ਪੰਜਾਬ 'ਚ ਗਰਮੀਆਂ ਦੀਆਂ ਛੁੱਟੀਆਂ ਕੱਟ ਰਹੇ ਬੱਚਿਆਂ ਲਈ ਆਈ ਵੱਡੀ ਖ਼ਬਰ, ਧਿਆਨ ਦੇਣ ਮਾਪੇ

06/03/2023 12:06:23 PM

ਲੁਧਿਆਣਾ : ਪੰਜਾਬ ਭਰ ਦੇ ਸਕੂਲਾਂ 'ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਹੁਣ ਸਕੂਲ 2 ਜੁਲਾਈ ਨੂੰ ਮੁੜ ਖੁੱਲ੍ਹਣਗੇ। ਇਸ ਵਾਰ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਵਿਦਿਆਰਥੀਆਂ ਨੂੰ ਪੰਜਾਬ ਦੀ ਮਹਾਨ ਵਿਰਾਸਤ ਅਤੇ ਵਿਰਸੇ ਨਾਲ ਜੋੜਨ ਦਾ ਉਪਰਾਲਾ ਸ਼ੁਰੂ ਕਰ ਦਿੱਤਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਇਕ ਨਿਵੇਕਲੀ ਪਹਿਲ ਹੈ ਅਤੇ ਆਪ ਜੀ ਦੇ ਸਾਥ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ, ਪ੍ਰਾਈਵੇਟ ਅਤੇ ਏਡਿਡ ਸਕੂਲਾਂ, ਭਾਵੇਂ ਉਹ ਕਿਸੇ ਵੀ ਬੋਰਡ ਨਾਲ ਸਬੰਧਿਤ ਹੋਣ, ਦੇ ਵਿਦਿਆਰਥੀਆਂ ਨੂੰ ਪੰਜਾਬ ਦੀ ਮਹਾਨ ਵਿਰਾਸਤ ਅਤੇ ਵਿਰਸੇ ਨਾਲ ਜੋੜਨ ਦਾ ਉਪਰਾਲਾ ਸ਼ੁਰੂ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਓਡੀਸ਼ਾ ਟਰੇਨ ਹਾਦਸੇ 'ਤੇ CM ਮਾਨ ਨੇ ਜਤਾਇਆ ਦੁੱਖ, ਜ਼ਖਮੀਆਂ ਲਈ ਕੀਤੀ ਅਰਦਾਸ

ਉਨ੍ਹਾਂ ਨੇ ਦੱਸਿਆ ਕਿ ਸਕੂਲਾਂ ਵੱਲੋਂ ਦਿੱਤੇ ਹੋਮਵਰਕ ਦੇ ਨਾਲ-ਨਾਲ ਹੁਣ ਪਹਿਲੀ ਤੋਂ ਅੱਠਵੀਂ ਜਮਾਤ ਦੇ ਸਾਰੇ ਵਿਦਿਆਰਥੀ ਰੋਜ਼ਾਨਾ ਇਕ-ਇਕ ਠੇਠ ਪੰਜਾਬੀ ਦਾ ਸ਼ਬਦ ਲੱਭ ਕੇ ਯਾਦ ਕਰਨਗੇ (ਛੁੱਟੀਆਂ ਦੌਰਾਨ ਕੁੱਲ 30 ਸ਼ਬਦ)। ਇਸੇ ਤਰ੍ਹਾਂ ਪੰਜਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀ ਠੇਠ ਪੰਜਾਬੀ ਸ਼ਬਦਾਂ ਦੇ ਨਾਲ-ਨਾਲ ਦੇਸੀ ਮਹੀਨਿਆਂ ਦੇ ਨਾਂ (ਬਾਰਾ ਮਾਂਹ), ਇਨ੍ਹਾਂ ਦੇ ਸ਼ੁਰੂ ਹੋਣ ਦਾ ਸਮਾਂ ਅਤੇ ਦੇਸੀ ਮਹੀਨਿਆਂ ਦਾ ਰੁੱਤਾਂ ਨਾਲ ਸਬੰਧ ਯਾਦ ਕਰਨਗੇ।

ਇਹ ਵੀ ਪੜ੍ਹੋ : ਪੰਜਾਬ ਦੇ ਆਂਗਣਵਾੜੀ ਕੇਂਦਰਾਂ 'ਚ ਕਰੋੜਾਂ ਦਾ ਘਪਲਾ, ਮੁਲਜ਼ਮਾਂ ਖ਼ਿਲਾਫ਼ ਹੋਣ ਜਾ ਰਹੀ ਸਖ਼ਤ ਕਾਰਵਾਈ

ਸਿੱਖਿਆ ਮੰਤਰੀ ਨੇ ਕਿਹਾ ਕਿ ਉਮੀਦ ਹੈ ਕਿ ਸਾਡੇ ਇਸ ਨਿਵੇਕਲੇ ਉਪਰਾਲੇ ਨੂੰ ਸੂਬੇ ਦਾ ਸਾਰੇ ਸਕੂਲਾਂ ਦੇ ਵਿਦਿਆਰਥੀ ਅਤੇ ਮਾਪੇ ਪਸੰਦ ਕਰਨਗੇ ਅਤੇ ਅਲੋਪ ਹੋ ਰਹੇ ਪੰਜਾਬੀ ਸ਼ਬਦਾਂ ਨੂੰ ਖੋਜਣ ਦੀ ਜਗਿਆਸਾ ਅਤੇ ਉਨ੍ਹਾਂ ਬਾਰੇ ਸਮਝ ਵਿਕਸਿਤ ਹੋਣ ਨਾਲ ਨਵੀਂ ਪੀੜ੍ਹੀ ਪੁਰਾਣੇ ਸੱਭਿਆਚਾਰ ਨਾਲ ਜੁੜੇਗੀ। ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਪਹਿਲੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵਾਸਤੇ ਹਫ਼ਤਾਵਾਰੀ ਹੋਮਵਰਕ ਭੇਜਿਆ ਜਾ ਰਿਹਾ ਹੈ। ਵਿਦਿਆਰਥੀਆਂ ਦੇ ਮਨੋਵਿਗਿਆਨ ਅਨੁਸਾਰ ਤਿਆਰ ਕਰਵਾਏ ਹੋਮਵਰਕ ਦੌਰਾਨ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿ ਇਸ ਦਾ ਮਾਪਿਆਂ 'ਤੇ ਕੋਈ ਵੀ ਆਰਥਿਕ ਬੋਝ ਨਾ ਪਵੇ।


ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita