ਸਿੱਖਿਆ ਮੰਤਰੀ ਨੇ ਕਿੱਤਾ ਮੁਖੀ ਅਗਵਾਈ ਲਈ ਪੰਜਾਬ ਕਰੀਅਰ ਪੋਰਟਲ ਕੀਤਾ ਲੋਕ ਅਰਪਣ

11/16/2021 12:27:15 AM

ਚੰਡੀਗੜ੍ਹ- ਸਿੱਖਿਆ ਤੇ ਉਚੇਰੀ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਸੋਮਵਾਰ ਨੂੰ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਕਿੱਤਾ ਮੁਖੀ ਅਗਵਾਈ ਦੇਣ ਲਈ ਪੰਜਾਬ ਕਰੀਅਰ ਪੋਰਟਲ ਦਾ ਲੋਕ ਅਰਪਣ ਕੀਤਾ।

ਅੱਜ ਇਥੇ ਪੰਜਾਬ ਭਵਨ ਵਿਖੇ ਹੋਏ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਪਰਗਟ ਸਿੰਘ ਨੇ ਕਿਹਾ ਕਿ ਬੇਰੋਜਗਾਰੀ ਦੀ ਸਮੱਸਿਆ ਪਿੱਛੇ ਇਕ ਕਾਰਨ ਸਹੀ ਕਰੀਅਰ ਦੀ ਚੋਣ ਨਾ ਹੋਣਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਨੂੰ ਜੇਕਰ ਸਹੀ ਸਮੇਂ 'ਤੇ ਕਰੀਅਰ ਦੀ ਚੋਣ ਦੀ ਸੇਧ ਮਿਲ ਜਾਵੇ ਤਾਂ ਉਹ ਆਪਣੀ ਸਹੀ ਸਮਰੱਥਾ ਨਾਲ ਆਪਣੇ ਪਸੰਦ ਦੇ ਖੇਤਰ 'ਚ ਬਿਹਤਰ ਨਤੀਜੇ ਦੇ ਸਕਦਾ ਹੈ। ਉਨ੍ਹਾਂ ਆਪਣੀ ਨਿੱਜੀ ਗੱਲ ਸਾਂਝੀ ਕਰਦਿਆਂ ਕਿਹਾ ਕਿ ਜੇਕਰ ਉਹ ਹਾਕੀ ਖੇਡ ਦੀ ਬਜਾਏ ਕੋਈ ਹੋਰ ਖੇਡ ਅਪਣਾਉਂਦੇ ਤਾਂ ਸ਼ਾਇਦ ਇੰਨਾ ਵਧੀਆ ਨਾ ਖੇਡ ਸਕਦੇ।

ਪਰਗਟ ਸਿੰਘ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਕਿੱਤਾ ਅਗਵਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਵਿੱਚ ਬੱਚਿਆਂ ਨੂੰ ਆਨ-ਲਾਈਨ ਵੱਖ-ਵੱਖ ਕੋਰਸਾਂ, ਵਜੀਫਿਆਂ ਅਤੇ ਕਿੱਤਿਆਂ ਬਾਰੇ ਕਾਊਂਸਲਿੰਗ ਕਰਨ ਲਈ ਜਾਣਕਾਰੀ ਦੇਣ ਲਈ ਪੰਜਾਬ ਕਰੀਅਰ ਪੋਰਟਲ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਵੇਗਾ। ਉਨ੍ਹਾਂ ਕਿਹਾ ਕਿ 10 ਲੱਖ ਵਿਦਿਆਰਥੀ ਨੂੰ ਕਰੀਅਰ ਕਾਊਂਸਲਿੰਗ, ਕੋਰਸਾਂ, ਸਕਾਲਰਸ਼ਿਪ ਆਦਿ ਖੇਤਰਾਂ ਬਾਰੇ ਘਰ ਬੈਠਿਆ ਹੀ ਜਾਣਕਾਰੀ ਮਿਲੇਗੀ।

ਸਕੱਤਰ ਸਕੂਲ ਸਿੱਖਿਆ ਸ੍ਰੀ ਅਜੋਏ ਸਰਮਾ ਨੇ ਕਿਹਾ ਕਿ ਇਸ ਪੋਰਟਲ ਰਾਹੀਂ ਵਿਦਿਆਰਥੀਆਂ ਨੂੰ ਕਿਹੜੇ ਕਿੱਤੇ ਲਈ ਕਿਹੜੀਆਂ-ਕਿਹੜੀਆਂ ਵਿੱਦਿਅਕ ਯੋਗਤਾਵਾਂ ਅਤੇ ਕੌਸਲਾਂ ਦੀ ਲੋੜ ਹੈ, ਉਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਹ ਪੋਰਟਲ ਬੱਚੇ ਦੇ ਜੀਵਨ ਦੇ ਨਾਲ ਜੁੜਿਆ ਹੋਵੇਗਾ ਅਤੇ ਉਸਦੇ ਮਿੱਥੇ ਉਦੇਸ ਦੀ ਪ੍ਰਾਪਤੀ ਲਈ ਸਹਾਇਕ ਵੀ ਹੋਵੇਗਾ। ਇਸ ਪੋਰਟਲ ਨੂੰ ਸੋਸਲ ਮੀਡੀਆ ਰਾਹੀਂ ਵੀ ਵੱਧ ਤੋਂ ਵੱਧ ਪ੍ਰਚਾਰਿਆ ਜਾਵੇਗਾ ਤਾਂ ਜੋ ਇਸਦੀ ਮੁੱਢਲੀ ਸੂਚਨਾਂ ਵੱਧ ਤੋਂ ਵੱਧ ਬੱਚਿਆਂ ਅਤੇ ਮਾਪਿਆਂ ਤੱਕ ਪਹੁੰਚਾਈ ਜਾ ਸਕੇ।

ਡੀ.ਜੀ.ਐੱਸ.ਈ. ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਸਮੂਹ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਦਾ ਇਹ ਨਿਵੇਕਲਾ ਉਪਰਾਲਾ ਹੈ ਜਿਸ ਵਿੱਚ ਵਿਦਿਆਰਥੀਆਂ ਦੀਆਂ ਕਿੱਤੇ ਸਬੰਧੀ ਚੋਣ ਦੀਆਂ ਪੈਦਾ ਹੋ ਰਹੀਆਂ ਸਮੱਸਿਆਵਾਂ ਨੂੰ ਇੱਕ ਸਾਂਝੇ ਪਲੇਟਫਾਰਮ ਦੁਆਰਾ ਹੱਲ ਕੀਤਾ ਜਾ ਸਕੇਗਾ।

ਯੂਨੀਸੈਫ ਇੰਡੀਆ ਤੋਂ ਕਿੱਤਾ ਅਗਵਾਈ ਮਾਹਿਰ ਲਲਿਤਾ ਸਚਦੇਵਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਧੁਨਿਕ ਜਮਾਨੇ ਦੇ ਨਵੀਨਤਮ ਕਿੱਤਿਆਂ ਦੀਆਂ ਸੰਭਾਵਨਾਵਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਪੋਰਟਲ ਰਾਹੀਂ ਪੰਜਾਬ ਦੇ ਬੱਚਿਆਂ ਦੀਆਂ ਭਵਿੱਖ ਸਬੰਧੀ ਸੋਚ ਬਾਰੇ ਜਾਣਿਆ ਜਾਵੇਗਾ ਅਤੇ ਉਹਨਾਂ ਦੀਆਂ ਸਮੱਸਿਆਂਵਾਂ ਨੂੰ ਸਾਂਝੇ ਤੌਰ ਵਿਚਾਰਿਆ ਵੀ ਜਾਵੇਗਾ। ਉਨਾਂ ਨੂੰ ਖੁਸੀ ਹੈ ਕਿ ਇਹ ਪੰਜਾਬ ਕਰੀਅਰ ਪੋਰਟਲ ਇਨਾਂ ਸੰਭਾਵਨਵਾਂ ਲਈ ਮੌਕੇ ਪ੍ਰਦਾਨ ਕਰੇਗਾ।

ਆਸਮਾਂ ਫਾਊਂਡੇਸਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਆਯੁਸ਼ ਬਾਂਸਲ ਨੇ ਪੰਜਾਬ ਕਰੀਅਰ ਪੋਰਟਲ ਦੀ ਪ੍ਰਕਿਰਿਆ, ਵਰਤੋਂ ਅਤੇ ਇਸ ਦੀਆਂ ਵੱਖ-ਵੱਖ ਵਿਸੇਸਤਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨਾਂ ਕਿਹਾ ਕਿ ਇਸ ਪੋਰਟਲ ਰਾਹੀਂ ਵਿਦਿਆਰਥੀਆਂ ਦੇ ਕੌਸਲਾਂ ਅਤੇ ਵਿੱਦਿਅਕ ਯੋਗਤਾਵਾਂ ਬਾਰੇ ਜਾਣਕਾਰੀ ਮਿਲੇਗੀ। ਵਿਦਿਆਰਥੀ ਇਸ ਰਾਹੀਂ ਆਪਣੀ ਉਚੇਰੀ ਸਿੱਖਿਆ ਨੂੰ ਜਾਰੀ ਰੱਖਣ ਲਈ ਵੱਖ-ਵੱਖ ਵਿੱਦਿਅਕ ਸੰਸਥਾਨਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕਰ ਸਕਣਗੇ।

ਟਾਟਾ ਪਾਵਰ ਲਿਮਿਟਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਮੈਨੇਜਿੰਗ ਡਾਇਰੈਕਟਰ ਪਰਬੀਰ ਸਿਨਹਾ ਨੇ ਕਿਹਾ ਕਿ ਇਹਨਾਂ ਕਿੱਤਾ ਮੁਖੀ ਅਗਵਾਈ ਕੋਰਸਾਂ ਲਈ ਵਿਦਿਆਰਥੀਆਂ ਸਮਾਜਿਕ ਸਹਿਯੋਗ ਦੀ ਵੀ ਲੋੜ ਪੈਂਦੀ ਹੈ ਜਿਸ ਲਈ ਵੱਖ-ਵੱਖ ਉਦਯੋਗਿਕ ਖੇਤਰਾਂ ਦੀਆਂ ਸੀ.ਐੱਸ.ਆਰ. ਪਾਲਿਸੀ ਇਨਾਂ ਪ੍ਰਾਜੈਕਟਾਂ ਲਈ ਲਾਹੇਵੰਦ ਹੋ ਸਕਦੀ ਹੈ।

ਪੰਜਾਬ ਸੀ.ਐੱਸ.ਆਰ. ਅਥਾਰਟੀ ਦੇ ਸਲਾਹਕਾਰ ਐੱਸ.ਐੱਮ. ਗੋਇਲ ਨੇ ਕਿਹਾ ਕਿ ਪੰਜਾਬ ਸੀ.ਐੱਸ.ਆਰ ਅਥਾਰਟੀ ਵੱਲੋਂ ਲਗਾਤਾਰ ਵੱਖ-ਵੱਖ ਸਹਾਇਕ ਸੰਸਥਾਵਾਂ ਨਾਲ ਸੰਪਰਕ ਬਣਾਇਆ ਜਾ ਰਿਹਾ ਹੈ ਅਤੇ ਇਹ ਸੰਸਥਾਵਾਂ ਵਧ ਚੜ ਕੇ ਸਹਿਯੋਗ ਵੀ ਦੇ ਰਹੀਆਂ ਹਨ। ਉਹਨਾਂ ਕਿਹਾ ਸੀ.ਐੱਸ.ਆਰ. ਅਥਾਰਟੀ ਇਸ ਪੋਰਟਲ ਰਾਹੀਂ ਵੱਧ ਤੋਂ ਵੱਧ ਬੱਚਿਆਂ ਨੂੰ ਸੂਚਨਾ ਦਾ ਲਾਭਪਾਤਰੀ ਬਣਾ ਕੇ ਉਨਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਨ ਲਈ ਵਚਨਬੱਧ ਹੈ। ਉਨਾਂ ਦੀ ਕਾਮਨਾ ਹੈ ਕਿ ਇਸ ਪੋਰਟਲ ਰਾਹੀਂ ਵੱਧ ਤੋਂ ਵੱਧ ਵਿਦਿਆਰਥੀ ਆਪਣੇ ਕਿੱਤੇ ਦੇ ਟੀਚੇ ਤੱਕ ਪਹੁੰਚ ਸਕਣ।

ਅੰਤ ਵਿੱਚ ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸੁਖਜੀਤ ਪਾਲ ਸਿੰਘ ਨੇ ਇਸ ਪੰਜਾਬ ਕਰੀਅਰ ਪੋਰਟਲ ਦੇ ਲੋਕ ਅਰਪਣ ਸਮਾਗਮ ਵਿੱਚ ਭਾਗ ਲੈਣ ਵਾਲੀਆਂ ਮਾਣਮੱਤੀਆਂ ਸਖਸੀਅਤਾਂ ਦਾ ਧੰਨਵਾਦ ਕੀਤਾ।

ਇਸ ਸਮਾਗਮ ਵਿੱਚ ਡਿਪਟੀ ਸਟੇਟ ਪ੍ਰਾਜੈਕਟ ਡਾਇਰੈਕਟਰ ਮਨੋਜ ਕੁਮਾਰ, ਅਮਰਦੀਪ ਸਿੰਘ ਬਾਠ ਅਤੇ ਵੱਖ-ਵੱਖ ਜ਼ਿਲਿਆਂ ਤੋਂ ਜ਼ਿਲਾ ਸਿੱਖਿਆ ਅਫਸਰ, ਸਕੂਲਾਂ ਦੇ ਮੁਖੀ, ਅਧਿਆਪਕ ਅਤੇ ਵਿਦਿਆਰਥੀ ਆਨਲਾਈਨ ਹਾਜ਼ਰ ਸਨ।


Bharat Thapa

Content Editor

Related News