ਪਾਣੀ ਦੀ ਬੂੰਦ-ਬੂੰਦ ਨੂੰ ਤਰਸੇ ਗਾਰਦੀ ਨਗਰ ਦੇ ਵਸਨੀਕ

09/22/2017 1:30:35 AM

ਬਨੂੜ,(ਗੁਰਪਾਲ)- ਪਿੰਡ ਗਾਰਦੀ ਨਗਰ ਦੇ ਵਸਨੀਕ ਪਿਛਲੇ 10 ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ। ਦੁਖੀ ਹੋ ਕੇ ਉਨ੍ਹਾਂ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਖਿਲਾਫ ਨਾਅਰੇਬਾਜ਼ੀ ਕੀਤੀ।  ਇਸ ਮੌਕੇ ਗੱਲ ਕਰਦਿਆਂ ਪਿੰਡ ਗਾਰਦੀ ਨਗਰ ਦੇ ਵਸਨੀਕ ਹਰਮੇਸ਼ ਸਿੰਘ, ਤਰਸੇਮ ਸਿੰਘ, ਮਨਿੰਦਰ ਕੌਰ, ਕਾਂਤਾ ਦੇਵੀ, ਰਵੀ ਕੁਮਾਰ, ਅਸ਼ੋਕ ਕੁਮਾਰ, ਮਨਜੀਤ ਕੌਰ, ਹਾਕਮ ਸਿੰਘ ਤੇ ਗੁਰਪ੍ਰੀਤ ਸਿੰਘ ਤੋਂ ਇਲਾਵਾ ਹੋਰ ਬਹੁਤ ਸਾਰੇ ਵਸਨੀਕਾਂ ਨੇ ਦੱਸਿਆ ਕਿ ਉਹ ਅੱਤ ਦੀ ਗਰਮੀ ਵਿਚ ਪਿਛਲੇ 10 ਦਿਨਾਂ ਤੋਂ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ। ਸਮੱਸਿਆ ਬਾਰੇ ਕਈ ਵਾਰ ਵਿਭਾਗੀ ਅਧਿਕਾਰੀਆਂ ਨੂੰ ਸੂਚਿਤ ਕਰ ਚੁੱਕੇ ਹਨ। ਇਸ ਦੇ ਬਾਵਜੂਦ ਕੋਈ ਵੀ ਕਾਰਵਾਈ ਨਹੀਂ ਕੀਤੀ, ਜਿਸ ਤੋਂ ਦੁਖੀ ਵਸਨੀਕਾਂ ਨੇ ਹੱਥਾਂ ਵਿਚ ਖਾਲੀ ਬਾਲਟੀਆਂ ਚੁੱਕ ਕੇ ਅਧਿਕਾਰੀਆਂ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮਾਮਲੇ ਬਾਰੇ ਜਦੋਂ ਵਿਭਾਗ ਦੇ ਐੈੱਸ. ਡੀ. ਓ. ਆਦਰਸ਼ ਨਿਰਮਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿੰਡ ਦੇ ਜਲ ਸਪਲਾਈ ਵਾਲੇ ਟਿਊਬਵੈੱਲ ਦੀ ਜ਼ਿੰਮੇਵਾਰੀ ਪਿੰਡ ਦੀ ਪੰਚਾਇਤ ਦੀ ਹੈ। ਫਿਰ ਵਿਭਾਗ ਇਸ ਮਾਮਲੇ ਵਿਚ ਪੰਚਾਇਤ ਦੀ ਮਦਦ ਕਰਨ ਨੂੰ ਤਿਆਰ ਹੈ। ਬਸ਼ਰਤੇ ਪੰਚਾਇਤ ਮਤਾ ਪਾ ਕੇ ਵਿਭਾਗ ਨੂੰ ਭੇਜੇ।