ਬੈਕਲਾਗ ਐਂਟਰੀ ਹੋਈ ਰਾਜਪੁਰਾ ’ਚ, ਡੁਪਲੀਕੇਟ ਪ੍ਰਿੰਟ ਕੱਢਿਆ ਅੰਮ੍ਰਿਤਸਰ ’ਚ

08/29/2018 5:51:34 AM

ਜਲੰਧਰ,   (ਅਮਿਤ)-  ‘ਜਗ ਬਾਣੀ’ ਵਲੋਂ ਟਰਾਂਸਪੋਰਟ ਵਿਭਾਗ ਦੇ ਅੰਦਰ ਵੱਡੇ ਪੱਧਰ ’ਤੇ  ਚੱਲ ਰਹੇ ਫਰਜ਼ੀਵਾੜੇ ਨੂੰ ਉਜਾਗਰ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਵਿਚ ਨਿੱਜੀ ਕੰਪਨੀ ਦੇ  ਕਰਮਚਾਰੀਆਂ ਵਲੋਂ ਗਲਤ ਬੈਕਲਾਗ ਐਂਟਰੀ ਕਰਨ ਦੇ ਨਾਲ-ਨਾਲ ਲਾਇਸੈਂਸ ਦੀ ਫੋਟੋ ਐਡਿਟ ਕਰ  ਕੇ ਵੱਡੇ ਪੱਧਰ ’ਤੇ ਕੀਤੇ ਗਏ ਫਰਜ਼ੀਵਾੜੇ ਨੂੰ ਉਜਾਗਰ ਕੀਤਾ ਗਿਆ ਹੈ, ਜਿਸ ਵਿਚ ਹੁਣ ਤਕ 3  ਜਾਅਲੀ ਹੈਵੀ ਲਾਇਸੈਂਸਾਂ ਦੀ ਡਿਟੇਲ ਦੇ ਨਾਲ ਖਬਰਾਂ ਪ੍ਰਕਾਸ਼ਤ ਕੀਤੀਆਂ ਜਾ ਚੁੱਕੀਆਂ  ਹਨ। ਹੁਸ਼ਿਆਰਪੁਰ ਵਿਚ ਚੱਲ ਰਹੇ ਜਾਅਲੀ ਹੈਵੀ ਲਾਇਸੈਂਸ ਸਕੈਂਡਲ ਦੀ ਜਾਂਚ ਫਿਲਹਾਲ ਜਾਰੀ  ਹੈ, ਜਿਸ ਦੇ ਲਈ ਨਿੱਜੀ ਕੰਪਨੀ ਵਲੋਂ ਜ਼ੋਨਲ ਹੈੱਡ ਕੁਲਦੀਪ ਰਾਵਲ ਨੂੰ ਇਸ ਪੂਰੇ ਮਾਮਲੇ ਦੀ  ਟੈਕਨੀਕਲ ਪੜਤਾਲ ਲਈ ਹੁਸ਼ਿਆਰਪੁਰ ਭੇਜਿਆ ਸੀ। 
ਸੂਤਰਾਂ ਦੀ ਮੰਨੀਏ ਤਾਂ ਇੰਨੇ ਵੱਡੇ ਪੱਧਰ  ’ਤੇ ਅੰਜਾਮ ਦਿੱਤੇ ਗਏ ਫਰਜ਼ੀਵਾੜੇ ਵਿਚ ਇਕ ਪਿਤਾ-ਪੁੱਤਰ ਦੀ ਭੂਮਿਕਾ ਵੀ ਸਾਹਮਣੇ ਆ ਰਹੀ  ਹੈ ਕਿਉਂਕਿ ਪੁੱਤਰ ਨਿੱਜੀ ਕੰਪਨੀ ਵਿਚ ਚੰਗੀ ਪੋਸਟ ’ਤੇ ਕੰਮ ਰਿਹਾ ਹੈ ਤੇ ਉਸ ਦਾ ਪਿਤਾ  ਪਿਛਲੇ ਲੰਮੇ ਸਮੇਂ ਤੋਂ ਟਰਾਂਸਪੋਰਟ ਵਿਭਾਗ ਵਿਚ ਬਤੌਰ ਏਜੰਟ ਆਪਣਾ ਕਾਰੋਬਾਰ ਕਰ ਰਿਹਾ  ਹੈ। ਇਨ੍ਹਾਂ ਦੋਹਾਂ ਦੀ ਆਪਸੀ ਮਿਲੀਭੁਗਤ ਨਾਲ ਕਈ ਵੱਡੇ ਕਾਰਨਾਮੇ ਕਰਨ ਦੀ ਚਰਚਾ ਹੈ।  ਸੱਚਾਈ ਦਾ ਪਤਾ ਤਾਂ ਮਾਮਲੇ ਦੀ ਜਾਂਚ-ਪੜਤਾਲ ਵਿਚ ਹੀ ਲੱਗੇਗਾ ਪਰ ਇੰਨਾ ਤੈਅ ਹੈ ਕਿ  ਦੋਵਾਂ ਦੀ ਇਸ ਮਾਮਲੇ ਵਿਚ ਕਿਤੇ ਨਾ ਕਿਤੇ ਮੁੱਖ ਭੂਮਿਕਾ ਜ਼ਰੂਰ ਹੈ।
ਨਿੱਜੀ ਕੰਪਨੀ  ਦੇ ਕਰਮਚਾਰੀਆਂ ਵਲੋਂ ਬਣਾਏ ਗਏ ਜਾਅਲੀ ਹੈਵੀ ਲਾਇਸੈਂਸਾਂ ਦੀ ਲੜੀ ਵਿਚ ਇਕ ਹੋਰ ਜਾਅਲੀ  ਹੈਵੀ ਲਾਇਸੈਂਸ ਬਣਾਏ ਜਾਣ ਦਾ ਪਤਾ ਲੱਗਦਾ ਹੈ, ਜਿਸ ਵਿਚ ਨਿੱਜੀ ਕੰਪਨੀ ਦੇ ਕਰਮਚਾਰੀਆਂ  ਨੇ ਬੜੀ ਚਲਾਕੀ ਵਰਤਦਿਆਂ ਕਿਸੇ ਹੋਰ ਸ਼ਹਿਰ ਵਿਚ ਬੈਕਲਾਗ ਐਂਟਰੀ ਕਰ ਕੇ ਦੂਜੇ ਸ਼ਹਿਰ ਤੋਂ  ਡੁਪਲੀਕੇਟ ਪ੍ਰਿੰਟ ਕੱਢਣ ਦੀ ਕਰਾਮਾਤ ਨੂੰ ਅੰਜਾਮ ਦਿੱਤਾ।
ਕੀ ਹੈ ਮਾਮਲਾ, ਕਿਵੇਂ ਦਿੱਤਾ ਗਿਆ ਫਰਜ਼ੀਵਾੜੇ ਨੂੰ ਅੰਜਾਮ
ਸੂਤਰਾਂ  ਤੋਂ ਮਿਲੀ ਜਾਣਕਾਰੀ ਅਨੁਸਾਰ ਲਾਇਸੈਂਸ ਨੰਬਰ ਪੀ ਬੀ-022013:::::::1 ਦਾ ਡੁਪਲੀਕੇਟ  ਪ੍ਰਿੰਟ ਅੰਮ੍ਰਿਤਸਰ ਆਰ. ਟੀ. ਏ. ਦਫਤਰ ਵਿਚੋਂ ਕੱਢਿਆ ਗਿਆ ਪਰ ਇਸ ਵਾਰ ਅੰਮ੍ਰਿਤਸਰ ਤੋਂ  ਬੈਕਲਾਗ ਐਂਟਰੀ ਕਰਨ ਦੀ ਥਾਂ ਚਲਾਕੀ ਵਰਤਦਿਆਂ ਰਾਜਪੁਰਾ ਤੋਂ ਇਸ ਲਾਇਸੈਂਸ ਦੀ ਬੈਕਲਾਗ  ਐਂਟਰੀ ਕੀਤੀ ਗਈ ਤਾਂ ਜੋ ਕਿਸੇ ਨੂੰ ਅਸਾਨੀ ਨਾਲ ਇਸ ਲਾਇਸੈਂਸ ਬਾਰੇ ਪਤਾ ਨਾ ਲੱਗ ਸਕੇ।  ਨਿੱਜੀ ਕੰਪਨੀ ਦੇ ਕਰਮਚਾਰੀਆਂ ਨੇ ਆਪਣੀਆਂ ਪੁਰਾਣੀਆਂ ਗਲਤੀਆਂ ਵਿਚ ਸੁਧਾਰ ਕਰਦਿਆਂ ਇਸ  ਵਾਰ ਆਪਣੇ ਕੰਮ ਦਾ ਤਰੀਕਾ ਬਦਲਿਆ ਅਤੇ ਬਿਨੇਕਾਰ ਦੀ ਫੋਟੋ ਐਡਿਟ ਕਰਨ ਦੀ ਥਾਂ ਉਸ ਨੂੰ  ਅੰਮ੍ਰਿਤਸਰ ਆਰ. ਟੀ. ਏ. ਦਫਤਰ ਵਿਚ ਬੁਲਾ ਕੇ ਫੋਟੋ ਕਰਵਾਈ ਤਾਂ ਜੋ ਲਾਇਸੈਂਸ ਵਿਚ ਕੋਈ  ਵੀ ਡਾਟਾ ਜਾਅਲੀ ਨਾ ਨਜ਼ਰ ਆਵੇ। ਇਸ ਲਾਇਸੈਂਸ ਵਿਚ ਬਾਕਾਇਦਾ ਬਿਨੇਕਾਰ ਦਾ ਮੋਬਾਇਲ ਨੰਬਰ  ਵੀ ਦਰਜ ਕੀਤਾ ਗਿਆ ਹੈ ਤਾਂ ਜੋ ਫਰਜ਼ੀਵਾੜਾ ਕਿਸੇ ਦੀ ਪਕੜ ਵਿਚ ਨਾ ਆ ਸਕੇ।

ਪੂਰੇ ਸੂਬੇ ’ਚ ਨਿੱਜੀ ਕੰਪਨੀ ਦੇ ਕਰਮਚਾਰੀ ਇਕ-ਦੂਜੇ ਨਾਲ  ਤਾਲਮੇਲ ਕਰ ਕੇ ਕਰ ਰਹੇ ਹਨ ਜਾਅਲਸਾਜ਼ੀ
ਸੂਤਰਾਂ  ਦੀ ਮੰਨੀਏ ਤਾਂ ਮੌਜੂਦਾ ਸਮੇਂ ’ਚ ਵੱਡੀ ਗਿਣਤੀ ਵਿਚ ਨਿੱਜੀ ਕੰਪਨੀ ਦੇ ਕਰਮਚਾਰੀ ਸੂਬੇ  ਵਿਚ ਆਪਸ ਵਿਚ ਤਾਲਮੇਲ ਕਰ ਕੇ ਜਾਅਲਸਾਜ਼ੀ ਨੂੰ ਅੰਜਾਮ ਦੇ ਰਹੇ ਹਨ। ਵ੍ਹਟਸਐਪ ’ਤੇ  ਬਿਨੇਕਾਰ ਦੀ ਸਾਰੀ ਡਿਟੇਲ ਦੂਜੇ ਜ਼ਿਲੇ ਵਿਚ ਕੰਮ ਕਰਨ ਵਾਲੇ ਕਰਮਚਾਰੀ ਕੋਲ ਭੇਜੀ ਜਾਂਦੀ  ਹੈ, ਜਿਥੇ ਉਹ ਗਲਤ ਬੈਕਲਾਗ ਐਂਟਰੀ ਕਰ ਕੇ ਆਪਣੇ ਹਿੱਸੇ ਦੀ ਜ਼ਿੰਮੇਵਾਰੀ ਪੂਰੀ ਕਰ ਲੈਂਦਾ  ਹੈ, ਜਿਸ ਤੋਂ ਬਾਅਦ ਬਿਨੇਕਾਰ ਦੀ ਫੋਟੋ ਕਰਵਾ ਕੇ ਉਸ ਨੂੰ ਡੁਪਲੀਕੇਟ ਲਾਇਸੈਂਸ ਪ੍ਰਿੰਟ  ਕਢਵਾ ਦਿੱਤਾ ਜਾਂਦਾ ਹੈ। ਇਸ ਕੰਮ ਵਿਚ ਰਿਸਕ ਘੱਟ ਹੁੰਦਾ ਹੈ ਕਿਉਂਕਿ ਜ਼ਿਆਦਾਤਰ ਮਾਮਲਿਆਂ  ਵਿਚ ਬਿਨੇਕਾਰ ਦੇ ਸ਼ਹਿਰ ਵਾਲੇ ਆਰ. ਟੀ. ਏ. ਦਫਤਰ ਵਿਚ ਹੀ ਉਸ ਦੀ ਡਿਟੇਲ ਦੀ ਜਾਂਚ  ਕੀਤੀ ਜਾਂਦੀ ਹੈ। ਦੂਜੇ ਜ਼ਿਲਿਆਂ ਤੋਂ ਹੋਈ ਬੈਕਲਾਗ ਐਂਟਰੀ ਵੱਲ ਕੋਈ ਖਾਸ ਧਿਆਨ ਨਹੀਂ  ਦਿੱਤਾ ਜਾਂਦਾ।