ਸਿੱਖਿਆ ਮੰਤਰੀ ਤੇ ਸਕੱਤਰ ਦੀਆਂ ਪਹਿਲ ਕਦਮੀਆਂ ਨੇ ਸੁਧਾਰੀ ਸਿੱਖਿਆ ਵਿਭਾਗ ਦੀ ਵਿਵਸਥਾ

08/08/2017 3:10:26 PM


ਗੁਰਦਾਸਪੁਰ(ਹਰਮਨਪ੍ਰੀਤ) - ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਬਣਨ ਤੋਂ ਬਾਅਦ ਬੇਸ਼ੱਕ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਆਮ ਲੋਕਾਂ ਦਾ ਰਲਿਆ ਮਿਲਿਆ ਪ੍ਰਤੀਕਰਮ ਸਾਹਮਣੇ ਆ ਰਿਹਾ ਹੈ ਪਰ ਇਨ੍ਹਾਂ ਕਰੀਬ 4 ਮਹੀਨਿਆਂ ਦੇ ਥੋੜ੍ਹੇ ਜਿਹੇ ਸਮੇਂ ਵਿਚ ਸਿੱਖਿਆ ਮੰਤਰੀ ਅਰੁਣਾ ਚੌਧਰੀ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਲਏ ਗਏ ਇਤਿਹਾਸਕ ਫ਼ੈਸਲਿਆਂ ਨੇ ਅਧਿਆਪਕ ਵਰਗ ਨੂੰ ਵੱਡੀ ਰਾਹਤ ਦਿੱਤੀ ਹੈ। ਖ਼ਾਸ ਤੌਰ 'ਤੇ ਅਧਿਆਪਕਾਂ ਦਾ ਮਾਣ-ਸਨਮਾਨ ਬਹਾਲ ਰੱਖਣ ਲਈ ਜਾਰੀ ਕੀਤੇ ਗਏ ਨਵੇਂ ਪੱਤਰ, ਕਈ ਸਾਲਾਂ ਤੋਂ ਰੁਕੀਆਂ 4-9-14 ਦੀਆਂ ਤਰੱਕੀਆਂ ਦੇਣ, ਕੰਫਰਮੇਸ਼ਨ ਤੇ ਤਰੱਕੀ ਦੇ ਕਈ ਕੰਮ ਡੀ. ਡੀ. ਓਜ਼ ਪੱਧਰ 'ਤੇ ਕਰਨ, ਲੰਮੀ ਛੁੱਟੀ ਮਨਜ਼ੂਰ ਕਰਨ, ਆਨਲਾਈਨ ਪੋਰਟਲ ਸਮੇਤ ਅਨੇਕਾਂ ਨਵੇਂ ਫ਼ੈਸਲਿਆਂ ਦਾ ਚੁਫੇਰਿਓਂ ਸਵਾਗਤ ਹੋ ਰਿਹਾ ਹੈ। 

ਅਰੁਣਾ ਚੌਧਰੀ ਤੇ ਕ੍ਰਿਸ਼ਨ ਕੁਮਾਰ ਵੱਲੋਂ ਸ਼ੁਰੂ ਕੀਤੇ ਸਿੱਖਿਆ ਸੁਧਾਰਾਂ ਸਬੰਧੀ 'ਜਗ ਬਾਣੀ' ਵੱਲੋਂ ਵੱਖ-ਵੱਖ ਅਧਿਆਪਕਾਂ ਤੇ ਸਿੱਖਿਆ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਜੋ ਇਸ ਤਰ੍ਹਾਂ ਹੈ- 
ਰਾਕੇਸ਼ ਗੁਪਤਾ ਡਿਪਟੀ ਡੀ. ਈ. ਓ. ਨੇ ਕਿਹਾ ਕਿ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਨੇ ਕੁਝ ਹੀ ਦਿਨਾਂ ਵਿਚ ਅਧਿਆਪਕ ਵਰਗ ਦੇ ਕਈ ਸਾਲਾਂ ਤੋਂ ਲਟਕਦੇ ਆ ਰਹੇ ਮਸਲੇ ਹੱਲ ਕਰ ਕੇ ਨਾ ਸਿਰਫ਼ ਅਧਿਆਪਕਾਂ ਦੇ ਦਿਲ ਜਿੱਤ ਲਏ ਹਨ, ਸਗੋਂ ਕਈ ਫ਼ੈਸਲਿਆਂ ਨਾਲ ਆਉਣ ਵਾਲੇ ਸਮੇਂ ਵਿਚ ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ 'ਚ ਹੋਰ ਵੀ ਨਿਖਾਰ ਆਵੇਗਾ। ਸਮੁੱਚਾ ਸਿੱਖਿਆ ਵਿਭਾਗ ਇਨ੍ਹਾਂ ਫ਼ੈਸਲਿਆਂ ਨੂੰ ਲੈ ਕੇ ਰਾਹਤ ਮਹਿਸੂਸ ਕਰ ਰਿਹਾ ਹੈ।
ਬਲਬੀਰ ਸਿੰਘ ਡਿਪਟੀ ਡੀ. ਈ. ਓ. ਨੇ ਕਿਹਾ ਕਿ ਸਿੱਖਿਆ ਮੰਤਰੀ ਦੀ ਜ਼ਿੰਮੇਵਾਰੀ ਸੰਭਾਲਦੇ ਹੀ ਸ਼੍ਰੀਮਤੀ ਅਰੁਣਾ ਚੌਧਰੀ ਨੇ ਜਿਸ ਢੰਗ ਨਾਲ ਸਿੱਖਿਆ ਵਿਭਾਗ ਦੇ ਕੰਮਕਾਜ 'ਚ ਸੁਧਾਰ ਲਿਆਉਣ ਲਈ ਕ੍ਰਾਂਤੀਕਾਰੀ ਫ਼ੈਸਲੇ ਲਏ ਹਨ, ਉਸ ਦੇ ਸਾਰਥਿਕ ਨਤੀਜੇ ਸਾਹਮਣੇ ਆਉਣਗੇ। ਅਧਿਆਪਕ ਵਰਗ ਤੇ ਆਮ ਲੋਕਾਂ ਦੇ ਹਰਮਨ ਪਿਆਰੇ ਅਧਿਕਾਰੀ ਕ੍ਰਿਸ਼ਨ ਕੁਮਾਰ ਦਾ ਵਾਪਸ ਇਸ ਵਿਭਾਗ ਵਿਚ ਆਉਣਾ ਇਸ ਵਿਭਾਗ ਤੇ ਪੰਜਾਬ ਦੇ ਭਵਿੱਖ ਲਈ ਸੁਨਹਿਰੀ ਸੰਕੇਤ ਹੈ। 
ਅਸ਼ਵਨੀ ਫੱਜੂਪੁਰ ਨੇ ਕਿਹਾ ਕਿ ਕਰੀਬ 7 ਸਾਲਾਂ ਤੋਂ ਰੁਕੇ ਏ. ਸੀ. ਪੀ. ਕੇਸਾਂ ਕਾਰਨ ਅਧਿਆਪਕ ਜਥੇਬੰਦੀਆਂ ਨੇ ਕਈ ਧਰਨੇ ਲਾਏ ਅਤੇ ਸਰਕਾਰਾਂ ਨੂੰ ਅਪੀਲਾਂ ਵੀ ਕੀਤੀਆਂ ਪਰ ਫਿਰ ਵੀ ਕੋਈ ਸੁਣਵਾਈ ਨਹੀਂ ਹੋਈ ਪਰ ਹੁਣ ਬਣੀ ਸਰਕਾਰ ਨੇ ਨਾ ਸਿਰਫ਼ ਇਹ ਤਰੱਕੀਆਂ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਸਗੋਂ ਇਸ ਦੀਆਂ ਸ਼ਕਤੀਆਂ ਵੀ ਹੇਠਲੇ ਪੱਧਰ 'ਤੇ ਸਬੰਧਿਤ ਅਧਿਕਾਰੀਆਂ ਨੂੰ ਦੇ ਕੇ ਇਸ ਕੰਮ ਨੂੰ ਹੋਰ ਵੀ ਸਰਲ ਕਰ ਦਿੱਤਾ ਹੈ। ਸਰਕਾਰ ਦਾ ਬੇਹੱਦ ਧੰਨਵਾਦ ਕਰਦਾ ਹੋਇਆ ਮੰਗ ਕਰਦਾ ਹਾਂ ਕਿ ਈ. ਟੀ. ਅਧਿਆਪਕਾਂ ਦੀਆਂ ਵਿਭਾਗੀ ਤਰੱਕੀਆਂ ਦਾ ਕੰਮ ਵੀ ਜਲਦੀ ਸ਼ੁਰੂ ਕੀਤਾ ਜਾਵੇ।