ਕੂਡ਼ੇ ਦੇ ਡੰਪ ਤੋਂ ਪਰੇਸ਼ਾਨ ਹਜ਼ਾਰਾਂ ਲੋਕ ਕਰਨਗੇ ਸੰਘਰਸ਼

07/06/2018 6:05:28 AM

ਪਟਿਆਲਾ(ਜੋਸਨ)-ਸਥਾਨਕ ਸਨੌਰੀ ਅੱਡੇ ਕੋਲ ਪਿਛਲੇ ਲੰਬੇ ਸਮੇ ਤੋਂ ਕੂਡ਼ੇ ਦਾ ਡੰਪ ਲੋਕਾਂ ਲਈ ਪ੍ਰੇਸ਼ਾਨੀਆਂ ਦਾ ਸਬੱਬ ਬਣਿਆ ਹੋਇਆ ਹੈ। ਇਸ ਡੰਪ ਕਾਰਨ ਜਿਥੇ ਨੇਡ਼ਲੇ ਘਰਾਂ ਵਿਚ ਏ. ਸੀ ਅਤੇ ਫਰਿਜਾਂ ਖਰਾਬ ਹੋਣੀਆਂ ਸ਼ੁਰੂ ਹੋ ਗਈਅਾਂ ਹਨ, ਉਥੇ ਹੀ ਭਿਆਨਕ ਬੀਮਾਰੀਅਾਂ ਫੈਲਣ ਦਾ ਡਰ ਬਣਦਾ ਜਾ ਰਿਹਾ ਹੈ। ਹੁਣ ਇਲਾਕੇ ਦੇ ਲੋਕਾਂ ਨੇ ਇਸ ਖਿਲਾਫ ਸੰਘਰਸ਼ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।  ਮੁਹੱਲਾ ਨਿਵਾਸੀਆ ਦਾ ਕਹਿਣਾ ਹੈ ਕਿ ਪਿਛਲੇ 10 ਸਾਲ ਤੋਂ ਸਰਕਾਰਾਂ ਇਹੀ ਲਾਰਾ ਲਾ ਰਹੀਆਂ ਹਨ ਕਿ ਇਸ ਡੰਪ ਨੂੰ ਸ਼ਿਫਟ ਕੀਤਾ ਜਾ ਰਿਹਾ ਹੈ। ਅੱਜ ਤੱਕ ਇਹ ਡੰਪ ਉਥੇ ਦਾ ਉਥੇ ਹੀ ਖੜ੍ਹਾ ਹੈ। ਇਸ ਨੂੰ ਸ਼ਿਫਟ ਕਰਨ ਲਈ ਕੋਈ ਵੀ ਕਾਰਵਾਈ ਨਹੀਂ ਹੋ ਰਹੀ। ਮੁਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਪਹਿਲਾਂ ਅਕਾਲੀ ਸਰਕਾਰ ਨੇ ਰੌਲਾ ਪਾਇਆ ਸੀ ਕਿ ਇਸ ਡੰਪ ਨੂੰ ਦੁੱਧਡ਼ ਵਿਖੇ ਸ਼ਿਫਟ ਕੀਤਾ ਜਾ ਰਿਹਾ ਹੈ। ਸਰਕਾਰਾਂ ਨੇ ਲਾਰੇ ਲਾ ਕੇ 2 ਦਹਾਕਿਆਂ ਤੋਂ ਵੱਧ ਦਾ ਸਮਾਂ ਕੱਢ ਦਿੱਤਾ  ਹੈ। ਡੰਪ ਸ਼ਿਫਟ ਨਹੀਂ ਕੀਤਾ। ਇਸ ਲਈ ਜੇਕਰ  ਡੰਪ ਜਲਦੀ ਸ਼ਿਫਟ ਨਾ ਕੀਤਾ ਗਿਆ ਤਾਂ ਇਥੇ ਭਿਆਨਕ ਬੀਮਾਰੀਆਂ ਫੈਲ ਸਕਦੀਆ ਹਨ।  ਡੰਪ ਵਿਚੋਂ ਆ ਰਹੀ ਗੰਦੀ ਹਵਾ ਅਤੇ ਪ੍ਰਦੂਸ਼ਣ ਕਾਰਨ ਏ. ਸੀ. ਅਤੇ ਫਰਿਜਾਂ ਵਿਚ ਪੈਣ ਵਾਲੀ ਗੈਸ ਜਲਦੀ ਖਰਾਬ ਹੋ ਜਾਂਦੀ ਹੈ।  ਉਨ੍ਹਾਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਇਸ ਡੰਪ ਨੂੰ ਸ਼ਿਫਟ ਕੀਤਾ ਜਾਵੇ।  ਇਸ ਸਬੰਧੀ ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਡੰਪ ਨੂੰ ਲੈ ਕੇ ਕੰਮ ਜਾਰੀ ਹੈ । ਛੇਤੀ ਹੀ ਸਾਰਥਕ ਨਤੀਜੇ ਆਉਣਗੇ।