ਚੋਰ ਕਰਿਆਨੇ ਤੇ ਖਾਦ ਦੀਆਂ ਦੁਕਾਨਾਂ ''ਚੋਂ ਨਕਦੀ ਚੋਰੀ ਕਰ ਕੇ ਹੋਏ ਰਫੂ-ਚੱਕਰ

Saturday, Jan 13, 2018 - 06:57 AM (IST)

ਬਟਾਲਾ/ਕਲਾਨੌਰ, (ਬੇਰੀ, ਮਨਮੋਹਨ, ਖੋਸਲਾ, ਬਲਬੀਰ)- ਬੀਤੀ ਰਾਤ ਗੁਰਦਾਸਪੁਰ ਮਾਰਗ 'ਤੇ ਚੋਰਾਂ ਵੱਲੋਂ ਕਰਿਆਨੇ ਅਤੇ ਖਾਦ ਦੀਆਂ ਦੁਕਾਨਾਂ 'ਚੋਂ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਜ਼ਰੂਰੀ ਕਾਗਜ਼ਾਤ ਲੈ ਕੇ ਰਫੂ-ਚੱਕਰ ਹੋ ਜਾਣ ਦਾ ਸਮਾਚਾਰ ਹੈ।  ਪਹਿਲੀ ਚੋਰੀ ਦੀ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਮਹਿੰਗਾ ਰਾਮ ਪ੍ਰਕਾਸ਼ ਚੰਦ ਕਰਿਆਨਾ ਸਟੋਰ ਦੇ ਮਾਲਕ ਗੁਰਮੇਜ ਕੁਮਾਰ ਤੇ ਸ਼ੈਰੀ ਵਾਸੀ ਕਲਾਨੌਰ ਨੇ ਦੱਸਿਆ ਕਿ ਬੀਤੀ ਰਾਤ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰ ਕੇ ਆਪਣੇ ਘਰ ਚਲੇ ਗਏ ਸੀ ਅਤੇ ਅੱਜ ਸਵੇਰੇ ਤੜਕਸਾਰ ਕਰੀਬ ਤਿੰਨ ਵਜੇ ਗਸ਼ਤ ਕਰ ਰਹੀ ਪੁਲਸ ਨੇ ਸਾਡੀ ਦੁਕਾਨ ਦਾ ਸ਼ਟਰ ਖੁੱਲ੍ਹਾ ਦੇਖ ਕੇ ਸਾਡੇ ਘਰ ਸੂਚਿਤ ਕੀਤਾ ਅਤੇ ਅਸੀਂ ਤੁਰੰਤ ਆਪਣੀ ਦੁਕਾਨ 'ਤੇ ਪਹੁੰਚ ਕੇ ਦੇਖਿਆ ਤਾਂ ਸ਼ਟਰ ਟੁੱਟਾ ਹੋਇਆ ਸੀ ਅਤੇ ਦੁਕਾਨ ਦੇ ਗੱਲੇ 'ਚ ਪਏ ਕਰੀਬ 47 ਹਜ਼ਾਰ ਰੁਪਏ ਅਤੇ ਜ਼ਰੂਰੀ ਕਾਗਜ਼ਾਤ ਗਾਇਬ ਸਨ, ਜੋ ਚੋਰ ਚੋਰੀ ਕਰ ਕੇ ਲੈ ਗਏ।
ਦੂਸਰੀ ਚੋਰੀ ਦੀ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਪਤਾ ਖਾਦ ਸਟੋਰ ਦੇ ਮਾਲਕ ਅੰਕੁਰ ਮਹਾਜਨ ਅਤੇ ਉਨ੍ਹਾਂ ਦੇ ਪਿਤਾ ਡਾ. ਸੁਰਿੰਦਰ ਮਹਾਜਨ ਨੇ ਦੱਸਿਆ ਕਿ ਚੋਰ ਉਨ੍ਹਾਂ ਦੀ ਦੁਕਾਨ ਦੇ ਸ਼ਟਰ 'ਤੇ ਲੱਗਾ ਜਿੰਦਰਾ ਤੋੜ ਕੇ ਗੱਲੇ ਅਤੇ ਬੈਗ ਵਿਚ ਪਏ ਕਰੀਬ 15-16 ਹਜ਼ਾਰ ਰੁਪਏ ਤੋਂ ਇਲਾਵਾ ਸਟਾਕ ਰਜਿਸਟਰ ਅਤੇ ਹੋਰ ਬਹੁਤ ਜ਼ਰੂਰੀ ਕਾਗਜ਼ਾਤ ਚੋਰੀ ਕਰ ਕੇ ਲੈ ਗਏ। ਇਨ੍ਹਾਂ ਚੋਰੀ ਦੀਆਂ ਘਟਨਾਵਾਂ ਸਬੰਧੀ ਪੁਲਸ ਥਾਣਾ ਕਲਾਨੌਰ ਵਿਖੇ ਸੂਚਿਤ ਕਰ ਦਿੱਤਾ ਗਿਆ ਹੈ।


Related News