ਤਿਉਹਾਰੀ ਸੀਜ਼ਨ ਦੌਰਾਨ ਬਾਰੂਦ ਦੇ ਢੇਰਾਂ ਥੱਲੇ ਦੱਬ ਜਾਂਦੈ ਸ਼ਹਿਰ

09/21/2017 11:56:48 PM

ਮੋਗਾ,  (ਪਵਨ ਗਰੋਵਰ/ਗੋਪੀ ਰਾਊਕੇ)- ਹਰ ਸਾਲ ਤਿਉਹਾਰੀ ਸੀਜ਼ਨ ਦੌਰਾਨ ਮੋਗਾ ਸ਼ਹਿਰ ਬਾਰੂਦ ਦੇ ਢੇਰ ਥੱਲੇ ਦੱਬ ਕੇ ਰਹਿ ਜਾਂਦਾ ਹੈ, ਭਾਵੇਂ ਜ਼ਿਲੇ ਭਰ 'ਚ ਕੋਈ ਪਟਾਕਾ ਫੈਕਟਰੀ ਤਾਂ ਨਹੀਂ ਹੈ ਪਰ ਮਿਲੇ ਵੇਰਵਿਆਂ 'ਚ ਪਤਾ ਲੱਗਾ ਹੈ ਕਿ ਸ਼ਹਿਰ ਦੇ ਕਈ ਦੁਕਾਨਦਾਰ ਹਰ ਸਾਲ ਕਰੋੜਾਂ ਰੁਪਏ ਦਾ ਪਟਾਕਾ ਸਟਾਕ ਕਰ ਕੇ ਇਸ ਨੂੰ ਅੱਗੇ ਛੋਟੇ ਦੁਕਾਨਦਾਰਾਂ ਰਾਹੀਂ ਵੇਚਦੇ ਹਨ। 
'ਜਗ ਬਾਣੀ' ਵੱਲੋਂ ਅੱਜ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਕਿਸੇ ਵੀ ਅਣਸੁਖਾਵੀਂ ਘਟਨਾ ਵਾਪਰਨ 'ਤੇ ਤੁਰੰਤ ਫਾਇਰ ਬ੍ਰਿਗੇਡ ਦੀ ਸਰਵਿਸ ਮੁਹੱਈਆ ਹੋਣ ਸਬੰਧੀ ਜਦੋਂ ਫਾਇਰ ਬ੍ਰਿਗੇਡ ਦਫਤਰ ਮੋਗਾ ਦਾ ਦੌਰਾ ਕੀਤਾ ਗਿਆ ਤਾਂ ਪਤਾ ਲੱਗਾ ਕਿ ਨਗਰ ਨਿਗਮ ਮੋਗਾ ਦੇ ਫਾਇਰ ਵਿਭਾਗ ਕੋਲ ਕੁਲ 6 ਗੱਡੀਆਂ ਹਨ, ਜਿਸ 'ਚੋਂ 5 ਗੱਡੀਆਂ ਪੂਰੀ ਤਰ੍ਹਾਂ ਕੰਮ ਕਰ ਰਹੀਆਂ ਹਨ, ਜਦਕਿ ਇਕ ਗੱਡੀ 'ਕੰਡਮ' ਹੈ। ਇਨ੍ਹਾਂ 5 ਗੱਡੀਆਂ 'ਚੋਂ ਇਕ ਜੀਪ ਵੀ ਸ਼ਾਮਲ ਹੈ। ਹਾਸਲ ਕੀਤੀ ਜਾਣਕਾਰੀ 'ਚ ਇਹ ਤੱਥ ਉੱਭਰ ਕੇ ਸਾਹਮਣੇ ਆਇਆ ਹੈ ਕਿ ਫਾਇਰ ਵਿਭਾਗ ਨੂੰ ਕਿਸੇ ਵੀ ਤਰ੍ਹਾਂ ਦੀ ਘਟਨਾ ਵਾਪਰਨ ਦੀ ਸੂਚਨਾ ਮਿਲਦੇ ਹੀ ਵਿਭਾਗ ਵੱਲੋਂ ਤੁਰੰਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਘਟਨਾ ਦੇ ਸਥਾਨ ਵੱਲ ਭੇਜ ਦਿੱਤਾ ਜਾਂਦਾ ਹੈ ਪਰ ਨਗਰ ਨਿਗਮ ਦੀਆਂ ਫਾਇਰ ਬ੍ਰਿਗੇਡ ਗੱਡੀਆਂ ਨੂੰ ਸ਼ਹਿਰ 'ਚੋਂ ਨਿਕਲਣ 'ਤੇ ਕਈ ਵਾਰ ਜ਼ਿਆਦਾ ਸਮਾਂ ਲੰਘ ਜਾਂਦਾ ਹੈ ਕਿਉਂਕਿ ਨਗਰ ਨਿਗਮ ਦਫਤਰ ਮੇਨ ਬਾਜ਼ਾਰ ਦੇ ਅੰਦਰ ਹੈ। ਫਾਇਰ ਵਿਭਾਗ ਦੇ ਮੁਲਾਜ਼ਮਾਂ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਤਿਉਹਾਰੀ ਮੌਸਮ ਸਮੇਤ ਫਾਇਰ ਬ੍ਰਿਗੇਡ ਹਰ ਵੇਲੇ ਕਿਸੇ ਵੀ ਅਣਸੁਖਾਵੀਂ ਘਟਨਾ ਵਾਪਰਨ ਦੇ ਖਦਸ਼ੇ ਕਰ ਕੇ ਪੂਰੀ ਤਰ੍ਹਾਂ ਨਾਲ ਤਿਆਰ ਰਹਿੰਦਾ ਹੈ।