ਇਸ ਸਾਲ ਵੀ ਝੱਲਣੀ ਪਵੇਗੀ ਸਿੱਖਿਆ ਵਿਭਾਗ ਨੂੰ ਅਧਿਆਪਕਾਂ ਦੀ ਕਮੀ

06/07/2019 2:44:15 PM

ਚੰਡੀਗੜ੍ਹ (ਵੈਭਵ) : ਲੰਬੇ ਸਮੇਂ ਤੋਂ ਅਧਿਆਪਕਾਂ ਦੀ ਕਮੀ ਝੱਲ ਰਹੇ ਸਿੱਖਿਆ ਵਿਭਾਗ ਨੂੰ ਇਸ ਸਾਲ ਵੀ ਅਧਿਆਪਕਾਂ ਦੀ ਕਮੀ ਰਹਿਣ ਵਾਲੀ ਹੈ। ਇਸ ਸਾਲ ਵੀ ਵਿਭਾਗ ਵਲੋਂ ਨਵੇਂ ਅਧਿਆਪਕਾਂ ਦੀ ਭਰਤੀ ਨਹੀਂ ਕੀਤੀ ਜਾ ਰਹੀ ਹੈ। ਇਸ ਦਾ ਖਾਮਿਆਜ਼ਾ ਵਿਭਾਗ ਅਤੇ ਸਕੂਲਾਂ ਨੂੰ ਆਉਣ ਵਾਲੇ ਸਮੇਂ 'ਚ ਭੁਗਤਣਾ ਪੈ ਸਕਦਾ ਹੈ।

ਜ਼ਿਕਰਯੋਗ ਹੈ ਕਿ ਫਰਵਰੀ ਮਹੀਨੇ 'ਚ ਟੀ. ਜੀ. ਟੀ. ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ, ਜਿਸ ਦੀਆਂ ਅਰਜ਼ੀਆਂ 22 ਮਾਰਚ, 2019 ਤੱਕ ਆਨਲਾਈਨ ਸਵੀਕਾਰ ਕੀਤੀਆਂ ਗਈਆਂ ਸਨ। 196 ਅਹੁਦਿਆਂ 'ਤੇ ਭਰਤੀ ਕੀਤੀ ਜਾਣੀ ਸੀ। ਇਹ ਭਰਤੀ 'ਸਰਵ ਸਿੱਖਿਆ ਅਭਿਆਨ' ਤਹਿਤ ਕੀਤੀ ਗਈ ਸੀ। ਇਸ ਤੋਂ ਇਲਾਵਾ 418 ਜੇ. ਬੀ. ਟੀ. ਦੀ ਭਰਤੀ ਲਈ ਵੀ ਫਰਵਰੀ ਮਹੀਨੇ 'ਚ ਕੌਂਸਲਿੰਗ ਹੋਈ ਸੀ ਪਰ ਇਨ੍ਹਾਂ ਟੀਚਰਾਂ ਨੂੰ ਅਜੇ ਤੱਕ ਸਕੂਲਾਂ 'ਚ ਤਾਇਨਾਤ ਨਹੀਂ ਕੀਤਾ ਗਿਆ ਹੈ ਕਿਉਂਕਿ ਹਾਈਕੋਰਟ ਨੇ ਇਨ੍ਹਾਂ 'ਤੇ ਰੋਕ ਲਾਈ ਹੋਈ ਹੈ।

ਅਧਿਆਪਕਾਂ ਦੀ ਕਮੀ ਕਾਰਨ ਇਸ ਸਾਲ ਸਕੂਲਾਂ ਨੂੰ ਪੇਰਸ਼ਾਨੀ ਝੱਲਣੀ ਪੈ ਸਕਦੀ ਹੈ। ਉੱਥੇ ਹੀ ਅਗਲੇ ਸਾਲ ਆਉਣ ਵਾਲਾ ਨਤੀਜਾ ਕਈ ਸਕੂਲਾਂ ਦੇ ਨਤੀਜੇ ਦੇ ਗ੍ਰਾਫ ਨੂੰ ਡੇਗ ਸਕਦਾ ਹੈ। ਇਸ ਵਾਰ ਸੀ. ਬੀ. ਐੱਸ. ਈ. ਬੋਰਡ 10ਵੀਂ ਅਤੇ 12ਵੀਂ ਜਮਾਤ 'ਚ ਕੰਪਾਰਟਮੈਂਟ ਜ਼ਿਆਦਾ ਆਈ ਸੀ, ਉੱਥੇ ਹੀ ਜਦੋਂ ਇਸ ਵਿਸ਼ੇ ਸਬੰਧੀ ਸਿੱਖਿਆ ਸਕੱਤਰ ਅਤੇ ਡੀ. ਈ. ਓ. ਨੂੰ ਕਾਲ ਕੀਤੀ ਗਈ ਤਾਂ ਦੋਹਾਂ ਦੇ ਨੰਬਰ ਆਊਟ ਆਫ ਨੈੱਟਵਰਕ ਸਨ। 

Babita

This news is Content Editor Babita