ਵਿਧਾਇਕ ਪਿੰਕੀ ਸਦਕਾ 23 ਸਾਲ ਬਾਅਦ ਸ਼ੁਰੂ ਹੋਇਆ ਦੁਲਚੀਕੇ ਰੋਡ ਦਾ ਨਿਰਮਾਣ ਕਾਰਜ

05/26/2018 12:21:21 PM

ਫਿਰੋਜ਼ਪੁਰ (ਮਲਹੋਤਰਾ) : ਸ਼ਹੀਦਾਂ ਦੇ ਸ਼ਹਿਰ ਦੇ ਲੋਕਾਂ ਦੀ ਪਿਛਲੇ ਲੰਬੇ ਸਮੇਂ ਤੋਂ ਸੜਕਾਂ ਤੇ ਗਲੀਆਂ ਬਣਵਾਉਣ ਦੀ ਮੰਗ ਨੂੰ ਪੂਰਾ ਕਰਦੇ ਹੋਏ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੀਆਂ ਗ੍ਰਾਂਟਾਂ ਨਾਲ ਵਿਧਾਇਕ ਪਰਮਿੰਦਰ ਪਿੰਕੀ ਨੇ ਵਿਕਾਸ ਦੇ ਕੰਮ ਸ਼ੁਰੂ ਕਰਵਾ ਦਿੱਤੇ ਹਨ। ਪਿੰਕੀ ਨੇ ਕਿਹਾ ਕਿ ਵਿਧਾਨਸਭਾ ਖੇਤਰ ਫਿਰੋਜ਼ਪੁਰ ਸ਼ਹਿਰ ਦੇ ਹਰ ਇਲਾਕੇ ਦਾ ਬਿਨਾਂ ਭੇਦਭਾਵ ਵਿਕਾਸ ਲਗਾਤਾਰ ਜਾਰੀ ਰਹੇਗਾ ਤੇ ਵਿਕਾਸ ਦੇ ਕੰਮਾਂ ਵਿਚ ਕਿਸੇ ਨਾਲ ਪੱਖਪਾਤ ਦੀ ਨੀਤੀ ਨਹੀਂ ਅਪਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗਠਬੰਧਨ ਸਰਕਾਰ ਦੌਰਾਨ ਜ਼ਿਲ੍ਹੇ ਦੇ ਸਰਹੱਦੀ ਪਿੰਡਾਂ ਦੇ ਲੋਕ ਦੁਲਚੀਕੇ ਰੋਡ ਬਣਾਉਣ ਨੂੰ ਲੈ ਕੇ ਦੁਹਾਈ ਦਿੰਦੇ ਰਹੇ ਪਰ ਉਨ੍ਹਾਂ ਦੀ ਕਿਸੇ ਨੇ ਨਾ ਸੁਣੀ। 
ਕਾਂਗਰਸ ਸਰਕਾਰ ਨੇ ਸੱਤਾ ਵਿਚ ਆਉਂਦਿਆਂ ਹੀ ਲੱਖਾਂ ਲੋਕਾਂ ਲਈ ਇਸ ਸੜਕ ਦੇ ਨਿਰਮਾਣ ਦੀ ਮੰਜੂਰੀ ਦਿੱਤੀ ਤੇ ਹੁਣ 30 ਲੱਖ ਰੁਪਏ ਦੀ ਲਾਗਤ ਨਾਲ 23 ਸਾਲ ਬਾਅਦ ਇਸ ਰੋਡ ਦਾ ਕਾਇਆ ਕਲਪ ਹੋਣ ਜਾ ਰਿਹਾ ਹੈ। ਪਿੰਕੀ ਨੇ ਦੁਲਚੀਕੇ ਰੋਡ 'ਤੇ ਕੰਮ ਸ਼ੁਰੂ ਕਰਵਾਉਣ ਤੋਂ ਇਲਾਵਾ ਵਾਰਡ 13 ਵਿਚ ਬਗਦਾਦੀ ਗੇਟ ਵਿਚ 19 ਲੱਖ ਰੁਪਏ ਦੀ ਲਾਗਤ ਨਾਂਲ ਰੋਡ ਨਿਰਮਾਣ ਦਾ ਕੰਮ ਅਤੇ ਵਾਰਡ 30 ਵਿਚ 15 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ ਬਣਵਾਉਣ ਦਾ ਕੰਮ ਸ਼ੁਰੂ ਕਰਵਾਇਆ ਹੈ। ਪਿੰਕੀ ਨੇ ਕਿਹਾ ਕਿ ਇਸ ਖੇਤਰ ਫਿਰੋਜ਼ਪੁਰ ਦੇ ਕਿਸੇ ਪਿੰਡ ਜਾਂ ਵਾਰਡ 'ਚ ਅੱਜ ਤੱਕ ਜਿੱਥੇ ਗਲੀਆਂ ਨਹੀਂ ਬਣੀਆਂ, ਉਥੇ ਵਿਕਾਸ ਦੇ ਕੰਮਾਂ ਨੂੰ ਪਹਿਲ ਦੇ ਅਧਾਰ 'ਤੇ ਕਰਵਾਇਆ ਜਾ ਰਿਹਾ ਹੈ।  
ਵਿਕਾਸ ਕੰਮ ਸ਼ੁਰੂ ਕਰਵਾਉਣ ਮੌਕੇ ਈ.ਓ. ਪਰਮਿੰਦਰ ਸਿੰਘ, ਐੱਮ. ਈ. ਐੱਸ. ਐੱਸ. ਬਹਿਲ, ਜੇ. ਈ. ਲਵਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਜਾਣ ਵਾਲੀਆਂ ਗ੍ਰਾਂਟਾਂ ਨਾਲ ਸ਼ਹਿਰ ਦੇ ਹਰ ਖੇਤਰ ਵਿਚ ਅੱਵਲ ਦਰਜੇ ਦਾ ਕੰਮ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਬਲਾਕ ਪ੍ਰਧਾਨ ਰਿੰਕੂ ਗਰੋਵਰ, ਬੋਹੜ ਸਿੰਘ, ਪਰਮਿੰਦਰ ਹਾਂਡਾ, ਸੁਖਜਿੰਦਰ ਸਿੰਘ, ਸਤਨਾਮ ਸਿੰਘ, ਦਲਜੀਤ ਸਿੰਘ ਆਦਿ ਸ਼ਹਿਰ ਦੇ ਪਤਵੰਤੇ ਉਨ੍ਹਾਂ ਨਾਲ ਮੌਜੂਦ ਸਨ।