ਸੰਤ ਸੀਚੇਵਾਲ ਦੇ ਯਤਨਾਂ ਸਦਕਾ ਰੂਸ ਦੀ ਜੇਲ੍ਹ ’ਚ ਫਸੇ 6 ਭਾਰਤੀ ਨੌਜਵਾਨ ਸਵਦੇਸ਼ ਪਰਤੇ, ਸੁਣਾਈ ਹੱਡਬੀਤੀ

12/27/2023 5:20:13 PM

ਸੁਲਤਾਨਪੁਰ ਲੋਧੀ (ਧੀਰ)-ਰੂਸ ਦੀ ਜੇਲ੍ਹ ’ਚ ਕੈਦ 6 ਭਾਰਤੀ ਨੌਜਵਾਨ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਵਾਪਸ ਆਪਣੇ ਘਰਾਂ ਨੂੰ ਪਰਤ ਆਏ ਹਨ। ਇਨ੍ਹਾਂ 6 ਨੌਜਵਾਨਾਂ ਵਿਚ 5 ਪੰਜਾਬੀ ਅਤੇ ਇਕ ਹਰਿਆਣਾ ਦਾ ਨੌਜਵਾਨ ਸ਼ਾਮਲ ਹੈ। ਪੰਜਾਬ ਦੇ ਨੌਜਵਾਨਾਂ ’ਚ ਫਾਜ਼ਿਲਕਾ ਦਾ ਬਲਵਿੰਦਰ ਸਿੰਘ, ਕਪੂਰਥਲਾ ਦਾ ਗੁਰਮੀਤ ਸਿੰਘ, ਗੁਰਦਾਸਪੁਰ ਦੇ ਗੁਰਵਿਸ਼ਵਾਸ਼ ਸਿੰਘ ਅਤੇ ਹਰਜੀਤ ਸਿੰਘ ਗੁਰਦਾਸਪੁਰ ਅਤੇ ਜਲੰਧਰ ਦਾ ਲਖਵੀਰ ਸਿੰਘ ਅਤੇ ਕਰਨਾਲ (ਹਰਿਆਣਾ) ਦਾ ਰਾਹੁਲ ਸ਼ਾਮਲ ਹੈ।

ਉਕਤ ਨੌਜਵਾਨਾਂ ਨੇ ਦੱਸਿਆ ਕਿ ਟ੍ਰੈਵਲ ਏਜੰਟ ਨੇ 13-13 ਲੱਖ ਰੁਪਏ ਲੈ ਕੇ ਸਾਨੂੰ ਸਪੇਨ ਭੇਜਣਾ ਸੀ। ਏਜੰਟ ਪਹਿਲਾਂ ਉਨ੍ਹਾਂ ਨੂੰ ਓਮਾਨ ਲੈ ਗਿਆ ਅਤੇ ਫਿਰ ਉਥੋਂ ਮਾਸਕੋ। ਮਾਸਕੋ ਤੋਂ ਬੇਲਾਰੂਸ ਲਿਜਾ ਕੇ ਉਥੋਂ ਪੈਦਲ ਜੰਗਲਾਂ ਰਾਹੀਂ ਪੁਰਤਗਾਲ ਅਤੇ ਲਾਤੀਵੀਆ ਰਾਹੀਂ ਯੂਰਪ ’ਚ ਦਾਖ਼ਲਾ ਕਰਵਉਣਾ ਸੀ ਪਰ ਉੱਥੇ ਫ਼ੌਜ ਨੇ ਉਨ੍ਹਾਂ ਨੂੰ ਫੜ ਲਿਆ ਅਤੇ ਕੁੱਟਮਾਰ ਕਰਕੇ ਫਿਰ ਬੇਲਾਰੂਸ ਦੇ ਜੰਗਲਾਂ ਵਿਚ ਛੱਡ ਦਿੱਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਖਾਣਾ ਬਹੁਤ ਘੱਟ ਸੀ ਅਤੇ ਜੰਗਲਾਂ ਵਿਚ 14-14 ਘੰਟੇ ਤੁਰਨਾ ਪੈਂਦਾ ਸੀ ਅਤੇ ਜੰਗਲਾਂ ਦੇ ਪੱਤੇ ਖਾ ਕੇ ਅਤੇ ਪਾਣੀ ਨਾਲ ਗੁਜ਼ਾਰਾ ਕਰਨਾ ਪੈਂਦਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਹ ਯੂਰਪ ਵਿਚ ਦਾਖ਼ਲ ਨਾ ਹੋ ਸਕੇ ਤਾਂ ਏਜੰਟ ਨੇ ਉਨ੍ਹਾਂ ਨੂੰ ਫਿਨਲੈਂਡ ਦਾ ਬਾਰਡਰ ਲੰਘਾਉਣ ਦੀ ਕੋਸ਼ਿਸ਼ ਕੀਤੀ, ਜਿਹੜੀ ਕਿ ਅਸਫ਼ਲ ਰਹੀ ਅਤੇ ਉੱਥੇ ਪੁਲਸ ਨੇ ਫੜ ਕੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ। ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰਦਿਆਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ 17 ਅਤੇ 20 ਦਸੰਬਰ ਨੂੰ ਸੰਪਰਕ ਕੀਤਾ।

ਇਹ ਵੀ ਪੜ੍ਹੋ : ਅੱਜ SIT ਅੱਗੇ ਪੇਸ਼ ਨਹੀਂ ਹੋਣਗੇ ਬਿਕਰਮ ਸਿੰਘ ਮਜੀਠੀਆ, ਜਾਣੋ ਕਿਉਂ

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਮਾਸਕੋ (ਰਸ਼ੀਆ) ਵਿਚਲੀ ਭਾਰਤੀ ਅੰਬੈਸੀ ਨਾਲ ਸੰਪਰਕ ਕੀਤਾ ਅਤੇ ਇਨ੍ਹਾਂ ਨੌਜਵਾਨਾਂ ਬਾਰੇ ਦੱਸਿਆ। ਭਾਰਤੀ ਅੰਬੈਸੀ ਨੇ ਤੁਰੰਤ ਕਾਰਵਾਈ ਕਰਦਿਆਂ ਇਨ੍ਹਾਂ ਨੌਜਵਾਨਾਂ ਨੂੰ ਚਾਰ-ਪੰਜ ਦਿਨਾਂ ਬਾਅਦ ਹੀ 24 ਦਸੰਬਰ ਨੂੰ ਵਾਪਸ ਭਾਰਤ ਭੇਜ ਦਿੱਤਾ। ਸੰਤ ਸੀਚੇਵਾਲ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਹੀ ਤਰੀਕਿਆਂ ਨਾਲ ਵਿਦੇਸ਼ ਜਾਣ। ਜਿਹੜੇ ਟ੍ਰੈਵਲ ਏਜੰਟ ਠੱਗੀ ਮਾਰਦੇ ਹਨ, ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਵਾਉਣ ਲਈ ਪੀੜਤ ਅੱਗੇ ਆਉਣ ਤਾਂ ਜੋ ਭਵਿੱਖ ਵਿਚ ਹੋਰ ਲੋਕਾਂ ਨੂੰ ਇਨ੍ਹਾਂ ਠੱਗ ਟ੍ਰੈਵਲ ਏਜੰਟਾਂ ਤੋਂ ਬਚਾਇਆ ਜਾ ਸਕੇ।

ਇਹ ਵੀ ਪੜ੍ਹੋ : ਜਲਦੀ ਵਿਆਹ ਕਰਵਾਉਣਾ ਚਾਹੁੰਦਾ ਸੀ ਪ੍ਰੇਮੀ, ਪ੍ਰੇਮਿਕਾ ਨੇ ਕੀਤਾ ਉਹ ਕਾਰਾ, ਜਿਸ ਨੂੰ ਵੇਖ ਪਰਿਵਾਰ ਦੇ ਵੀ ਉੱਡੇ ਹੋਸ਼

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

shivani attri

This news is Content Editor shivani attri