ਜਲੰਧਰ : ਕਾਂਗਰਸ ਦੇ ਦਿਹਾਤੀ ਜ਼ਿਲਾ ਪ੍ਰਧਾਨ ਘਰ ਈ.ਡੀ ਦੀ ਰੇਡ

12/06/2019 6:03:46 PM

ਜਲੰਧਰ (ਸੋਨੂੰ, ਮ੍ਰਿਦੁਲ)— ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦਿਹਾਤੀ ਕਾਂਗਰਸ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ ਲਾਲੀ, ਡਰੀਮਲੈਂਡ ਪ੍ਰਾਪਰਟੀ ਦੇ ਮਾਲਕ ਭੁਪਿੰਦਰ ਸਿੰਘ ਭਿੰਦਾ ਅਤੇ ਬੜਿੰਗ ਦੇ ਰਹਿਣ ਵਾਲੇ ਅਮਰੀਕਾ ਤੋਂ ਡਿਪੋਰਟ ਹੋਏ ਐੱਨ. ਆਰ. ਆਈ. ਹਿੰਮਤ ਸਿੰਘ ਹਿੰਮਤੀ ਦੇ ਘਰ ਅਤੇ ਹੋਰ ਥਾਵਾਂ 'ਤੇ ਰੇਡ ਕੀਤੀ। ਈ. ਡੀ. ਨੂੰ ਤਿੰਨਾਂ ਘਰਾਂ ਤੋਂ ਕਈ ਕਾਗਜ਼ਾਤ ਮਿਲੇ ਹਨ, ਜਿਨ੍ਹਾਂ 'ਚ ਹਵਾਲਾ ਟਰਾਂਜ਼ੈਕਸ਼ਨ ਦੇ ਨਾਲ-ਨਾਲ ਵਿਦੇਸ਼ਾਂ 'ਚ ਪ੍ਰਾਪਰਟੀ ਦੀ ਮਾਲਕੀ ਦੇ ਕਾਗਜ਼ਾਤ ਮਿਲੇ ਹਨ, ਜੋ ਕਿ ਹਵਾਲਿਆਂ ਕੰਮ-ਕਾਜ ਦੇ ਜ਼ਰੀਏ ਭਾਰਤ ਤੋਂ ਪੈਸਾ ਵਿਦੇਸ਼ ਭੇਜ ਕੇ ਖਰੀਦੀ ਗਈ ਹੈ।

ਈ. ਡੀ. ਦੀ ਜਾਂਚ ਅਮਰੀਕਾ ਤੋਂ ਸ਼ੁਰੂ ਹੁੰਦੀ-ਹੁੰਦੀ ਪੰਜਾਬ ਤੱਕ ਪਹੁੰਚੀ ਕਿਉਂਕਿ ਇਸ ਕੇਸ 'ਚ ਮਾਸਟਰਮਾਈਂਡ ਐੱਨ. ਆਰ. ਆਈ. ਹਿੰਮਤ ਸਿੰਘ ਹਿੰਮਤੀ ਹੀ ਦੱਸਿਆ ਜਾ ਰਿਹਾ ਹੈ। ਸ਼ਹਿਰ 'ਚ ਤਿੰਨਾਂ ਦੇ 6 ਟਿਕਾਣਿਆਂ 'ਤੇ ਰੇਡ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨਾਂ ਨੇ ਸਰਕਾਰ ਤੋਂ ਲੁਕਾ ਕੇ ਵਿਦੇਸ਼ 'ਚ ਕਈ ਅਣ-ਐਲਾਨੇ ਐਸੇਟਸ ਖਰੀਦ ਰੱਖੇ ਹਨ, ਜੋ ਕਿ ਹਵਾਲਾ ਰਾਸ਼ੀ ਦੇ ਜ਼ਰੀਏ ਬਣਾਏ ਗਏ ਹਨ।

ਈ. ਡੀ. ਨੇ ਸਵੇਰੇ 8 ਵਜੇ ਕਾਂਗਰਸੀ ਲੀਡਰ ਸੁੱਖਾ ਲਾਲੀ, ਮਾਡਲ ਟਾਊਨ 'ਚ ਪ੍ਰਾਪਰਟੀ ਦਾ ਕਾਰੋਬਾਰ ਕਰਦੇ ਭੁਪਿੰਦਰ ਸਿੰਘ ਭਿੰਦਾ ਅਤੇ ਬੜਿੰਗ ਰਹਿੰਦੇ ਐੱਨ. ਆਰ. ਆਈ. ਹਿੰਮਤ ਸਿੰਘ ਹਿੰਮਤੀ ਦੇ ਘਰ ਅਤੇ ਉਨ੍ਹਾਂ ਦੇ ਕਾਰੋਬਾਰੀ ਟਿਕਾਣਿਆਂ 'ਤੇ ਰੇਡ ਕੀਤੀ ਸੀ, ਜੋ ਕਿ ਸ਼ਾਮ 8 ਵਜੇ ਖਤਮ ਹੋਈ। ਇਨ੍ਹਾਂ 12 ਘੰਟਿਆਂ 'ਚ ਈ. ਡੀ. ਨੇ ਤਿੰਨਾਂ ਦੇ ਘਰੋਂ ਕਈ ਕਾਗਜ਼ਾਤ ਮਿਲੇ ਹਨ, ਜਿਨ੍ਹਾਂ 'ਚ ਵਿਦੇਸ਼ 'ਚ ਹੋਈ ਹਵਾਲਾ ਟਰਾਂਜ਼ੈਕਸ਼ਨ ਦਾ ਰਿਕਾਰਡ ਹੈ, ਜਿਸ ਨਾਲ ਉਨ੍ਹਾਂ ਨੂੰ ਇਹ ਵੀ ਸਬੂਤ ਮਿਲਿਆ ਹੈ ਕਿ ਤਿੰਨਾਂ ਦੀ ਵਿਦੇਸ਼ 'ਚ ਕਾਫ਼ੀ ਪ੍ਰਾਪਰਟੀ ਦੇ ਨਾਲ-ਨਾਲ ਕਈ ਬੈਂਕ ਅਕਾਊਂਟ ਵੀ ਖੁੱਲ੍ਹੇ ਹਨ, ਜਿਨ੍ਹਾਂ 'ਚ ਸਾਰੀ ਕਾਲੀ ਕਮਾਈ ਨੂੰ ਸਫੈਦ ਕਰ ਕੇ ਪੈਸਾ ਰੱਖਿਆ ਜਾ ਰਿਹਾ ਸੀ। ਈ. ਡੀ. ਛੇਤੀ ਹੀ ਤਿੰਨਾਂ ਨੂੰ ਤਲਬ ਕਰੇਗੀ ਅਤੇ ਸਟੇਟਮੈਂਟ ਲਈ ਬੁਲਾਏਗੀ। ਈ. ਡੀ. ਨੇ ਸਾਰਾ ਰਿਕਾਰਡ ਜ਼ਬਤ ਕਰ ਲਿਆ ਹੈ ਅਤੇ ਖੰਗਾਲ ਰਹੀ ਹੈ ਕਿ ਇਸ ਨੈਕਸਸ 'ਚ ਕੌਣ-ਕੌਣ ਸ਼ਾਮਲ ਹਨ।

30 ਸਾਲ ਪਹਿਲਾਂ ਅਮਰੀਕਾ ਗਏ ਹਿੰਮਤ ਸਿੰਘ ਨੂੰ ਡਰੱਗਜ਼ ਕੇਸ 'ਚ ਹੋਈ ਸੀ 8 ਸਾਲ ਦੀ ਸਜ਼ਾ, ਹੋਇਆ ਸੀ ਡਿਪੋਰਟ
ਉਥੇ ਹੀ ਈ. ਡੀ. ਦੀ ਜਾਂਚ ਕਾਫੀ ਦੇਰ ਤੋਂ ਚੱਲ ਰਹੀ ਸੀ ਕਿਉਂਕਿ ਈ. ਡੀ. ਦੀ ਨਜ਼ਰ ਅਮਰੀਕਾ ਤੋਂ ਡਿਪੋਰਟ ਹੋਏ ਹਿੰਮਤ ਸਿੰਘ ਹਿੰਮਤੀ 'ਤੇ ਸੀ, ਜੋ ਕਿ ਕਰੀਬ 4 ਸਾਲ ਪਹਿਲਾਂ ਅਮਰੀਕਾ ਤੋਂ ਡਿਪੋਰਟ ਹੋਇਆ ਸੀ। ਉਹ ਵੀ ਇਸ ਲਈ ਕਿਉਂਕਿ ਉਹ ਅਮਰੀਕਾ 'ਚ ਡਰੱਗਜ਼ ਸਮੱਗਲਿੰਗ ਦਾ ਕੰਮ-ਕਾਜ ਕਰ ਕੇ ਮਸ਼ਹੂਰ ਹੋਇਆ ਸੀ ਅਤੇ ਡਰੱਗਜ਼ ਦੇ ਕੇਸ 'ਚ ਅਮਰੀਕਾ ਦੀ ਪੁਲਸ ਨੇ ਉਸ ਨੂੰ ਫੜ ਕੇ ਜੇਲ ਭੇਜ ਦਿੱਤਾ, ਜਿੱਥੇ ਕੋਰਟ ਕੇਸ ਤੋਂ ਬਾਅਦ ਉਸ ਨੂੰ 8 ਸਾਲ ਦੀ ਸਜ਼ਾ ਹੋਈ ਸੀ। ਸਜ਼ਾ ਕੱਟਣ ਤੋਂ ਬਾਅਦ ਉਹ ਜਲੰਧਰ ਆ ਕੇ ਬੜਿੰਗ 'ਚ ਬਣੀ ਆਪਣੀ ਕੋਠੀ 'ਚ ਰਹਿਣ ਲੱਗਾ।

ਬੜਿੰਗ 'ਚ ਸਥਿਤ ਉਸ ਦੀ ਆਲੀਸ਼ਾਨ ਕੋਠੀ ਨੂੰ ਵੇਖ ਈ. ਡੀ. ਨੂੰ ਪਤਾ ਲੱਗਾ ਕਿ ਉਕਤ ਦੋਸ਼ੀ ਹਵਾਲਾ ਕੰਮ-ਕਾਜ 'ਚ ਸ਼ਾਮਲ ਹੈ, ਜਿਸ ਕਾਰਨ ਉਸ 'ਤੇ ਨਜ਼ਰ ਰੱਖੀ ਹੋਈ ਸੀ ਅਤੇ ਪਤਾ ਲੱਗਾ ਕਿ ਇਸ ਨੈਕਸਸ 'ਚ ਸ਼ਹਿਰ ਦੇ ਨਾਮੀ ਬਿਲਡਰ ਅਤੇ ਲੀਡਰ ਵੀ ਸ਼ਾਮਲ ਹਨ। ਈ. ਡੀ. ਨੂੰ ਹਿੰਮਤ ਸਿੰਘ ਦੇ ਘਰੋਂ ਕੁਝ ਅਜਿਹੇ ਕਾਗਜ਼ਾਤ ਮਿਲੇ ਹਨ, ਜਿਨ੍ਹਾਂ ਤੋਂ ਪਤਾ ਲੱਗਾ ਹੈ ਕਿ ਹਿੰਮਤ ਸਿੰਘ ਨੇ ਅਮਰੀਕਾ, ਕੈਨੇਡਾ 'ਚ ਆਪਣੇ ਰਿਸ਼ਤੇਦਾਰਾਂ ਦੇ ਨਾਂ 'ਤੇ ਜਗ੍ਹਾ ਖਰੀਦ ਰੱਖੀ ਹੈ ਅਤੇ ਹੋਰ ਕਈ ਅਕਾਊਂਟ 'ਚ ਟਰਾਂਜ਼ੈਕਸ਼ਨ ਦੇ ਵੀ ਸਬੂਤ ਮਿਲੇ ਹਨ।

ਸ਼ਹਿਰ ਦਾ ਨਾਮੀ ਬਿਲਡਰ ਭਿੰਦਾ ਅਤੇ ਉਸ ਦੇ ਪਾਰਟਨਰ ਕੰਵਲਜੀਤ ਸਿੰਘ ਵੀ ਆਏ ਨਿਸ਼ਾਨੇ 'ਤੇ
ਉਥੇ ਹੀ ਸੂਤਰਾਂ ਦੀਆਂ ਮੰਨੀਏ ਤਾਂ ਭਿੰਦਾ ਅਤੇ ਹਿੰਮਤ ਸਿੰਘ ਕਾਫੀ ਪੁਰਾਣੇ ਦੋਸਤ ਹਨ। ਭਿੰਦਾ ਸ਼ਹਿਰ ਦੇ ਕਈ ਨਾਮੀ ਪ੍ਰਾਪਰਟੀ ਬਿਲਡਰਾਂ 'ਚ ਸ਼ਮਾਲ ਹੈ। ਦੱਸਿਆ ਜਾਂਦਾ ਹੈ ਕਿ ਉਸ ਦਾ ਮਾਡਲ ਟਾਊਨ ਸਥਿਤ ਡਰੀਮਲੈਂਡ ਪ੍ਰਾਪਰਟੀ ਨਾਮਕ ਆਫਿਸ ਵੀ ਹੈ ਅਤੇ ਕਾਲੋਨੀਆਂ ਵੀ ਕੱਟਦੇ ਹਨ। ਭਿੰਦਾ ਅਤੇ ਹਿੰਮਤ ਸਿੰਘ ਦੀ ਦੋਸਤੀ ਦੇ ਚਰਚੇ ਪੂਰੇ ਸ਼ਹਿਰ 'ਚ ਹਨ। ਭਿੰਦੇ ਦੇ ਪਾਰਟਨਰ ਕੰਵਲਜੀਤ ਸਿੰਘ ਦੇ ਹਰਬੰਸ ਨਗਰ ਸਥਿਤ ਘਰ 'ਚ ਵੀ ਰੇਡ ਹੋਈ ਹੈ, ਜਿੱਥੋਂ ਉਨ੍ਹਾਂ ਨੂੰ ਕੰਵਲਜੀਤ ਖਿਲਾਫ ਵੀ ਕਈ ਕਾਗਜ਼ਾਤ ਮਿਲੇ ਹਨ, ਜਿਨ੍ਹਾਂ 'ਚ ਇੰਗਲੈਂਡ ਅਤੇ ਕੈਨੇਡਾ 'ਚ ਪ੍ਰਾਪਰਟੀ ਖਰੀਦਣ ਦੇ ਸਬੂਤ ਹਨ, ਜੋ ਕਿ ਜਨਤਕ ਨਹੀਂ ਕੀਤੇ ਗਏ ਹਨ।

ਕਾਂਗਰਸੀ ਲੀਡਰ ਸੁੱਖਾ ਲਾਲੀ ਬਣਿਆ ਹੈ ਹਿੰਮਤ ਸਿੰਘ ਦਾ ਆਕਾ, ਦਿੰਦਾ ਹੈ ਸਿਆਸੀ ਸ਼ੈਲਟਰ : ਵਿਭਾਗੀ ਸੂਤਰ
ਉਥੇ ਹੀ ਈ. ਡੀ. ਸਥਿਤ ਉੱਚ ਪੱਧਰੀ ਸੂਤਰਾਂ ਦੀ ਮੰਨੀਏ ਤਾਂ ਇਸ ਕੇਸ 'ਚ ਸੁੱਖਾ ਲਾਲੀ ਅਤੇ ਹਿੰਮਤ ਸਿੰਘ ਦੀ ਮੁੱਖ ਸ਼ਮੂਲਿਅਤ ਹੈ ਕਿਉਂਕਿ ਹਿੰਮਤ ਸਿੰਘ ਜਿੱਥੇ ਹਵਾਲਾ ਕੰਮ-ਕਾਜ ਦੇ ਜ਼ਰੀਏ ਸਾਰੀ ਕਾਲੀ ਕਮਾਈ ਨੂੰ ਸਫੈਦ ਕਰਵਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਹਿੰਮਤ ਸਿੰਘ ਅਤੇ ਭੁਪਿੰਦਰ ਸਿੰਘ ਭਿੰਦਾ ਜਿਹੇ ਨਾਮੀ ਲੋਕਾਂ ਨੂੰ ਸਿਆਸੀ ਸ਼ੈਲਟਰ ਦੇਣ ਦਾ ਕੰਮ ਕਾਂਗਰਸੀ ਦਿਹਾਤੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ ਲਾਲੀ ਕਰਦਾ ਹੈ। ਹਾਲਾਂਕਿ ਸੁੱਖਾ ਲਾਲੀ ਵਲੋਂ ਇਸ ਸ਼ੈਲਟਰ ਗੇਮ ਦਾ ਈ. ਡੀ. ਨੇ ਰੇਡ ਕਰਕੇ ਪਰਦਾਫਾਸ਼ ਕੀਤਾ ਹੈ। ਸੁੱਖਾ ਲਾਲੀ ਦਾ ਸਿਆਸੀ ਕੈਰੀਅਰ ਵੇਖਦੇ ਹੋਏ ਇਸ ਤਰ੍ਹਾਂ ਦੀ ਕਾਰਵਾਈ ਹੋਣਾ ਉਨ੍ਹਾਂ ਦੇ ਅਕਸ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈ।

ਨਵਜੋਤ ਸਿੰਘ ਸਿੱਧੂ ਦਾ ਫੈਨ ਹੈ ਹਿੰਮਤ ਸਿੰਘ ਹਿੰਮਤੀ, ਫੇਸਬੁੱਕ 'ਤੇ ਫੋਟੋਆਂ ਦੀ ਭਰਮਾਰ
ਉਥੇ ਹੀ ਦੂਜੇ ਪਾਸੇ ਹਿੰਮਤ ਸਿੰਘ ਦੀ ਫੇਸਬੁੱਕ ਪ੍ਰੋਫਾਈਲ 'ਤੇ ਵੇਖਿਆ ਜਾਵੇ ਤਾਂ ਉਹ ਕਾਂਗਰਸ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਫੈਨ ਹੈ। ਉਸ ਦੀ ਫੇਸਬੁੱਕ 'ਤੇ ਸਿੱਧੂ ਨਾਲ ਕਾਫ਼ੀ ਫੋਟੋਆਂ ਹਨ, ਜਿਸ ਕਾਰਣ ਉਹ ਪੈਸੇ ਦੇ ਨਾਲ-ਨਾਲ ਸਿਆਸੀ ਪਾਵਰ ਦਾ ਵੀ ਇਸਤੇਮਾਲ ਕਰਨਾ ਜਾਣਦਾ ਹੈ। ਹਿੰਮਤ ਸਿੰਘ ਠਾਠ-ਬਾਠ ਨਾਲ ਰਹਿਣ ਦਾ ਵੀ ਸ਼ੌਕੀਨ ਹੈ।

ਮਾਡਲ ਟਾਊਨ ਦੇ ਹੋਰ ਕਈ ਪ੍ਰਾਪਰਟੀ ਡੀਲਰਾਂ 'ਤੇ ਵੀ ਈ. ਡੀ. ਦੀ ਨਜ਼ਰ
ਉਥੇ ਹੀ ਸੂਤਰਾਂ ਦੀਆਂ ਮੰਨੀਏ ਮਾਡਲ ਟਾਊਨ 'ਚ ਭੁਪਿੰਦਰ ਸਿੰਘ ਭਿੰਦੇ ਦੇ ਨਾਲ ਕੰਮ-ਕਾਜ ਕਰਦੇ ਕਈ ਹੋਰ ਪ੍ਰਾਪਰਟੀ ਡੀਲਰਾਂ ਅਤੇ ਕਾਲੋਨਾਈਜ਼ਰਾਂ ਦਾ ਨਾਂ ਸਾਹਮਣੇ ਆ ਰਿਹਾ ਹੈ, ਜੋ ਕਿ ਭਿੰਦੇ ਦੇ ਨਾਲ ਕੰਮ-ਕਾਜ ਕਰ ਕੇ ਵਿਦੇਸ਼ 'ਚ ਪ੍ਰਾਪਰਟੀ 'ਚ ਇਨਵੈਸਟ ਕਰ ਰਹੇ ਹਨ। ਇਨ੍ਹਾਂ 'ਚ ਕਈ ਪ੍ਰਾਪਰਟੀ ਡੀਲਰ ਭਿੰਦੇ ਦੇ ਦੋਸਤ ਵੀ ਹਨ, ਜੋ ਕਿ ਜੀ. ਟੀ. ਬੀ. ਨਗਰ ਰੋਡ 'ਤੇ ਆਪਣੇ ਆਫਿਸ 'ਚ ਕੰਮ ਕਰਦੇ ਹਨ। ਈ. ਡੀ. ਜਲਦ ਹੀ ਉਨ੍ਹਾਂ 'ਤੇ ਵੀ ਕਾਰਵਾਈ ਕਰੇਗੀ।


rajwinder kaur

Content Editor

Related News