ਨੌਕਰੀ ਦੇਣ ਦੇ ਦੋ ਸਾਲ ਬਾਅਦ ਸਿੱਖਿਆ ਵਿਭਾਗ ਨੇ 123 ਅਧਿਆਪਕ ਕੀਤੇ ਬੇਰੋਜ਼ਗਾਰ

01/12/2019 8:02:26 AM

ਅੰਮ੍ਰਿਤਸਰ, (ਦਲਜੀਤ)- ਸਿੱਖਿਆ ਵਿਭਾਗ ਨੇ ਈ. ਟੀ. ਟੀ. ਅਧਿਆਪਕ ਦੇ ਤੌਰ ’ਤੇ ਸੇਵਾਵਾਂ ਨਿਭਾ ਰਹੇ 123 ਅਧਿਆਪਕਾਂ ਦੀਆਂ ਸੇਵਾਵਾਂ ਨੂੰ ਖ਼ਤਮ ਕਰ ਦਿੱਤਾ ਹੈ। ਵਿਭਾਗ ਵੱਲੋਂ ਇਹ ਫੈਸਲਾ ਅਧਿਆਪਕ ਪ੍ਰੀਖਿਆ ਯੋਗਤਾ (ਟੀ. ਈ. ਟੀ.) ਟੈਸਟ ਦੀ ਮੈਰਿਟ ’ਚ ਸੋਧ ਹੋਣ ਕਾਰਨ ਲਿਆ ਗਿਆ ਹੈ। ਵਿਭਾਗ ਨੇ ਇਸ ਸਬੰਧੀ ਰਾਜ ਦੇ ਸਾਰੇ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਵੀ ਜਾਰੀ ਕਰ ਦਿੱਤਾ ਹੈ। ਵਿਭਾਗ ਦੇ ਇਸ ਫੈਸਲੇ ਨਾਲ 2 ਸਾਲ 2 ਮਹੀਨੇ ਦੇ ਕਰੀਬ ਨੌਕਰੀ ਕਰਨ ਵਾਲੇ ਹੁਣ ਬੇਰੋਜ਼ਗਾਰ ਹੋਏ ਅਧਿਆਪਕਾਂ ਦੇ ਮਨਾਂ ਨੂੰ ਡੂੰਘੀ ਠੇਸ ਪਹੁੰਚੀ ਹੈ।  
 ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਵੱਲੋਂ ਸਾਲ 2016 ’ਚ 4500 ਤੇ 2005 ਈ. ਟੀ. ਟੀ. ਅਧਿਆਪਕਾਂ ਦੀ ਭਰਤੀ ਕੀਤੀ ਗਈ ਸੀ, ਵਿਭਾਗ ਦੀ ਇਸ ਭਰਤੀ ਨੂੰ ਕੁਝ ਬੇਰੋਜ਼ਗਾਰਾਂ ਨੇ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਚੁਣੌਤੀ ਦਿੱਤੀ ਸੀ। ਹਾਈ ਕੋਰਟ ਵੱਲੋਂ ਬੇਰੋਜ਼ਗਾਰਾਂ ਦੇ ਹੱਕ ਵਿਚ ਫੈਸਲਾ ਦਿੰਦਿਅਾਂ ਟੀ. ਈ. ਟੀ. ਦੇ ਨਤੀਜੇ ’ਚ ਦੁਬਾਰਾ ਸੋਧ ਕਰਨ ਦੇ ਵਿਭਾਗ ਨੂੰ ਨਿਰਦੇਸ਼ ਦਿੱਤੇ, ਜਿਸ ਉਪਰੰਤ ਮੈਰਿਟ ਉੱਥਲ-ਪੁੱਥਲ ਹੋ ਗਈ। ਜਿਨ੍ਹਾਂ ਬੇਰੋਜ਼ਗਾਰਾਂ ਨੂੰ ਨੌਕਰੀ ਨਹੀਂ ਮਿਲੀ ਸੀ ਉਹ ਵੀ ਇਸ ਮੈਰਿਟ ਵਿਚ ਆ ਗਏ, ਜਿਸ ਤੋਂ ਬਾਅਦ 162 ਅਧਿਆਪਕਾਂ ਦੀ ਨੌਕਰੀ ’ਤੇ ਖਤਰੇ ਦੇ ਬੱਦਲ ਛਾ ਗਏ।  ਵਿਭਾਗ ਵੱਲੋਂ ਦੁਬਾਰਾ ਕਾਊਂਸਲਿੰਗ ਕਰਨ ’ਤੇ ਸਾਹਮਣੇ ਆਇਆ ਕਿ 39 ਦੇ ਕਰੀਬ ਅਧਿਆਪਕ ਉਹ ਹਨ ਜਿਨ੍ਹਾਂ ਦੀ ਮੈਰਿਟ ਸੋਧ ਕੇ ਹੋਣ ਤੋਂ ਬਾਅਦ ਵੀ ਉਪਰ ਹੀ ਰਹੀ ਹੈ, ਜਿਸ ਉਪਰੰਤ ਵਿਭਾਗ ਨੇ 123 ਅਧਿਆਪਕਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ। ਨੌਕਰੀ ਗੁਆ ਚੁੱਕੇ ਅਧਿਆਪਕਾਂ ਨੇ ਵਿਭਾਗ ’ਚ 2 ਸਾਲ ਦਾ ਪਰਖਕਾਲ ਸਮਾਂ ਪੂਰਾ ਕਰ ਲਿਆ ਸੀ ਅਤੇ ਅਕਤੂਬਰ ਤੇ ਨਵੰਬਰ ’ਚ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਹੋਣੀਆਂ ਸਨ ਪਰ ਵਿਭਾਗ ਦੇ ਫੈਸਲੇ ਨੇ ਉਨ੍ਹਾਂ ਦੀਆਂ ਸਾਰੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ।
ਬੇਰੋਜ਼ਗਾਰ ਹੋਏ ਅਧਿਆਪਕਾਂ ਨੇ ਕਿਹਾ ਕਿ ਅੱਜ ਉਨ੍ਹਾਂ ਦੀ ਨੌਕਰੀ ਸਿੱਖਿਆ ਵਿਭਾਗ ਦੇ ਕਾਰਨ ਹੀ ਗਈ ਹੈ, ਜੇਕਰ ਵਿਭਾਗ ਨੇ ਸਮੇਂ ’ਤੇ ਟੀ. ਈ. ਟੀ. ਪ੍ਰੀਖਿਆ ਵਿਚ ਆ ਰਹੀਆਂ ਖਾਮੀਆਂ ਨੂੰ ਦੂਰ ਕੀਤਾ ਹੁੰਦਾ ਤਾਂ ਅੱਜ ਉਹ ਵੀ ਨੌਕਰੀ ’ਚ ਬਰਕਰਾਰ ਰਹਿੰਦੇ।  ਨੌਕਰੀ ਕਾਰਨ ਹੀ ਉਨ੍ਹਾਂ ਦੇ ਰਿਸ਼ਤੇ ਚੰਗੇ ਘਰਾਂ ਵਿਚ ਹੋਏ ਸਨ, ਹੁਣ ਨੌਕਰੀ ਜਾਣ ਕਾਰਨ ਉਨ੍ਹਾਂ ਨੂੰ ਕਾਫ਼ੀ ਠੇਸ ਪਹੁੰਚੀ ਹੈ।