ਅਨਾਜ ਮੰਡੀ ਵਾਸਤੇ ਰਸਤਾ ਖੁਲ੍ਹਵਾਉਣ ਲਈ ਠੋਕਿਆ ਧਰਨਾ

11/18/2017 7:27:59 AM

ਬਨੂੜ, (ਗੁਰਪਾਲ)- ਬਨੂੜ ਸ਼ਹਿਰ ਦੀ ਹੱਦ ਵਿਚੋਂ ਲੰਘਦੇ ਰਾਸ਼ਟਰੀ ਰਾਜ ਮਾਰਗ 'ਤੇ ਉਸਾਰੇ ਜਾ ਰਹੇ ਓਵਰਬ੍ਰਿਜ ਵਿਚੋਂ ਅਨਾਜ ਮੰਡੀ ਸੜਕ ਲਈ ਰਸਤਾ ਲੈਣ ਲਈ ਸ਼ਹਿਰ ਦੇ ਵਸਨੀਕਾਂ ਨੇ ਕੌਮੀ ਮਾਰਗ 'ਤੇ ਧਰਨਾ ਠੋਕਿਆ। ਦੱਸਣਸੋਗ ਹੈ ਕਿ ਸ਼ਹਿਰ ਦੀ ਹੱਦ ਵਿਚੋਂ ਲੰਘਦੇ ਰਾਸ਼ਟਰੀ ਰਾਜ ਮਾਰਗ 'ਤੇ ਓਵਰਬ੍ਰਿਜ ਉਸਾਰਿਆ ਜਾ ਰਿਹਾ ਹੈ। ਇਸ ਮਿੱਟੀ ਵਾਲੇ ਉਸਾਰੇ ਜਾ ਰਹੇ ਓਵਰਬ੍ਰਿਜ ਵਿਚ ਅਨਾਜ ਮੰਡੀ ਨੂੰ ਜਾਣ ਵਾਲੀ ਸੜਕ ਨੂੰ ਰਸਤਾ ਨਹੀਂ ਦਿੱਤਾ ਜਾ ਰਿਹਾ। ਇਸ ਤੋਂ ਭੜਕੇ ਇਲਾਕੇ ਦੇ ਵਸਨੀਕਾਂ ਤੇ ਸ਼ਹਿਰ ਵਾਸੀਆਂ ਨੇ ਅੱਜ ਸਵੇਰੇ 11 ਵਜੇ ਸ਼ਹਿਰ ਭਲਾਈ ਮੰਚ ਦੇ ਪ੍ਰਧਾਨ ਕਰਨਵੀਰ ਸ਼ੈਂਟੀ ਥੰਮਣ, ਜਗਜੀਤ ਸਿੰਘ ਛੜਬੜ, ਕਾਮਰੇਡ ਪ੍ਰੇਮ ਸਿੰਘ ਘੜਾਮਾ ਤੇ ਗੁਰਦਰਸ਼ਨ ਖਾਸਪੁਰ ਦੀ ਅਗਵਾਈ ਹੇਠ ਨੈਸ਼ਨਲ ਹਾਈਵੇ 'ਤੇ ਪ੍ਰਸ਼ਾਸਨ ਖਿਲਾਫ ਧਰਨਾ ਠੋਕਿਆ। 
ਇਸ ਧਰਨੇ ਨੂੰ ਸੰਬੋਧਨ ਕਰਦਿਆਂ ਧਰਨਾਕਾਰੀਆਂ ਨੇ ਕਿਹਾ ਕਿ ਲੋੜ ਦੇ ਬਾਵਜੂਦ ਅਨਾਜ ਮੰਡੀ ਨੂੰ ਜਾਣ ਵਾਲੀ ਸੜਕ ਲਈ ਓਵਰਬ੍ਰਿਜ ਵਿਚ ਰਸਤਾ ਨਹੀਂ ਦਿੱਤਾ ਜਾ ਰਿਹਾ। ਸ਼ਹਿਰ ਦੇ ਵਸਨੀਕਾਂ ਦੀ ਜ਼ੋਰਦਾਰ ਮੰਗ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਓਵਰਬ੍ਰਿਜ ਵਿਚ ਸੜਕ ਲਈ ਲਾਂਘਾ ਨਾ ਦੇਣ ਕਾਰਨ ਇਲਾਕੇ ਦੇ ਕਿਸਾਨਾਂ ਤੇ ਵਸਨੀਕਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਧਰਨਾਕਾਰੀਆਂ ਨੇ ਕਿਹਾ ਕਿ ਓਵਰਬ੍ਰਿਜ ਬਣਨ ਨਾਲ ਸ਼ਹਿਰ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੈ। ਜਦੋਂ ਇਸ ਧਰਨੇ ਬਾਰੇ ਥਾਣਾ ਮੁਖੀ ਸ਼ਮਿੰਦਰ ਸਿੰਘ ਨੂੰ ਪਤਾ ਲੱਗਾ ਤਾਂ ਉਹ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਇਸ ਬਾਰੇ ਨਾਇਬ-ਤਹਿਸੀਲਦਾਰ ਜਸਵੀਰ ਕੌਰ ਨੂੰ ਮੌਕੇ 'ਤੇ ਬੁਲਾਇਆ ਤੇ ਧਰਨਾਕਾਰੀਆਂ ਨੇ ਪ੍ਰਸ਼ਾਸਨ ਦੇ ਨਾਂ 'ਤੇ ਅਨਾਜ ਮੰਡੀ ਲਈ ਰਸਤਾ ਖੁਲ੍ਹਵਾਉਣ ਲਈ ਮੰਗ-ਪੱਤਰ ਸੌਂਪਿਆ। ਉਨ੍ਹਾਂ ਕਿਹਾ ਕਿ ਜੇਕਰ ਪਰਸੋਂ ਤੱਕ ਉਨ੍ਹਾਂ ਦੀ ਜਾਇਜ਼ ਮੰਗ ਨੂੰ ਨਾ ਮੰਨਿਆ ਗਿਆ ਤਾਂ ਉਹ ਇਲਾਕੇ ਦੇ ਵਸਨੀਕਾਂ ਦੀ ਮਦਦ ਨਾਲ ਵੱਡਾ ਸੰਘਰਸ਼ ਉਲੀਕਣਗੇ।  ਮੌਕੇ 'ਤੇ ਪਹੁੰਚੇ ਨਾਇਬ-ਤਹਿਸੀਲਦਾਰ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਓਵਰਬ੍ਰਿਜ ਦੀ ਉਸਾਰੀ ਦਾ ਕੰਮ ਬੰਦ ਕਰਵਾ ਦਿੱਤਾ ਜਾਵੇਗਾ। ਬੰਦ ਕੀਤਾ ਰਸਤਾ ਖੋਲ੍ਹ ਦੇਣ ਕਾਰਨ ਧਰਨਾਕਾਰੀਆਂ ਨੇ ਧਰਨਾ ਚੁੱਕ ਲਿਆ। ਇਸ ਸਮੇਂ ਅਵਤਾਰ ਸਿੰਘ, ਸਤਪਾਲ ਰਾਜੋਮਾਜਰਾ, ਹੈਪੀ ਕਟਾਰੀਆ, ਰਿੰਕੂ ਸਲੇਮਪੁਰੀਆ, ਡਾ. ਭੁਪਿੰਦਰ ਮਨੌਲੀ ਸੂਰਤ, ਕਾਮਰੇਡ ਹਰੀ ਚੰਦ, ਜੱਸਾ ਸੰਧੂ, ਜੋਤੀ ਸੰਧੂ, ਸੁਖਵਿੰਦਰ ਸੁੱਖਾ ਤੇ ਕਰਮਜੀਤ ਹੁਲਕਾਂ ਤੋਂ ਇਲਾਵਾ ਇਲਾਕੇ ਦੇ 200 ਦੇ ਲਗਭਗ ਵਸਨੀਕ ਹਾਜ਼ਰ ਸਨ।