ਲੁਧਿਆਣਾ : ਜਾਮਾ ਮਸਜਿਦ ''ਚ ''ਈਦ'' ਦੀਆਂ ਰੌਣਕਾਂ, ਆਪਸੀ ਦਾਇਰਾ ਬਣਾ ਅਦਾ ਕੀਤੀ ਗਈ ''ਨਮਾਜ਼''

05/25/2020 10:07:27 AM

ਲੁਧਿਆਣਾ (ਨਰਿੰਦਰ) : ਪੂਰੀ ਦੁਨੀਆ 'ਚ ਅੱਜ 'ਈਦ' ਦਾ ਤਿਉਹਾਰ ਮਨਾਇਆ ਜਾ ਰਿਹਾ ਹੈ, ਹਾਲਾਂਕਿ ਕੋਰੋਨਾ ਵਾਇਰਸ ਦਾ ਅਸਰ ਇਸ ਤਿਉਹਾਰ 'ਤੇ ਵੀ ਦਿਖਾਈ ਦਿੱਤਾ ਹੈ। ਇਸ ਦੇ ਮੱਦੇਨਜ਼ਰ ਮਸਜਿਦਾਂ 'ਚ ਜ਼ਿਆਦਾ ਭੀੜ ਇਕੱਠੀ ਨਹੀਂ ਹੋਣ ਦਿੱਤੀ ਗਈ ਅਤੇ ਕੁੱਝ ਹੀ ਲੋਕਾਂ ਨੂੰ ਸੱਦ ਕੇ ਈਦ ਦੀ ਨਮਾਜ਼ ਅਦਾ ਕਰਵਾਈ ਗਈ। ਲੁਧਿਆਣਾ ਦੀ ਜਾਮਾ ਮਸਜਿਦ ਵਿਖੇ ਵੀ ਕੁੱਝ ਲੋਕ ਹੀ ਆਏ ਅਤੇ ਉਨ੍ਹਾਂ ਵੱਲੋਂ ਆਪਸ 'ਚ ਦਾਇਰਾ ਬਣਾ ਕੇ ਖੁਦ ਨੂੰ ਸੈਨੇਟਾਈਜ਼ ਕਰ ਕੇ ਨਮਾਜ਼ ਅਦਾ ਕੀਤੀ ਗਈ। ਇਸ ਦੌਰਾਨ ਜਾਮਾ ਮਸਜਿਦ ਦੇ ਨਾਇਬ ਸ਼ਾਹੀ ਇਮਾਮ ਨੇ ਸਮੁੱਚੀ ਮਨੁੱਖਤਾ ਨੂੰ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਅਤੇ ਇਸ ਬੀਮਾਰੀ ਨਾਲ ਇਕਜੁੱਟ ਹੋ ਕੇ ਲੜਨ ਦਾ ਸੁਨੇਹਾ ਵੀ ਦਿੱਤਾ।
ਨਾਇਬ ਸ਼ਾਹੀ ਇਮਾਮ ਨੇ ਕਿਹਾ ਕਿ ਅੱਜ ਪੂਰੇ ਵਿਸ਼ਵ 'ਚ ਈਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਵੀ ਸਾਵਧਾਨੀ ਵਰਤ ਕੇ ਈਦ ਦੀ ਨਮਾਜ਼ ਅਦਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰਿਆਂ ਨੇ ਨਵੇਂ ਕੱਪੜੇ ਲੈਣ ਦੀ ਥਾਂ ਪੁਰਾਣੇ ਕੱਪੜੇ ਪਾਏ ਹਨ ਅਤੇ ਨਵੇਂ ਕੱਪੜਿਆਂ ਦੇ ਪੈਸੇ ਲੋੜਵੰਦਾਂ ਨੂੰ ਦਾਨ ਕੀਤੇ ਹਨ। ਨਾਇਬ ਸ਼ਾਹੀ ਇਮਾਮ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਮੁੱਚੇ ਵਿਸ਼ਵ ਦੀ ਸਿਹਤਯਾਬੀ ਦੀ ਅੱਜ ਦੁਆ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬੀਮਾਰੀ ਦਾ ਕੋਈ ਧਰਮ ਨਹੀਂ ਹੁੰਦਾ, ਇਸ ਕਰਕੇ ਆਪਸੀ ਨਫ਼ਰਤ ਛੱਡ ਕੇ ਭਾਈਚਾਰਕ ਸਾਂਝ ਵਧਾਈ ਜਾਵੇ ਅਤੇ ਇਸ ਬੀਮਾਰੀ ਦਾ ਡੱਟ ਕੇ ਸਾਹਮਣਾ ਕੀਤਾ ਜਾਵੇ। 
 

Babita

This news is Content Editor Babita