ਕਰਫਿਊ ਦੌਰਾਨ ਸ਼ਹਿਰ ਵਿਚਲੇ ਚੌਕਾਂ ਦੀ ਸੁਰੱਖਿਆ ''ਰੱਬ ਆਸਰੇ''

08/29/2017 2:30:58 AM

ਮੋਗਾ,  (ਪਵਨ ਗਰੋਵਰ/ਗੋਪੀ ਰਾਊਕੇ)-  ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਅੱਜ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਵੱਲੋਂ ਜਬਰ-ਜ਼ਨਾਹ ਦੇ ਮਾਮਲੇ 'ਚ ਸਜ਼ਾ ਸੁਣਾਉਣ ਤੋਂ ਪਹਿਲਾਂ ਪੰਜਾਬ 'ਚ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਬਾਕੀ ਜ਼ਿਲਿਆਂ ਮੋਗਾ ਵਿਖੇ ਅੱਜ ਦੁਪਹਿਰ 1 ਵਜੇ ਲਈ 'ਕਰਫਿਊ' ਦੌਰਾਨ ਜ਼ਿਲਾ ਪ੍ਰਸ਼ਾਸਨ ਦੀਆਂ ਕਈ ਥਾਵਾਂ 'ਤੇ ਕਥਿਤ ਵੱਡੀਆਂ 'ਅਣਗਹਿਲੀਆਂ' ਸਾਹਮਣੇ ਆਈਆਂ ਹਨ। 
'ਜਗ ਬਾਣੀ' ਟੀਮ ਵੱਲੋਂ ਸੁਰੱਖਿਆ ਪੱਖ ਦੀ ਜ਼ਮੀਨੀ ਹਕੀਕਤ ਜਾਣਨ ਲਈ ਜਦੋਂ ਮੋਗਾ ਸ਼ਹਿਰ ਵਿਚਲੇ ਵੱਖ-ਵੱਖ ਚੌਕਾਂ ਦਾ ਦੌਰਾ ਕੀਤਾ ਗਿਆ ਤਾਂ ਹੈਰਾਨੀਜਨਕ ਤੱਥ ਇਹ ਉੱਭਰ ਕੇ ਸਾਹਮਣੇ ਆਇਆ ਕਿ ਮੋਗਾ ਦੇ ਮੁੱਖ ਜੋਗਿੰਦਰ ਸਿੰਘ ਚੌਕ ਨੂੰ ਛੱਡ ਕੇ ਸ਼ਹਿਰ ਵਿਚਲੇ ਮੈਜਿਸਟਕ ਚੌਕ, ਥਾਪਰ ਚੌਕ, ਜ਼ੀਰਾ ਰੋਡ ਚੌਕ, ਪ੍ਰਤਾਪ ਚੌਕ, ਚੈਂਬਰ ਰੋਡ ਚੌਕ ਸਮੇਤ ਬਾਜ਼ਾਰ ਦੇ ਹੋਰ ਮੁੱਖ ਚੌਕਾਂ 'ਚ ਕਿਤੇ ਵੀ ਸੁਰੱਖਿਆ ਮੁਲਾਜ਼ਮਾਂ ਦੀ ਪੱਕੇ ਤੌਰ 'ਤੇ ਤਾਇਨਾਤੀ ਜਾਂ ਨਾਕੇਬੰਦੀ ਨਹੀਂ ਦੇਖੀ ਗਈ। ਉਂਝ ਤਾਂ ਸੁਰੱਖਿਆ ਮੁਲਾਜ਼ਮਾਂ ਵੱਲੋਂ ਬਾਜ਼ਾਰ 'ਚ ਗੱਡੀਆਂ 'ਤੇ ਜ਼ਰੂਰ ਗਸ਼ਤ ਕੀਤੀ ਜਾ ਰਹੀ ਸੀ। ਇੱਥੇ ਹੀ ਬੱਸ ਨਹੀਂ, ਸ਼ਹਿਰ ਵਿਚਲੇ ਪੰਪਾਂ ਦੀ ਜਿੱਥੇ ਸੁਰੱਖਿਆ ਲਈ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਕੀਤੇ ਗਏ ਸਨ, ਉੱਥੇ ਹੀ ਮੋਗਾ ਦੇ ਪ੍ਰਤਾਪ ਰੋਡ ਦੀਆਂ ਬੈਂਕਾਂ ਅਤੇ ਏ. ਟੀ. ਐੱਮ. ਦੀ ਸੁਰੱਖਿਆ ਲਈ ਵਿਸ਼ੇਸ਼ ਨਾਕੇਬੰਦੀ ਨਹੀਂ ਸੀ। 
ਇਸ ਮਾਮਲੇ ਸਬੰਧੀ ਗੱਲਬਾਤ ਕਰਦਿਆਂ ਸ਼ਹਿਰ ਦੇ ਕੁਝ ਬੁੱਧੀਜੀਵੀਆਂ ਦਾ ਕਹਿਣਾ ਸੀ ਕਿ ਪੁਲਸ ਤੰਤਰ ਦਾ ਸਾਰਾ ਧਿਆਨ ਮੋਗਾ ਸ਼ਹਿਰ ਦੇ ਬਾਹਰੋਂ ਲੰਘਦੇ ਮੁੱਖ ਮਾਰਗਾਂ ਵੱਲ ਹੈ, ਜਦਕਿ ਸ਼ਹਿਰ ਦੀ ਸੁਰੱਖਿਆ ਲਈ ਵੀ ਪ੍ਰਸ਼ਾਸਨ ਨੂੰ ਵਿਸ਼ੇਸ਼ ਨਾਕੇਬੰਦੀ ਕਰਨੀ ਚਾਹੀਦੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰੇ। ਉਨ੍ਹਾਂ ਦੱਸਿਆ ਕਿ 2 ਦਿਨ ਪਹਿਲਾਂ ਜਦੋਂ ਪਹਿਲੇ ਦਿਨ ਕਰਫਿਊ ਲੱਗਾ ਸੀ ਤਾਂ ਮੁੱਖ ਸ਼ਹਿਰ ਦੇ ਕੁਝ ਚੌਕਾਂ 'ਚ ਨਾਕੇਬੰਦੀ ਕੀਤੀ ਗਈ ਸੀ ਪਰ ਅੱਜ ਸ਼ਹਿਰ 'ਚ ਕਿਤੇ ਵੀ ਨਾਕੇਬੰਦੀ ਨਹੀਂ ਸੀ।