਦਾ ਮਕਾਨ ਹੈ, ਉਥੇ ਉਹ ਆਪਣੇ ਛੋਟੇ ਲੜਕੇ ਜਤਿੰਦਰ ਸਿੰਘ ਅਤੇ ਨੂੰਹ ਨਾਲ ਰਹਿੰਦੀ ਸੀ। ਔਰਤ ਨੇ ਦੋਸ਼ ਲਾਇਆ ਕਿ ਉਸ ਦੇ ਲੜਕੇ ਨੇ ਸਾਲ 2016-17 'ਚ ਦੋ ਵਾਰ ਵਸੀਅਤ ਕਰਵਾਉਣ ਦੇ ਨਾਂ 'ਤੇ ਉਸ ਤੋਂ ਮਕਾਨ ਦੀ ਰਜਿਸਟਰੀ ਆਪਣੇ ਨਾਂ ਕਰਵਾ ਲਈ, ਜਿਸ ਤੋਂ ਬਾਅਦ ਉਸ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਨਾ ਤਾਂ ਉਸ ਦੀ ਸੇਵਾ ਹੋ ਰਹੀ ਹੈ ਅਤੇ ਨਾ ਹੀ ਇਲਾਜ ਕਰਵਾਇਆ ਜਾ ਰਿਹਾ ਹੈ।

ਈਸ਼ਵਰ ਕੌਰ ਨੇ ਦੱਸਿਆ ਕਿ ਉਸ ਦੇ 2 ਲੜਕੇ ਹਨ ਅਤੇ ਉਹ ਉਨ੍ਹਾਂ ਕੋਲ ਰਹਿਣ ਗਈ ਸੀ ਪਰ ਮੇਰੇ ਕੋਲ ਕੋਈ ਪ੍ਰਾਪਰਟੀ ਨਾ ਹੋਣ ਕਾਰਨ ਉਨ੍ਹਾਂ ਨੇ ਮੈਨੂੰ ਆਪਣੇ ਨਾਲ ਨਹੀਂ ਰੱਖਿਆ ਅਤੇ ਮੈਨੂੰ ਆਪਣੇ ਘਰੋਂ ਕੱਢ ਦਿੱਤਾ ਅਤੇ ਹੁਣ ਮਜਬੂਰਨ ਉਹ ਆਪਣੀ ਲੜਕੀ ਨਾਲ ਰਹਿੰਦੀ ਹੈ। ਈਸ਼ਵਰ ਕੌਰ ਨੇ ਦੱਸਿਆ ਕਿ ਧੋਖੇ ਨਾਲ ਕਰਵਾਈਆਂ ਰਜਿਸਟਰੀਆਂ ਨੂੰ ਰੱਦ ਕਰਕੇ ਉਸ ਦੀ ਪ੍ਰਾਪਰਟੀ ਨੂੰ ਵਾਪਸ ਦਿਵਾਉਣ ਦੀ ਅਪੀਲ ਉਸ ਨੇ ਐੱਸ. ਡੀ. ਐੱਮ. ਨੂੰ ਕੀਤੀ ਹੈ। ਔਰਤ ਦੇ ਬਿਆਨ ਸੁਣਨ ਤੋਂ ਬਾਅਦ ਐੱਸ. ਡੀ. ਐੱਮ. ਨੇ ਕੇਸ ਦੀ ਅਗਲੀ ਤਰੀਕ 19 ਫਰਵਰੀ ਨਿਰਧਾਰਤ ਕੀਤੀ ਹੈ।

ਸੀਨੀਅਰ ਸਿਟੀਜ਼ਨ ਔਰਤ ਕੋਰਟ ਤਕ ਨਾ ਆ ਸਕੀ, ਜਿਸ ਕਾਰਨ ਖੁਦ ਜਾ ਕੇ ਲਏ ਬਿਆਨ : ਰਾਹੁਲ ਸਿੱਧੂ
ਇਸ ਸਬੰਧੀ ਰਾਹੁਲ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਅਦਾਲਤ 'ਚ ਚੱਲ ਰਹੇ ਕੇਸ ਸਬੰਧੀ ਸੀਨੀਅਰ ਸਿਟੀਜ਼ਨ ਕਾਰ 'ਚ ਪ੍ਰਸ਼ਾਸਨਿਕ ਅਦਾਲਤ ਤਕ ਆ ਗਈ ਪਰ ਬੀਮਾਰ ਹੋਣ ਕਾਰਨ ਉਹ ਕੋਰਟ ਤਕ ਨਹੀਂ ਆ ਸਕੀ, ਜਿਸ ਕਾਰਨ ਖੁਦ ਪਾਰਕਿੰਗ ਸਥਾਨ 'ਚ ਪਹੁੰਚ ਕੇ ਕਾਰ 'ਚ ਬੈਠੀ ਔਰਤ ਕੋਲ ਜਾ ਕੇ ਉਨ੍ਹਾਂ ਦੇ ਬਿਆਨ ਲੈਣ ਪਹੁੰਚੇ। ਉਨ੍ਹਾਂ ਕਿਹਾ ਕਿ ਔਰਤ ਦੇ ਬਿਆਨਾਂ ਨੂੰ ਆਨ ਰਿਕਾਰਡ ਲੈ ਲਿਆ ਗਿਆ ਹੈ, ਹੁਣ ਕੇਸ 'ਚ ਦੂਜੇ ਪੱਖ ਅਤੇ ਕੋਰਟ ਕਾਰਵਾਈ ਪੂਰੀ ਹੋਣ ਤੋਂ ਬਾਅਦ ਅਦਾਲਤ ਆਪਣਾ ਫੈਸਲਾ ਦੇਵੇਗੀ।

ਐੱਸ. ਡੀ. ਐੱਮ. ਕੋਲ ਹੈ ਰਜਿਸਟਰੀ ਰੱਦ ਕਰਨ ਦੀ ਪਾਵਰ
ਸੀਨੀਅਰ ਸਿਟੀਜ਼ਨ ਐਕਟ ਦੀ ਧਾਰਾ 23 'ਚ ਐੱਸ. ਡੀ. ਐੱਮ. ਕੋਰਟ ਦੇ ਕੋਲ ਅਧਿਕਾਰ ਹੈ ਕਿ ਉਹ ਮਾਤਾ-ਪਿਤਾ ਵੱਲੋਂ ਕਰਵਾਈ ਰਜਿਸਟਰੀ ਨੂੰ ਰੱਦ ਕਰ ਸਕਦੇ ਹਨ। ਇਸ ਐਕਟ ਅਨੁਸਾਰ ਜੇਕਰ ਬੱਚੇ ਜਾਇਦਾਦ ਲੈਣ ਦੇ ਬਾਅਦ ਮਾਂ-ਬਾਪ ਦੀ ਸੇਵਾ ਨਾ ਕਰਨ ਤਾਂ ਉਨ੍ਹਾਂ ਜਬਰਨ ਬਾਹਰ ਕੱਢ ਦੇਣ ਤਾਂ ਮਾਤਾ-ਪਿਤਾ ਦੇ ਕੇਸ ਕਰਨ 'ਤੇ ਉਨ੍ਹਾਂ ਵੱਲੋਂ ਕਰਵਾਈ ਪ੍ਰਾਪਰਟੀ ਦੀ ਰਜਿਸਟਰੀ ਨੂੰ ਰੱਦ ਵੀ ਕੀਤਾ ਜਾ ਸਕਦਾ ਹੈ।

ਲੜਕੇ ਅਤੇ ਨੂੰਹ ਨੇ ਕਿਹਾ, ਮਾਤਾ ਦੀ ਪੂਰੀ ਤਰ੍ਹਾਂ ਨਾਲ ਸੇਵਾ ਕੀਤੀ
ਇਸ ਸਬੰਧੀ ਈਸ਼ਵਰ ਕੌਰ ਜਦੋਂ ਐੱਸ. ਡੀ. ਐੱਮ. ਰਾਹੁਲ ਸਿੱਧੂ ਨੂੰ ਦੱਸ ਰਹੀ ਸੀ ਤਾਂ ਉਸ ਸਮੇਂ ਉਸ ਦਾ ਲੜਕਾ, ਲੜਕੀ ਅਤੇ ਹੋਰ ਰਿਸ਼ਤੇਦਾਰ ਵੀ ਉਥੇ ਮੌਜੂਦ ਸਨ। ਮਾਂ ਦੇ ਰੋਂਦੇ ਹੋਏ ਆਪਣੀ ਦਾਸਤਾਨ ਸੁਣਾਉਂਦੇ ਹੋਏ ਲੜਕੇ ਅਤੇ ਨੂੰਹ ਨੇ ਮਾਂ ਦੀ ਸੇਵਾ ਨਾ ਕਰਨ ਦੇ ਦੋਸ਼ਾਂ ਨੂੰ ਖਾਰਿਜ ਕੀਤਾ ਅਤੇ ਕਿਹਾ ਕਿ ਉਹ ਮਾਂ ਦੀ ਪੂਰੀ ਤਰ੍ਹਾਂ ਸੇਵਾ ਕਰਦੇ ਹਨ, ਅੱਜ ਵੀ ਉਹ ਮਾਂ ਨੂੰ ਆਪਣੇ ਨਾਲ ਲਿਜਾਣ ਲਈ ਤਿਆਰ ਹਨ ਪਰ ਬਜ਼ੁਰਗ ਔਰਤ ਨੇ ਉਨ੍ਹਾਂ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਮੈਨੂੰ ਮੇਰਾ ਮਕਾਨ ਵਾਪਸ ਦਿਵਾਇਆ ਜਾਵੇ, ਜਿਸ ਨੂੰ ਵੇਚ ਕੇ ਮੈਂ ਕੋਈ ਛੋਟਾ ਮਕਾਨ ਲੈ ਲਵਾਂਗੀ ਅਤੇ ਬਾਕੀ ਪੈਸਿਆਂ ਨਾਲ ਆਪਣਾ ਇਲਾਜ ਅਤੇ ਇਕ ਕੇਅਰ ਟੇਕਰ ਰੱਖ ਕੇ ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ ਨੂੰ ਗੁਜ਼ਾਰ ਲਵਾਂਗੀ।


shivani attri

Content Editor

Related News