ਮਾਛੀਵਾੜਾ ਦੀ ਨਾਮੀ ਵਿੱਦਿਅਕ ਸੰਸਥਾ ''ਚ ਲੱਖਾਂ ਰੁਪਏ ਦਾ ਘੋਟਾਲਾ!

09/05/2019 4:22:55 PM

ਮਾਛੀਵਾੜਾ ਸਾਹਿਬ (ਟੱਕਰ) : ਇਲਾਕੇ ਦੀ ਨਾਮੀ ਵਿੱਦਿਅਕ ਸੰਸਥਾ ਦੇ ਫੰਡਾਂ 'ਚ ਲੱਖਾਂ ਰੁਪਏ ਦਾ ਘੋਟਾਲਾ ਸਾਹਮਣੇ ਆ ਰਿਹਾ ਹੈ, ਜਿਸ 'ਤੇ ਪ੍ਰਬੰਧਕ ਕਮੇਟੀ ਨੇ ਪੁਲਸ ਜਿਲ੍ਹਾ ਖੰਨਾ ਦੇ ਐਸ. ਐਸ. ਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੂੰ ਸ਼ਿਕਾਇਤ ਦੇ ਕੇ ਮਾਮਲੇ ਦੀ ਜਾਂਚ ਕਰ ਕਥਿਤ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਲਾਕੇ ਦੀ ਨਾਮੀ ਵਿੱਦਿਅਕ ਸੰਸਥਾ 'ਚ ਹਰੇਕ ਸਾਲ ਆਉਣ ਵਾਲੇ ਲੱਖਾਂ ਰੁਪਏ ਦੇ ਫੰਡ ਅਤੇ ਖਰਚਿਆਂ ਦੇ ਲੇਖੇ-ਜੋਖੇ ਲਈ ਇੱਕ ਅਕਾਊਟੈਂਟ ਨਿਯੁਕਤ ਕੀਤਾ ਹੋਇਆ ਸੀ।

ਵਿੱਦਿਅਕ ਸੰਸਥਾ ਨੂੰ ਕੁੱਝ ਪਰਵਾਸੀ ਪੰਜਾਬੀਆਂ ਤੇ ਸਥਾਨਕ ਪਤਵੰਤੇ ਸੱਜਣਾਂ ਵਲੋਂ ਲੱਖਾਂ ਰੁਪਏ ਦੀ ਨਗਦੀ ਸੰਸਥਾ 'ਚ ਪੜ੍ਹਦੇ ਵਿਦਿਆਰਥੀਆਂ ਦਾ ਸਿੱਖਿਆ ਪੱਧਰ ਉੱਚਾ ਚੁੱਕਣ ਅਤੇ ਇਮਾਰਤਾਂ ਦੇ ਨਿਰਮਾਣ ਲਈ ਭੇਜੀ ਜਾਂਦੀ ਰਹੀ ਹੈ ਪਰ ਹੁਣ ਜੋ ਫੰਡਾਂ 'ਚ ਘੋਟਾਲਾ ਸਾਹਮਣੇ ਆ ਰਿਹਾ ਹੈ, ਉਸ ਦੌਰਾਨ ਇਹ ਅਕਾਊਟੈਂਟ ਦਾਨੀ ਸੱਜਣਾਂ ਨੂੰ ਰਸੀਦ ਤਾਂ ਕੱਟ ਕੇ ਦੇ ਦਿੰਦਾ ਸੀ ਪਰ ਉਹ ਪੈਸੇ ਸੰਸਥਾ ਦੇ ਬੈਂਕ ਖਾਤੇ 'ਚ ਜਮ੍ਹਾਂ ਕਰਵਾਉਣ ਦੀ ਬਜਾਏ ਆਪ ਹੜੱਪਣ ਲੱਗ ਪਿਆ। ਇਸ ਤੋਂ ਇਲਾਵਾ ਹੋਰ ਵੀ ਖਰਚਿਆਂ ਵਿਚ ਘਪਲੇਬਾਜ਼ੀ ਸਾਹਮਣੇ ਆ ਰਹੀ ਹੈ। ਵਿੱਦਿਅਕ ਸੰਸਥਾ ਦੀ ਪ੍ਰਬੰਧਕ ਕਮੇਟੀ ਨੂੰ ਜੋ ਪਿਛਲੇ ਕਈ ਸਾਲਾਂ ਤੋਂ ਜੋ ਵਿੱਤੀ ਰਿਪੋਰਟ ਸਾਹਮਣੇ ਆ ਰਹੀ ਹੈ ਉਸ ਵਿਚ ਸਟਾਫ਼ ਦੀਆਂ ਤਨਖਾਹਾਂ, ਟਰਾਂਸਪੋਰਟ, ਇਮਾਰਤਾਂ ਦਾ ਨਿਰਮਾਣ ਹੋਰ ਸਭ ਕੁੱਝ ਮਿਲਾ ਕੇ ਖਰਚਾ ਜਿਆਦਾ ਹੋ ਰਿਹਾ ਸੀ ਜਦਕਿ ਵਿਦਿਆਰਥੀਆਂ ਦੀਆਂ ਫੀਸਾਂ ਤੋਂ ਆਮਦਨ ਘੱਟ ਸੀ ਜਿਸ ਕਾਰਨ ਪ੍ਰਬੰਧਕ ਕਮੇਟੀ ਵਲੋਂ ਹਮੇਸ਼ਾ ਦਾਨੀ ਸੱਜਣਾਂ ਅੱਗੇ ਗੁਹਾਰ ਲਗਾਈ ਜਾਂਦੀ ਸੀ ਕਿ ਸੰਸਥਾ ਨੂੰ ਵੱਧ ਤੋਂ ਵੱਧ ਦਾਨ ਦਿੱਤਾ ਜਾਵੇ ਪਰ ਅੰਦਰੋਂ ਹਾਲਾਤ ਇਹ ਸਨ ਕਿ ਪ੍ਰਬੰਧਕ ਕਮੇਟੀ ਦੀ ਨੱਕ ਹੇਠਾਂ ਹੀ ਸੰਸਥਾ ਦਾ ਅਕਾਊਟੈਂਟ ਲੱਖਾਂ ਰੁਪਏ ਦਾ ਘਪਲਾ ਕਰ ਗਿਆ ਅਤੇ ਇਹ ਰਾਸ਼ੀ 30 ਤੋਂ 50 ਲੱਖ ਰੁਪਏ ਦੇ ਵਿਚਕਾਰ ਦੱਸੀ ਜਾ ਰਹੀ ਹੈ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਪੁਲਿਸ ਜਾਂਚ ਦੌਰਾਨ ਇਹ ਘਪਲੇ ਦੀ ਰਾਸ਼ੀ 50 ਲੱਖ ਰੁਪਏ ਤੋਂ ਵੀ ਵੱਧ ਸਕਦੀ ਹੈ ਪਰ ਹੈਰਾਨੀ ਦੀ ਗੱਲ ਤਾਂ ਇਹ ਹੈÎ ਕਿ ਪਿਛਲੇ ਕਈ ਸਾਲਾਂ ਤੋਂ ਸਟਾਫ਼ ਦੀ ਮੌਜ਼ੂਦਗੀ ਵਿਚ ਤੇ ਪ੍ਰਬੰਧਕ ਕਮੇਟੀ ਦੀ ਦੇਖਰੇਖ ਦੇ ਬਾਵਜ਼ੂਦ ਲੱਖਾਂ ਰੁਪਏ ਦਾ ਘਪਲਾ ਹੋਣਾ ਕਈ ਸਵਾਲ ਪੈਦਾ ਕਰ ਰਿਹਾ ਹੈ।
ਲੱਖਾਂ ਰੁਪਏ ਦਾ ਘਪਲਾ ਕਰਨ ਵਾਲਾ ਅਕਾਊਟੈਂਟ ਕੈਨੇਡਾ ਫੁਰਰ
ਲੱਖਾਂ ਰੁਪਏ ਦਾ ਘਪਲਾ ਕਰਨ ਵਾਲੇ ਅਕਾਉਟੈਂਟ ਦੀ ਜਦੋਂ ਸ਼ੱਕ ਦੇ ਘੇਰੇ ਵਿਚ ਆ ਗਿਆ ਤੇ ਉਸ ਨੂੰ ਪੋਲ ਖੁੱਲ੍ਹਣ ਦਾ ਡਰ ਸਤਾਉਣ ਲੱਗਾ ਤਾਂ ਉਸਨੇ ਇੱਥੋਂ ਵਿਦੇਸ਼ ਜਾਣ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ਸੀ। ਇਹ ਅਕਾਉਟੈਂਟ ਪ੍ਰਿੰਸੀਪਲ ਤੇ ਪ੍ਰਬੰਧਕ ਕਮੇਟੀ ਨੂੰ ਕੁੱਝ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਬਿਮਾਰ ਰਹਿਣ ਸਬੰਧੀ ਕਹਿਣ ਲੱਗਾ ਅਤੇ ਇਸ ਨੇ ਛੁੱਟੀ ਲੈ ਲਈ। ਵਿੱਦਿਅਕ ਸੰਸਥਾ ਦੇ ਸਟਾਫ਼ ਵਲੋਂ ਜਦੋਂ ਅਕਾਉਟੈਂਟ ਦੇ ਦਸਤਾਵੇਜ਼ ਖਗਾਲਣੇ ਸ਼ੁਰੂ ਕੀਤੇ ਤਾਂ ਉਸ ਵਿਚ ਲੱਖਾਂ ਰੁਪਏ ਦੀ ਘਪਲੇਬਾਜ਼ੀ ਸਾਹਮਣੇ ਆਉਣ ਲੱਗ ਪਈ ਅਤੇ ਇਸ ਦੌਰਾਨ ਹੀ ਇਹ ਅਕਾਉਟੈਂਟ ਕੈਨੇਡਾ ਨੂੰ ਵਿਜ਼ਟਰ ਵੀਜ਼ਾ 'ਤੇ ਫੁਰ ਹੋ ਗਿਆ। ਕਾਫ਼ੀ ਕੋਸ਼ਿਸ਼ਾਂ ਦੇ ਬਾਵਜ਼ੂਦ ਵੀ ਜਦੋਂ ਪ੍ਰਬੰਧਕ ਕਮੇਟੀ ਨੂੰ ਪਤਾ ਲੱਗਾ ਕਿ ਹੁਣ ਘਪਲੇ ਦੇ ਪੈਸੇ ਮੁੜਨੇ ਨਹੀਂ ਤਾਂ ਉਨ੍ਹਾਂ ਪੁਲਿਸ ਜਿਲ੍ਹਾ ਖੰਨਾ ਦੇ ਐਸ.ਐਸ.ਪੀ ਨੂੰ ਸ਼ਿਕਾਇਤ ਦਰਜ਼ ਕਰਵਾ ਦਿੱਤੀ।
ਘਪਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ : ਐਸ. ਐਸ. ਪੀ
ਪੁਲਿਸ ਜਿਲ੍ਹਾ ਖੰਨਾ ਦੇ ਐਸ. ਐਸ. ਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨਾਲ ਜਦੋਂ ਗੱਲਬਾਤ ਕੀਤੀ ਗਈ ਕਿ ਮਾਛੀਵਾੜਾ ਇਲਾਕੇ ਦੀ ਵਿੱਦਿਅਕ ਸੰਸਥਾ ਦੀ ਪ੍ਰਬੰਧਕ ਕਮੇਟੀ ਵਲੋਂ ਘਪਲੇ ਦੀ ਜਾਂਚ ਸਬੰਧੀ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਹੈ ਜਿਸ ਵਿਚ ਸੰਸਥਾ ਦੇ ਅਕਾਉਟੈਂਟ ਦਾ ਨਾਮ ਸ਼ਾਮਿਲ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਐਂਟੀ ਫਰਾਡ ਵਿੰਗ ਨੂੰ ਸੌਂਪ ਦਿੱਤੀ ਹੈ ਜੋ ਮਾਮਲੇ ਦੀ ਜਾਂਚ ਕਰੇਗਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਤੇ ਸਾਰਾ ਰਿਕਾਰਡ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਘਪਲਾ ਕਿੰਨੇ ਲੱਖਾਂ ਦਾ ਹੈ ਅਤੇ ਇਸ ਵਿਚ ਕੇਵਲ ਅਕਾਉਟੈਂਟ ਹੀ ਸ਼ਾਮਿਲ ਹੈ ਜਾਂ ਹੋਰ ਕੋਈ ਹੋਰ ਵੀ ਅਤੇ ਇਸ ਘਪਲੇ ਵਿਚ ਜਿਸ ਦੀ ਵੀ ਸ਼ਮੂਲੀਅਤ ਹੋਵੇਗੀ ਉਸ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
 

Babita

This news is Content Editor Babita