ਏਕਮ ਹੱਤਿਆ ਕਾਂਡ : ਅਦਾਲਤ ''ਚ ਲਾਸ਼ ਵਾਲਾ ਅਟੈਚੀ ਪੇਸ਼, ਬੀ. ਐੈੱਮ. ਡਬਲਿਊ. ਕਾਰ ''ਤੇ ਰੁਕਿਆ ਕੇਸ

08/19/2017 5:56:32 PM

ਮੋਹਾਲੀ (ਕੁਲਦੀਪ)-ਏਕਮ ਢਿੱਲੋਂ ਹੱਤਿਆ ਕਾਂਡ ਦੀ ਸੁਣਵਾਈ ਅੱਜ ਜ਼ਿਲਾ ਅਦਾਲਤ ਵਿਚ ਹੋਈ । ਮ੍ਰਿਤਕ ਏਕਮ ਢਿੱਲੋਂ ਦੀ ਪਤਨੀ ਸੀਰਤ ਢਿੱਲੋਂ ਨੂੰ ਲੁਧਿਆਣਾ ਜੇਲ ਤੋਂ ਲਿਆ ਕੇ ਜ਼ਿਲਾ ਤੇ ਸੈਸ਼ਨਜ਼ ਜੱਜ ਅਰਚਨਾ ਪੁਰੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ । ਕੇਸ ਵਿਚ ਅੱਜ ਮ੍ਰਿਤਕ ਦੇ ਭਰਾ ਦਰਸ਼ਨ ਸਿੰਘ ਢਿੱਲੋਂ ਦੇ ਬਿਆਨ ਦਰਜ ਕੀਤੇ ਗਏ । 
ਜੱਜ ਵਲੋਂ ਕੇਸ ਦੀ ਸੁਣਵਾਈ ਦੌਰਾਨ ਕੇਸ ਪ੍ਰਾਪਰਟੀ ਅਦਾਲਤ ਵਿਚ ਪੇਸ਼ ਕਰਨ ਲਈ ਕਿਹਾ ਗਿਆ । ਪੁਲਸ ਨੇ ਲਾਸ਼ ਵਾਲੇ ਅਟੈਚੀ ਕੇਸ ਸਮੇਤ ਹੋਰ ਕੇਸ ਪ੍ਰਾਪਰਟੀ, ਜਿਸ ਵਿਚ ਗੁਰਦੁਆਰਾ ਸਾਹਿਬ ਫੇਜ਼-8 ਦੇ ਕੋਲ ਖੂਨ ਵਾਲੇ ਕੱਪੜਿਆਂ ਨੂੰ ਸਾੜਨ ਤੋਂ ਬਾਅਦ ਵਾਲੀ ਸੁਆਹ ਤੇ ਹੋਰ ਸੈਂਪਲ ਆਦਿ ਤਾਂ ਅਦਾਲਤ ਵਿਚ ਪੇਸ਼ ਕਰ ਦਿੱਤੇ ਪਰ ਉਸ ਬੀ. ਐੈੱਮ. ਡਬਲਿਊ. ਕਾਰ ਨੂੰ ਪੇਸ਼ ਨਹੀਂ ਕੀਤਾ, ਜਿਸ ਵਿਚ ਸੀਰਤ ਢਿੱਲੋਂ ਲਾਸ਼ ਨੂੰ ਟਿਕਾਣੇ ਲਾਉਣ ਲਈ ਲੈ ਕੇ ਜਾ ਰਹੀ ਸੀ । ਕੇਸ ਦੀ ਸੁਣਵਾਈ ਲੰਮੀ ਚੱਲੀ ਪਰ ਜਿਸ ਸਮੇਂ ਜੱਜ ਨੇ ਕਾਰ ਬਾਰੇ ਪੁੱਛਿਆ ਤਾਂ ਮਾਲਖਾਨੇ ਦੇ ਸਟਾਫ ਨੇ ਕਿਹਾ ਕਿ ਅੱਜ ਕਾਰ ਨੂੰ ਲਿਆਉਣਾ ਸੰਭਵ ਨਹੀਂ ਹੈ । ਮਾਣਯੋਗ ਅਦਾਲਤ ਨੇ ਉਥੇ ਹੀ ਕੇਸ ਦੀ ਕਾਰਵਾਈ ਰੋਕ ਦਿੱਤੀ ਤੇ ਕੇਸ ਦੀ ਸੁਣਵਾਈ 21 ਅਗਸਤ ਨੂੰ ਨਿਸ਼ਚਿਤ ਕਰਦੇ ਹੋਏ ਕਾਰ ਸਮੇਤ ਮੁਕੰਮਲ ਕੇਸ ਪ੍ਰਾਪਰਟੀ ਅਦਾਲਤ ਵਿਚ ਲਿਆਉਣ ਲਈ ਕਿਹਾ । 
ਅਦਾਲਤ ਫਾਸਟ ਟਰੈਕ ਢੰਗ ਨਾਲ ਨਿਪਟਾ ਰਹੀ ਕੇਸ  : ਜ਼ਿਲਾ ਅਤੇ ਸੈਸ਼ਨਜ਼ ਅਦਾਲਤ ਇਸ ਕੇਸ ਨੂੰ ਫਾਸਟ ਟਰੈਕ ਕੋਰਟ ਵਾਂਗ ਨਿਪਟਾ ਰਹੀ ਹੈ ਤੇ ਬਹੁਤ ਜਲਦ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ । ਮਤਲਬ ਇਹ ਕਿ ਮਾਣਯੋਗ ਅਦਾਲਤ ਨੇ ਇਸ ਕੇਸ ਵਿਚ ਚਾਰਜ ਫਰੇਮ ਹੋਣ ਤੋਂ ਬਾਅਦ ਟਰਾਇਲ ਦੇ ਸ਼ੁਰੂ ਵਿਚ ਹੀ ਤਿੰਨ ਤਰੀਕਾਂ 17 ਤੋਂ 19 ਅਗਸਤ ਨਿਸ਼ਚਿਤ ਕਰ ਦਿੱਤੀਆਂ ਸਨ, ਤਾਂ ਕਿ ਕੇਸ ਨੂੰ ਤੇਜ਼ੀ ਨਾਲ ਨਿਪਟਾਇਆ ਜਾਵੇ ਪਰ ਬੀਤੇ ਦਿਨ 17 ਅਗਸਤ ਨੂੰ ਸੀਰਤ ਢਿੱਲੋਂ ਨੂੰ ਨਾਭਾ ਜੇਲ ਤੋਂ ਲੁਧਿਆਣਾ ਸ਼ਿਫਟ ਕਰਨ ਕਰਕੇ ਕੇਸ ਦੀ ਸੁਣਵਾਈ ਨਹੀਂ ਹੋ ਸਕੀ । 
ਅੱਜ ਦੂਜੇ ਦਿਨ 18 ਅਗਸਤ ਨੂੰ ਜੇਕਰ ਸੀਰਤ ਢਿੱਲੋਂ ਅਦਾਲਤ ਵਿਚ ਪੇਸ਼ ਕੀਤੀ ਗਈ ਤਾਂ ਏਕਮ ਢਿੱਲੋਂ ਦੇ ਭਰਾ ਦਰਸ਼ਨ ਢਿੱਲੋਂ ਨੇ ਅਦਾਲਤ ਵਿਚ ਕਿਹਾ ਕਿ ਉਸਦੀ ਅੱਜ ਤਬੀਅਤ ਖ਼ਰਾਬ ਹੈ । ਅਦਾਲਤ ਨੇ ਉਸਨੂੰ ਕੋਈ ਵੀ ਢਿੱਲ ਦੇਣ ਤੋਂ ਮਨ੍ਹਾ ਕਰਦੇ ਹੋਏ ਕਿਹਾ ਕਿ ਅੱਜ ਹਰ ਹਾਲਤ ਵਿਚ ਬਿਆਨ ਦਰਜ ਕਰਵਾਉਣੇ ਹੋਣਗੇ । ਜੱਜ ਨੇ ਅਦਾਲਤ ਦੇ ਸਟਾਫ਼ ਨੂੰ ਕਹਿ ਕੇ ਦਰਸ਼ਨ ਢਿੱਲੋਂ ਨੂੰ ਬੈਠ ਕੇ ਬਿਆਨ ਦਰਜ ਕਰਵਾਉਣ ਲਈ ਸਟੂਲ ਮੁਹੱਈਆ ਕਰਵਾਇਆ ਤੇ ਕਿਹਾ ਕਿ ਤੁਸੀਂ ਬੈਠ ਕੇ ਆਰਾਮ ਨਾਲ ਬਿਆਨ ਦਰਜ ਕਰਵਾਓ। ਉਸ ਉਪਰੰਤ ਦਰਸ਼ਨ ਨੇ ਬੈਠ ਕੇ ਆਪਣੇ ਬਿਆਨ ਦਰਜ ਕਰਵਾਏ ।  ਇਸ ਦੌਰਾਨ ਜਦੋਂ ਅਦਾਲਤ ਨੇ ਬੀ. ਐੈੱਮ. ਡਬਲਿਊ. ਕਾਰ ਪੇਸ਼ ਕਰਨ ਨੂੰ ਕਿਹਾ ਤਾਂ ਮਟੌਰ ਥਾਣੇ ਤੋਂ ਮਾਲਖਾਨਾ ਮੁਨਸ਼ੀ ਨੇ ਕਿਹਾ ਕਿ ਕਾਰ ਠੀਕ ਕਰਵਾ ਕੇ ਅਦਾਲਤ ਵਿਚ ਪੇਸ਼ ਕੀਤੀ ਜਾਵੇਗੀ, ਜਿਸ ਦੌਰਾਨ ਅਦਾਲਤ ਨੇ ਕੇਸ ਦੀ ਕਾਰਵਾਈ ਉਥੇ ਹੀ ਰੋਕ ਦਿੱਤੀ ਤੇ ਅਗਲੀ ਸੁਣਵਾਈ ਹੁਣ 19 ਅਗਸਤ ਦੀ ਬਜਾਇ 21 ਅਗਸਤ ਨੂੰ ਨਿਸ਼ਚਿਤ ਕਰ ਦਿੱਤੀ। 
ਅੱਜ ਅਦਾਲਤ ਵਿਚ ਉਸ ਸਮੇਂ ਮੌਕੇ ਦਾ ਚਸ਼ਮਦੀਦ ਗਵਾਹ ਆਟੋ ਚਾਲਕ ਤੁੱਲ ਬਹਾਦਰ ਵੀ ਹਾਜ਼ਰ ਸੀ, ਜਿਸ ਦੇ ਬਿਆਨ ਦਰਜ ਕੀਤੇ ਜਾਣੇ ਸਨ ਪਰ ਦਰਸ਼ਨ ਢਿੱਲੋਂ ਦੇ ਬਿਆਨ ਪੂਰੇ ਨਾ ਹੋਣ ਕਾਰਨ ਤੁੱਲ ਬਹਾਦਰ ਦੇ ਬਿਆਨ ਵੀ ਦਰਜ ਨਹੀਂ ਹੋ ਸਕੇ ।
ਕੀ ਹੈ ਮਾਮਲਾ
ਦੱਸਣਯੋਗ ਹੈ ਕਿ ਇਸੇ ਸਾਲ 19 ਮਾਰਚ 2017 ਨੂੰ ਏਕਮ ਢਿੱਲੋਂ ਦੀ ਲਾਸ਼ ਨੂੰ ਟਿਕਾਣੇ ਲਾਉਣ ਜਾ ਰਹੀ ਉਸਦੀ ਪਤਨੀ ਸੀਰਤ ਢਿੱਲੋਂ ਦਾ ਭੇਦ ਉਸ ਸਮੇਂ ਖੁੱਲ੍ਹ ਗਿਆ ਸੀ, ਜਦੋਂ ਉਹ ਲਾਸ਼ ਵਾਲਾ ਸੂਟਕੇਸ ਆਪਣੀ ਬੀ. ਐੈੱਮ. ਡਬਲਿਊ. ਕਾਰ ਵਿਚ ਰੱਖਣ ਲਈ ਆਟੋ ਚਾਲਕ ਤੁੱਲ ਬਹਾਦਰ ਤੋਂ ਮਦਦ ਮੰਗ ਰਹੀ ਸੀ । ਜਿਵੇਂ ਹੀ ਆਟੋ ਚਾਲਕ ਨੂੰ ਪਤਾ ਲੱਗਾ ਤਾਂ ਉਸਨੇ ਪੁਲਸ ਨੂੰ ਸੂਚਿਤ ਕਰ ਦਿੱਤਾ ਸੀ ਤੇ ਸੀਰਤ ਢਿੱਲੋਂ ਮੌਕੇ ਤੋਂ ਫਰਾਰ ਹੋ ਗਈ ਸੀ । ਉਸ ਤੋਂ ਬਾਅਦ ਉਸਨੇ 10 ਅਪ੍ਰੈਲ ਨੂੰ ਪੁਲਸ ਕੋਲ ਆਤਮ-ਸਮਰਪਣ ਕਰ ਦਿੱਤਾ ਸੀ । 
ਪੁਲਸ ਨੇ 15 ਜੂਨ ਨੂੰ ਇਸ ਕੇਸ ਵਿਚ 100 ਪੰਨਿਆਂ ਦਾ ਚਲਾਨ ਵੀ ਪੇਸ਼ ਕਰ ਦਿੱਤਾ ਸੀ, ਜਿਸ ਵਿਚ ਆਟੋ ਚਾਲਕ ਸਮੇਤ ਕੁਲ 55 ਲੋਕਾਂ ਨੂੰ ਸਰਕਾਰੀ ਗਵਾਹ ਬਣਾਇਆ ਗਿਆ ਹੈ । ਅਦਾਲਤ ਨੇ 19 ਜੁਲਾਈ ਨੂੰ ਸੀਰਤ ਢਿੱਲੋਂ ਖਿਲਾਫ ਚਾਰਜ ਫਰੇਮ ਕਰ ਦਿੱਤੇ ਸਨ ਤੇ 17 ਅਗਸਤ ਤੋਂ ਕੇਸ ਦਾ ਟਰਾਇਲ ਸ਼ੁਰੂ ਹੋ ਗਿਆ ਹੈ ।