ਪਹਿਲਾਂ ਗੈਂਗਸਟਰਾਂ ਦੇ 57 ਗਿਰੋਹ ਸਰਗਰਮ ਸਨ ਹੁਣ ਸਿਰਫ 3-4 ਰਹਿ ਗਏ : ਰੋਹਿਤ ਚੌਧਰੀ

07/22/2017 6:26:32 AM

ਜਲੰਧਰ (ਧਵਨ) - ਪੰਜਾਬ 'ਚ ਸੱਤਾ ਬਦਲਾਅ ਹੋਣ ਤੋਂ ਬਾਅਦ ਨਵੀਂ ਸਰਕਾਰ ਵਲੋਂ  ਵਧੀਕ ਪੁਲਸ ਮਹਾਨਿਦੇਸ਼ਕ (ਏ. ਡੀ. ਜੀ. ਪੀ.) ਰੋਹਿਤ ਚੌਧਰੀ ਨੂੰ ਕਾਨੂੰਨ ਵਿਵਸਥਾ ਦੀ ਸਥਿਤੀ 'ਚ ਸੁਧਾਰ ਲਿਆਉਣ ਦੀ ਮਹੱਤਵਪੂਰਨ ਜ਼ਿੰਮੇਵਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੌਂਪੀ ਗਈ। ਰੋਹਿਤ ਚੌਧਰੀ ਨੇ ਨਵੀਂ ਜ਼ਿੰਮੇਵਾਰੀ ਨੂੰ ਚੁਣੌਤੀਪੂਰਨ ਮੰਨਦੇ ਹੋਏ ਇਸ ਨੂੰ ਸਵੀਕਾਰਿਆ ਅਤੇ ਪਿਛਲੇ 4 ਮਹੀਨਿਆਂ 'ਚ ਉਨ੍ਹਾਂ ਨੇ ਹਰੇਕ ਜ਼ਿਲੇ ਦਾ ਦੌਰਾ ਕਰ ਕੇ ਸੀਨੀਅਰ ਪੁਲਸ ਅਧਿਕਾਰੀਆਂ ਨਾਲ ਬੈਠਕਾਂ ਕਰ ਕੇ ਉਨ੍ਹਾਂ ਦਾ ਮਨੋਬਲ ਵਧਾਇਆ ਹੈ, ਜਿਸ ਕਾਰਨ ਅਪਰਾਧਿਕ ਘਟਨਾਵਾਂ 'ਤੇ ਵਿਰਾਮ ਲੱਗਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਸੰਬੰਧ 'ਚ ਏ. ਡੀ. ਜੀ. ਪੀ. ਰੋਹਿਤ ਚੌਧਰੀ ਨਾਲ ਅਹਿਮ ਵਿਸ਼ਿਆਂ ਨੂੰ ਲੈ ਕੇ ਚਰਚਾ ਕੀਤੀ ਗਈ, ਜਿਸ ਦੇ ਮੁੱਖ ਅੰਸ਼ ਹੇਠ ਲਿਖੇ ਹਨ :
ਸ. ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਸੂਬੇ 'ਚ 57 ਅਪਰਾਧਿਕ ਗੈਂਗ ਸਰਗਰਮ ਹਨ। ਹੁਣ ਇਨ੍ਹਾਂ ਦੀ ਗਿਣਤੀ ਕਿੰਨੀ ਰਹਿ ਗਈ ਹੈ?
ਜ. ਇਹ ਸਹੀ ਹੈ ਕਿ ਪੰਜਾਬ 'ਚ ਪਹਿਲਾਂ 57 ਅਪਰਾਧਿਕ ਗੈਂਗ ਅਤੇ ਉਨ੍ਹਾਂ ਦੇ 250 ਮੈਂਬਰ ਕੰਮ ਕਰ ਰਹੇ ਸਨ। ਹੁਣ ਸੂਬੇ 'ਚ ਪੁਲਸ ਵਲੋਂ ਕੀਤੀ ਗਈ ਸਖਤੀ ਅਤੇ ਪੰਜਾਬ ਸਰਕਾਰ ਦੀ ਦ੍ਰਿੜ੍ਹ ਇੱਛਾ ਸ਼ਕਤੀ ਦੀ ਬਦੌਲਤ ਅਪਰਾਧਿਕ ਗੈਂਗਾਂ ਦੀ ਗਿਣਤੀ ਸਿਰਫ 3-4 ਰਹਿ ਗਈ ਹੈ ਅਤੇ ਉਨ੍ਹਾਂ ਨਾਲ ਜੁੜੇ ਮੈਂਬਰਾਂ ਦੀ ਗਿਣਤੀ ਵੀ ਸਿਰਫ 24-25 ਤਕ ਰਹਿ ਗਈ ਹੈ।
ਸ. ਅਜੇ ਵੀ ਕਈ ਨਾਮੀ ਗੈਂਗਸਟਰਜ਼ ਪੁਲਸ ਦੀ ਪਕੜ ਤੋਂ ਬਾਹਰ ਹਨ?
ਜ. ਇਨ੍ਹਾਂ ਗੈਂਗਸਟਰਾਂ ਨੂੰ ਫੜਨ ਲਈ ਪੁਲਸ ਨੇ ਆਪਣੀ ਰਣਨੀਤੀ ਬਣਾਈ ਹੋਈ ਹੈ ਅਤੇ ਉਸ ਲਈ ਵਿਸ਼ੇਸ਼ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਗੈਂਗਸਟਰਾਂ ਦੇ ਜਲਦੀ ਹੀ ਪੁਲਸ ਦੀ ਗ੍ਰਿਫਤ 'ਚ ਹੋਣ ਦੇ ਆਸਾਰ ਹਨ ਕਿਉਂਕਿ ਹੁਣ ਉਨ੍ਹਾਂ 'ਤੇ ਚਾਰੋਂ ਪਾਸੇ ਦਬਾਅ ਵਧਾ ਦਿੱਤਾ ਗਿਆ ਹੈ।
ਸ.  ਵਿੱਕੀ ਗੌਂਡਰ ਵਰਗੇ ਕੁਝ ਗੈਂਗਸਟਰਾਂ ਦੇ ਵਿਦੇਸ਼ ਦੌੜਨ ਦੀਆਂ ਸੂਚਨਾਵਾਂ ਮਿਲੀਆਂ  ਹਨ?
ਜ. ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਪੁਲਸ ਵਲੋਂ ਬਣਾਏ ਗਏ ਦਬਾਅ ਤੋਂ ਬਾਅਦ ਹੁਣ ਪ੍ਰਮੁੱਖ ਗੈਂਗਸਟਰਾਂ ਦੇ ਸਹਿਯੋਗੀ ਆਤਮਸਮਰਪਣ ਕਰਨ ਲਈ ਤਿਆਰ ਬੈਠੇ ਹਨ। ਸਿਰਫ ਚੋਟੀ ਦੇ ਕੁਝ ਗੈਂਗਸਟਰਜ਼ ਇਧਰ-ਓਧਰ ਲੁਕੇ ਬੈਠੇ ਹਨ। ਉਹ ਇਸ ਲਈ ਹੁਣ ਸਾਹਮਣੇ ਨਹੀਂ ਆ ਰਹੇ ਕਿਉਂਕਿ ਉਨ੍ਹਾਂ ਨੂੰ ਹੁਣ ਕਿਤੋਂ ਵੀ ਸਹਿਯੋਗ ਮਿਲਣ ਦੇ ਆਸਾਰ ਨਹੀਂ ਹਨ।
ਸ. ਗੈਂਗਸਟਰਾਂ ਦੇ ਸਹਿਯੋਗੀਆਂ 'ਚ ਕਈ ਪਹਿਲੀ ਵਾਰ ਵੀ ਅਪਰਾਧਿਕ ਘਟਨਾਵਾਂ 'ਚ ਸ਼ਾਮਿਲ ਹੋਏ ਹਨ?
ਜ. ਇਹ ਸਹੀ ਹੈ ਕਿ ਗੈਂਗਸਟਰਾਂ ਦੇ  ਕੁਝ ਸਹਿਯੋਗੀ ਪਹਿਲੀ ਵਾਰ ਅਪਰਾਧਿਕ ਘਟਨਾਵਾਂ 'ਚ ਆਏ ਹਨ। ਨਾਭਾ ਜੇਲ ਬ੍ਰੇਕ ਕਾਂਡ 'ਚ ਸ਼ਾਮਿਲ ਇਕ ਨੌਜਵਾਨ ਜਿਸ ਦੀ ਉਮਰ ਸਿਰਫ 20-22 ਸਾਲ ਸੀ, ਉਹ ਪਹਿਲੀ ਵਾਰ ਅਪਰਾਧਿਕ ਘਟਨਾ 'ਚ ਸ਼ਾਮਿਲ ਹੋਇਆ। ਹੁਣ ਇਨ੍ਹਾਂ ਨੌਜਵਾਨਾਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਉਹ ਅਪਰਾਧਿਕ ਘਟਨਾਵਾਂ 'ਚ ਸ਼ਾਮਿਲ ਹੋ ਕੇ ਆਪਣਾ ਜੀਵਨ ਬਰਬਾਦ ਨਾ ਕਰਨ। ਗੈਂਗਸਟਰਜ਼ ਜਾਂ ਤਾਂ ਆਤਮਸਮਰਪਣ ਕਰ ਦੇਣ ਨਹੀਂ ਤਾਂ ਪੁਲਸ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਵੇਗੀ।
ਸ. ਗੈਂਗਸਟਰਾਂ ਨੂੰ ਲੈ ਕੇ ਪੁਲਸ ਕਿਸ ਰਣਨੀਤੀ 'ਤੇ ਚੱਲ ਰਹੀ ਹੈ?
ਜ. ਇਸ ਲਈ ਦੋ ਸੂਤਰੀ ਰਣਨੀਤੀ ਬਣਾਈ ਗਈ ਹੈ। ਏ ਸ਼੍ਰੇਣੀ ਦੇ ਗੈਂਗਸਟਰਾਂ ਦੀ ਵੱਖਰੀ ਸੂਚੀ ਬਣਾਈ ਗਈ ਹੈ। ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਜੀ. ਓ. ਪੱਧਰ ਦੇ ਅਧਿਕਾਰੀ ਦੀ ਡਿਊਟੀ ਲਾਉਂਦੇ ਹੋਏ ਉਨ੍ਹਾਂ ਨੂੰ ਨੋਡਲ ਅਫਸਰ ਬਣਾਇਆ ਗਿਆ ਹੈ। ਬੀ-ਸ਼੍ਰੇਣੀ ਦੇ ਗੈਂਗਸਟਰਾਂ ਨੂੰ ਫੜਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਅਤੇ ਉਨ੍ਹਾਂ ਪਰਿਵਾਰਿਕ ਮੈਂਬਰਾਂ ਨਾਲ ਸੰਪਰਕ ਸਥਾਪਿਤ ਕੀਤਾ ਗਿਆ ਹੈ ਤਾਂ ਕਿ ਉਨ੍ਹਾਂ ਨੂੰ ਰਾਸ਼ਟਰ ਦੀ ਮੁੱਖ ਧਾਰਾ 'ਚ ਵਾਪਸ ਲਿਆਂਦਾ ਜਾ ਸਕੇ।
ਸ. ਕੰਟਰੋਲ ਰੂਮਾਂ ਦੀ ਹਾਲਤ ਪਹਿਲਾਂ ਸਹੀ ਨਹੀਂ ਸੀ ਅਤੇ ਉਥੋਂ ਫੌਰਨ ਕਾਰਵਾਈ ਨਹੀਂ ਹੁੰਦੀ ਸੀ?
ਜ. ਇਹ ਜ਼ਰੂਰੀ ਹੈ ਕਿ ਜ਼ਿਲਿਆਂ 'ਚ ਬਣੇ ਸਾਰੇ ਕੰਟਰੋਲ ਰੂਮ ਆਧੁਨਿਕ ਸੰਚਾਰ ਸਹੂਲਤਾਂ ਨਾਲ ਲੈਸ ਹੋਣ। ਐੱਸ. ਐੱਸ. ਪੀਜ਼ ਨੂੰ ਕੰਟਰੋਲ ਰੂਮ ਦੀ ਹਾਲਤ ਸੁਧਾਰਨ ਲਈ ਕਿਹਾ ਗਿਆ ਹੈ ਕਿਉਂਕਿ ਕੰਟਰੋਲ ਰੂਮ ਤੋਂ ਹੀ ਅਪਰਾਧਿਕ ਘਟਨਾਵਾਂ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ। ਪੁਲਸ ਹੁਣ ਘਟਨਾ ਬਾਰੇ ਜਾਣਕਾਰੀ ਮਿਲਦਿਆਂ ਹੀ ਤੁਰੰਤ ਕਾਰਵਾਈ ਕਰੇਗੀ। ਹੁਣ ਇਹ ਸਹਿਣ ਨਹੀਂ ਹੋਵੇਗਾ ਕਿ ਘਟਨਾ ਹੋਣ ਤੋਂ ਬਾਅਦ ਪੁਲਸ ਦੇਰੀ ਨਾਲ ਪਹੁੰਚੀ।
ਸ. ਪੁਲਸ ਦੇ ਕੰਮਕਾਜ 'ਚ ਸਿਆਸੀ ਦਖਲਅੰਦਾਜ਼ੀ ਖਤਮ ਹੋਣ ਦੇ ਵੀ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ?
ਜ. ਇਹ ਸਹੀ ਹੈ ਕਿ ਹੁਣ ਪੁਲਸ ਦੇ ਕੰਮਕਾਜ 'ਚ ਸਿਆਸੀ ਦਖਲਅੰਦਾਜ਼ੀ ਨਹੀਂ ਹੈ ਪਰ ਇਸ ਦੇ ਨਾਲ-ਨਾਲ ਜਿਸ ਤਰ੍ਹਾਂ ਪਿਛਲੇ 4 ਮਹੀਨਿਆਂ 'ਚ ਹਰ ਜ਼ਿਲੇ ਅਤੇ ਪੁਲਸ ਥਾਣੇ ਵਿਚ ਮਾਮਲੇ ਘਟ ਰਹੇ ਹਨ, ਉਸ ਨਾਲ ਪੁਲਸ ਦਾ ਮਨੋਬਲ ਵਧਿਆ ਹੈ ਅਤੇ ਗੈਂਗਸਟਰਾਂ 'ਤੇ ਪੁਲਸ ਦਾ ਦਬਾਅ ਵਧਿਆ ਹੈ।
ਸ. ਹੁਣ ਪੁਲਸ ਦੀ ਨਵੀਂ ਰਣਨੀਤੀ ਕੀ ਹੈ?
ਜ. ਪੁਲਸ ਨੇ ਹੁਣ ਨਵੀਂ ਰਣਨੀਤੀ ਦੇ ਤਹਿਤ ਪੁਰਾਣੇ ਕੇਸਾਂ ਦੀਆਂ ਫਾਈਲਾਂ ਖੋਲ੍ਹਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜਲੰਧਰ 'ਚ ਉਨ੍ਹਾਂ ਨੇ ਪੁਲਸ ਕਮਿਸ਼ਨਰ ਪ੍ਰਵੀਨ ਸਿਨ੍ਹਾ ਨਾਲ ਬੈਠਕ ਕੀਤੀ, ਜਿਸ 'ਚ ਪੁਰਾਣੇ ਸਨੈਚਿੰਗ ਦੇ ਮਾਮਲਿਆਂ ਨੂੰ ਹੱਲ ਕਰਨ ਲਈ ਕਿਹਾ ਗਿਆ ਹੈ। 5-6 ਸਨੈਚਿੰਗ ਦੇ ਕੇਸ ਅਜਿਹੇ ਸਨ ਜੋ ਮਾਡਲ ਟਾਊਨ ਇਲਾਕੇ 'ਚ ਹੋਏ। ਪੁਲਸ ਜੇਕਰ ਪੁਰਾਣੇ ਕੇਸ ਹੱਲ ਨਹੀਂ ਕਰੇਗੀ ਤਾਂ ਇਸ 'ਚ ਸ਼ਾਮਿਲ ਲੋਕ ਨਵੇਂ ਸਿਰੇ ਤੋਂ ਅਪਰਾਧਿਕ ਘਟਨਾਵਾਂ 'ਚ ਪੈ ਜਾਣਗੇ। ਇਸ ਲਈ ਪੁਰਾਣੇ ਲੋਕਾਂ ਨੂੰ ਫੜ ਕੇ ਸਹੀ ਰਸਤੇ 'ਤੇ ਲਿਆਉਣ ਦੀ ਲੋੜ ਹੈ।
ਸ.  ਕਾਨੂੰਨ ਵਿਵਸਥਾ ਦੀ ਹਾਲਤ ਹੁਣ ਕਿਹੋ ਜਿਹੀ ਹੈ?
ਜ. ਹੁਣ ਪਹਿਲਾਂ ਵਰਗੀਆਂ ਵੱਡੀਆਂ ਵਾਰਦਾਤਾਂ ਨਹੀਂ ਹੋ ਰਹੀਆਂ ਹਨ। ਛੋਟੇ-ਮੋਟੇ ਅਪਰਾਧ ਤਾਂ ਚੱਲਦੇ ਰਹਿੰਦੇ ਹਨ ਪਰ ਉਨ੍ਹਾਂ 'ਤੇ ਕਾਬੂ ਪਾਉਣ ਲਈ ਉਹ ਖੁਦ ਹੁਣ ਫੀਲਡ 'ਚ ਜਾ ਕੇ ਪੁਲਸ ਜਵਾਨਾਂ ਨਾਲ ਮਿਲ ਰਹੇ ਹਨ। ਇਸ ਨਾਲ ਹੀ ਉਹ ਜਨਤਾ ਨਾਲ ਵੀ ਮਿਲ ਰਹੇ ਹਨ, ਜਿਥੋਂ ਮਹੱਤਵਪੂਰਨ ਸੂਚਨਾਵਾਂ ਮਿਲ ਰਹੀਆਂ ਹਨ।
ਸ. ਪੁਲਸ 'ਚ ਵੀ ਅਨੁਸ਼ਾਸਨਹੀਣਤਾ ਦਿਖਾਈ ਦਿੰਦੀ ਹੈ। ਉਨ੍ਹਾਂ ਨਾਲ ਨਿਪਟਣ ਲਈ ਕਿਹੋ ਜਿਹੀ ਰਣਨੀਤੀ ਅਪਣਾਈ ਗਈ ਹੈ?
ਜ. ਪਹਿਲਾਂ ਪਿਛਲੇ ਕਾਫੀ ਸਮੇਂ ਤੋਂ ਸੋਮਵਾਰ ਨੂੰ ਪੁਲਸ ਦੀ ਪਰੇਡ ਦਾ ਕੰਮ ਬੰਦ ਕਰ ਦਿੱਤਾ ਗਿਆ ਸੀ ਪਰ ਹੁਣ ਹਰ ਸੋਮਵਾਰ ਨੂੰ ਹਰ ਜ਼ਿਲੇ 'ਚ ਪੁਲਸ ਦੀ ਪ੍ਰੇਡ ਨੂੰ ਯਕੀਨੀ ਬਣਾਇਆ ਗਿਆ ਹੈ। ਇਸ ਨਾਲ ਪੁਲਸ 'ਚ ਅਨੁਸ਼ਾਸਨ ਦੀ ਬਹਾਲੀ ਹੋਈ ਹੈ। ਇਸੇ ਤਰ੍ਹਾਂ ਜਲੰਧਰ 'ਚ 40 ਅਜਿਹੇ ਪੁਲਸ ਜਵਾਨਾਂ ਦੀ ਪਛਾਣ ਕੀਤੀ ਗਈ ਸੀ ਜੋ ਜਾਂ ਤਾਂ ਗੈਰ-ਹਾਜ਼ਰ ਰਹਿੰਦੇ ਸਨ ਜਾਂ ਫਿਰ ਨਸ਼ੇ 'ਚ ਟੱਲੀ ਰਹਿੰਦੇ ਸਨ। ਇਨ੍ਹਾਂ ਜਵਾਨਾਂ ਨੂੰ ਇਕ ਹਫਤੇ ਦੇ ਅੰਦਰ ਅਨੁਸ਼ਾਸਨ 'ਚ ਬੰਨ੍ਹ ਕੇ ਡਿਊਟੀ 'ਚ ਸ਼ਾਮਿਲ ਕੀਤਾ ਜਾ ਰਿਹਾ ਹੈ। ਇਨ੍ਹਾਂ ਨੂੰ ਯੋਗਾ ਕਰਵਾਇਆ ਜਾਵੇਗਾ ਅਤੇ ਪਰਿਵਾਰ ਨਾਲ ਬੈਠਕਾਂ ਕਰਵਾ ਕੇ ਕੌਂਸਲਿੰਗ ਕੀਤੀ ਜਾਵੇਗੀ। ਉਨ੍ਹਾਂ ਦੇ ਮੁੜ ਵਸੇਬੇ ਦੇ ਯਤਨ ਸ਼ੁਰੂ ਕਰ ਦਿੱਤੇ ਗਏ ਹਨ।
ਸ. ਪਹਿਲਾਂ ਪੁਲਸ ਨਾਕੇ ਕਦੇ ਲੱਗਦੇ ਸਨ ਤਾਂ ਕਦੇ ਨਹੀਂ ਲੱਗਦੇ ਸਨ?
ਜ. ਹੁਣ ਸਾਰੇ ਪੁਲਸ ਕਮਿਸ਼ਨਰਾਂ ਅਤੇ ਐੱਸ. ਐੱਸ. ਪੀਜ਼ ਨੂੰ ਕਿਹਾ ਗਿਆ ਹੈ ਕਿ ਉਹ ਰਾਤ ਦੇ ਸਮੇਂ ਨਾਕਿਆਂ ਨੂੰ ਲਗਵਾਉਣ ਅਤੇ ਨਾਕਿਆਂ ਦੀ ਖੁਦ ਮੌਕੇ 'ਤੇ ਜਾ ਕੇ ਚੈਕਿੰਗ ਕਰਨ। ਪੁਲਸ ਥਾਣਿਆਂ ਦਾ ਵੀ ਰਿਕਾਰਡ ਚੈੱਕ ਕੀਤਾ ਜਾ ਰਿਹਾ ਹੈ।
ਸ. ਜਲੰਧਰ 'ਚ ਆਰ. ਐੱਸ. ਐੱਸ. ਨੇਤਾ ਜਗਦੀਸ਼ ਗਗਨੇਜਾ ਅਤੇ ਲੁਧਿਆਣਾ 'ਚ ਈਸਾਈ ਪਾਦਰੀ ਦੀ ਹੱਤਿਆ ਪਿੱਛੇ ਕੀ ਕਾਰਨ ਹਨ?
ਜ. ਆਰ. ਐੱਸ. ਐੱਸ. ਨੇਤਾ ਜਗਦੀਸ਼ ਗਗਨੇਜਾ ਦੀ ਹੱਤਿਆ ਦੀ ਜਾਂਚ ਸੀ. ਬੀ. ਆਈ. ਵਲੋਂ ਕੀਤੀ ਜਾ ਰਹੀ ਹੈ ਪਰ ਅਜਿਹਾ ਲੱਗਦਾ ਹੈ ਕਿ ਜਿਸ ਗੈਂਗ ਨੇ ਗਗਨੇਜਾ ਦੀ ਹੱਤਿਆ ਕੀਤੀ, ਉਸੇ ਗੈਂਗ ਦੇ ਮੈਂਬਰਾਂ ਨੇ ਲੁਧਿਆਣਾ 'ਚ ਈਸਾਈ ਪਾਦਰੀ ਦੀ ਹੱਤਿਆ ਕੀਤੀ ਹੈ। ਜਲਦੀ ਹੀ ਇਨ੍ਹਾਂ ਹੱਤਿਆ ਕਾਂਡਾਂ ਤੋਂ ਪਰਦਾ ਉਠ ਜਾਵੇਗਾ।