ਠੇਕੇਦਾਰ ਦੇ ਘਰ ਦੇ ਬਾਹਰ ਦਿੱਤਾ ਧਰਨਾ

04/21/2018 4:35:27 AM

ਕਪੂਰਥਲਾ, (ਮਲਹੋਤਰਾ)- ਹਾਟ ਮਿਕਸ ਪਲਾਂਟ ਯੂਨੀਅਨ ਮੈਂਬਰਾਂ ਵੱਲੋਂ ਪੁਰਾਣੀ ਦਾਣਾ ਮੰਡੀ ਇਕ ਠੇਕੇਦਾਰ ਦੇ ਘਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਨਾਅਰੇਬਾਜ਼ੀ ਕੀਤੀ ਗਈ। ਧਰਨਾ ਪ੍ਰਦਰਸ਼ਨ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਬਲਵਿੰਦਰ ਸਿੰਘ ਨੇ ਦਸਿਆ ਕਿ ਠੇਕੇਦਾਰ ਰੋਹਿਤ ਅਗਰਵਾਲ ਨੇ ਸੂਬੇ ਦੇ ਵੱਖ-ਵੱਖ ਸ਼ਹਿਰਾਂ 'ਚ ਸਰਕਾਰੀ ਨਿਯਮਾਂ ਦੀ ਉਲੰਘਣਾ ਕਰ ਕੇ ਟੈਂਡਰ ਭਰੇ ਹਨ, ਜਦਕਿ ਯੂਨੀਅਨ ਦੇ ਮੈਂਬਰਾਂ ਨੇ ਸਰਬਸੰਮਤੀ ਨਾਲ ਫੈਸਲਾ ਲਿਆ ਸੀ ਕਿ ਕੋਈ ਵੀ ਠੇਕੇਦਾਰ ਘੱਟ ਰੇਟ 'ਚ ਟੈਂਡਰ ਨਹੀਂ ਭਰੇਗਾ। ਉਕਤ ਨਿਰਮਾਣ ਨੂੰ ਲੈ ਕੇ ਅਗਰਵਾਲ ਨੂੰ ਜਾਣਕਾਰੀ ਸੀ ਕਿ ਅਗਰਵਾਲ ਨੇ ਸਬੰਧਿਤ ਵਿਭਾਗਾਂ ਦੇ ਘੱਟ ਰੇਟ 'ਚ ਟੈਂਡਰ ਭਰ ਕੇ ਖਾਨਾਪੂਰਤੀ ਪੂਰੀ ਕਰ ਦਿੱਤੀ। ਉਨ੍ਹਾਂ ਨੇ ਕਿਹਾ ਕਿ ਨਿਰਮਾਣ ਕੰਮ ਦੀ ਸਮੱਗਰੀ ਦਾ ਰੇਟ ਮਹਿੰਗਾਈ ਦੇ ਦੌਰ 'ਚ ਕਾਫੀ ਵੱਧ ਚੜ੍ਹ ਚੁੱਕਾ ਹੈ। ਇਸ ਸਥਿਤੀ 'ਚ ਨਿਰਮਾਣ ਕੰਮ ਘੱਟ ਰੇਟ 'ਤੇ ਕਰਨਾ ਕਿਸੇ ਵੀ ਠੇਕੇਦਾਰ ਦੇ ਲਈ ਸੰਭਵ ਨਹੀਂ ਹੈ। ਅਜਿਹੇ 'ਚ ਅਗਰਵਾਲ ਵੱਲੋਂ ਘੱਟ ਰੇਟ 'ਚ ਟੈਂਡਰ ਭਰਨਾ ਯੂਨੀਅਨ ਦੇ ਕਿਸੇ ਵੀ ਮੈਂਬਰ ਨੂੰ ਸਮਝ ਨਹੀਂ ਆ ਰਿਹਾ ਹੈ।
ਜਦਕਿ ਦੂਸਰੇ ਪਾਸੇ ਪੁਰਾਣੀ ਦਾਣਾ ਮੰਡੀ ਪਰਿਸਰ ਦੇ ਨਿਵਾਸੀਆਂ ਨੂੰ ਧਰਨਾ ਪ੍ਰਦਰਸ਼ਨ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਰਿਹਾਇਸ਼ੀ ਖੇਤਰ 'ਚ ਪ੍ਰਦਰਸ਼ਨ ਕਰਨ ਦਾ ਵਿਰੋਧ ਕਰਦੇ ਹੋਏ ਹਾਟ ਮਿਕਸ ਪਲਾਂਟ ਯੂਨੀਅਨ ਦੇ ਮੈਂਬਰਾਂ ਸਾਹਮਣੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਗੱਲ ਦੀ ਸੂਚਨਾ ਜਦੋਂ ਥਾਣਾ ਸਿਟੀ ਪੁਲਸ ਨੂੰ ਪਹੁੰਚੀ ਤਾਂ ਮੌਕੇ 'ਤੇ ਥਾਣਾ ਸਿਟੀ ਦੇ ਐੱਸ. ਐੱਚ. ਓ. ਗੱਬਰ ਸਿੰਘ, ਸਬ ਇੰਸਪੈਕਟਰ ਦਰਸ਼ਨ ਸਿੰਘ, ਪੀ. ਸੀ. ਆਰ. ਪ੍ਰਭਾਰੀ ਸੁਰਜੀਤ ਸਿੰਘ ਪੱਤੜ, ਕਿਆਊ. ਆਰ. ਟੀ. ਪੁਲਸ ਟੀਮ ਦੇ ਇਲਾਵਾ ਵੱਡੀ ਗਿਣਤੀ 'ਚ ਪੁਲਸ ਫੋਰਸ ਪੁਰਾਣੀ ਦਾਣਾ ਮੰਡੀ ਪਰਿਸਰ 'ਚ ਪਹੁੰਚੀ। 
ਐੱਸ. ਐੱਚ. ਓ. ਗੱਬਰ ਸਿੰਘ ਨੇ ਹਾਟ ਮਿਕਸ ਪਲਾਂਟ ਯੂਨੀਅਨ ਦੇ ਮੈਂਬਰਾਂ ਨੂੰ ਸ਼ਾਂਤ ਕਰਨ ਦਾ ਯਤਨ ਕਰਦੇ ਹੋਏ ਕਿਹਾ ਕਿ ਉਹ ਇਸ ਸੰਦਰਭ 'ਚ ਠੇਕੇਦਾਰ ਰੋਹਿਤ ਅਗਰਵਾਲ ਦੇ ਨਾਲ ਉਨ੍ਹਾਂ ਦੀ ਬੈਠਕ ਕਰਵਾ ਸਕਦੇ ਹਨ ਪਰ ਪ੍ਰਦਰਸ਼ਨਕਾਰੀ ਮੌਕੇ 'ਤੇ ਅਗਰਵਾਲ ਨੂੰ ਬੁਲਾਉਣ ਦੀ ਜ਼ਿੱਦ 'ਤੇ ਅੜੇ ਰਹੇ। 
ਦੂਜੇ ਪਾਸੇ ਪੁਰਾਣੀ ਦਾਣਾ ਮੰਡੀ ਦੇ ਖੇਤਰ ਨਿਵਾਸੀਆਂ ਦੇ ਰੋਸ ਪ੍ਰਦਰਸ਼ਨ ਨੂੰ ਲੈ ਕੇ ਸਥਿਤੀ ਤਣਾਅਪੂਰਨ ਬਣ ਗਈ। ਐੱਸ. ਐੱਚ. ਓ. ਸਿਟੀ ਗੱਬਰ ਸਿੰਘ ਨੇ ਮੌਕੇ 'ਤੇ ਬੱਸ ਦਾ ਪ੍ਰਬੰਧ ਕੀਤਾ ਤੇ ਹਾਟ ਮਿਕਸ ਪਲਾਂਟ ਯੂਨੀਅਨ ਦੇ 50 ਦੇ ਕਰੀਬ ਪ੍ਰਦਰਸ਼ਨਕਾਰੀਆਂ ਨੂੰ ਰਾਊਂਡਅਪ ਕਰ ਲਿਆ। ਅੰਤਿਮ ਸਮਾਚਾਰ ਲਿਖੇ ਜਾਣ ਤਕ ਥਾਣਾ ਸਿਟੀ ਪੁਲਸ ਅਗਲੀ ਕਾਨੂੰਨੀ ਪ੍ਰੀਕਿਰਿਆ ਕਰਨ 'ਚ ਲੱਗ ਗਈ ਸੀ। ਇਸ ਮੌਕੇ ਬਲਦੇਵ ਸਿੰਘ, ਕੁਲਵਿੰਦਰ ਸਿੰਘ, ਰੋਹਿਤ ਸਰੀਨ, ਰਾਜਬਿੰਦਰਾ, ਮੋਹਨ ਸਿੰਘ, ਅਮਰੀਕ ਸਿੰਘ, ਸੰਜੇ ਗੋਸਲ, ਸ਼ੈਲੀ, ਕੁਲਵਿੰਦਰ ਸਿੰਘ, ਵਿਜੇ, ਵਰਿੰਦਰ ਸਿੰਘ, ਸਤਪਾਲ, ਨਛੱਤਰ ਸਿੰਘ ਆਦਿ ਹਾਜ਼ਰ ਸਨ।
ਕੀ ਕਹਿਣੈ ਠੇਕੇਦਾਰ ਦਾ
ਇਸ ਸਬੰਧੀ ਜਦੋਂ ਠੇਕੇਦਾਰ ਰੋਹਿਤ ਅਗਰਵਾਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਯੂਨੀਅਨ ਦੇ ਮੈਂਬਰ ਉਸ 'ਤੇ ਦਬਾਅ ਪਾ ਰਹੇ ਸਨ ਤਾਂ ਪੁਲ ਬਣਾ ਕੇ ਸਾਰੇ ਲੋਕ ਜ਼ਿਆਦਾ ਰੇਟਾਂ 'ਤੇ ਟੈਂਡਰ ਪਾਉਣ, ਜਿਸ 'ਤੇ ਠੇਕੇਦਾਰ ਨੂੰ 400 ਕਰੋੜ ਰੁਪਏ ਦਾ ਫਾਇਦਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਯੂਨੀਅਨ ਦਾ ਮਤਲਬ ਆਪਣੇ ਮੈਂਬਰਾਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਹੈ ਨਾ ਕਿ ਪੁਲ ਬਣਾ ਕੇ ਸਰਕਾਰ ਨੂੰ ਕਰੋੜਾਂ ਦਾ ਚੂਨਾ ਲਗਾਉਣਾ।