ਹਾਈ ਅਲਰਟ ਦੇ ਬਾਵਜੂਦ ਥਾਣੇ ਅੰਦਰੋਂ ਚੋਰਾਂ ਨੇ ਲਗਾਇਆ 3 ਦੁਕਾਨਾਂ ਨੂੰ ਪਾੜ

06/25/2019 7:31:34 PM

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਬਰਨਾਲਾ ’ਚ ਹੁਣ ਤਾਂ ਥਾਣੇ ਵੀ ਸੁਰੱਖਿਅਤ ਨਹੀਂ ਰਹੇ। ਬੀਤੀ ਰਾਤ ਚੋਰਾਂ ਨੇ ਥਾਣਾ ਸਦਰ ’ਚ ਦਾਖਲ ਹੋ ਕੇ 3 ਦੁਕਾਨਾਂ ’ਚ ਪਾਡ਼ ਲਾ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਚੋਰ ਬਡ਼ੀ ਆਸਾਨੀ ਨਾਲ ਇਸ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਚੋਰਾਂ ਨੇ ਚੋਰੀ ਕਰਦੇ ਸਮੇਂ ਕਈ ਘੰਟੇ ਉਥੇ ਗੁਜ਼ਾਰੇ ਹੋਣਗੇ, ਇਸ ਦੌਰਾਨ ਪੁਲਸ ਕਰਮਚਾਰੀ ਕੀ ਕਰਦੇ ਰਹੇ, ਹਰ ਕਿਸੇ ਦੀ ਸਮਝ ਤੋਂ ਬਾਹਰ ਸੀ। ਇਸ ਦੇ ਰੋਸ ਵਜੋਂ ਵਪਾਰ ਮੰਡਲ ਦੇ ਪ੍ਰਧਾਨ ਨੈਬ ਸਿੰਘ ਕਾਲਾ ਦੀ ਅਗਵਾਈ ’ਚ ਦੁਕਾਨਦਾਰਾਂ ਨੇ ਪੁਲਸ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਵਰਨਣਯੋਗ ਹੈ ਕਿ ਸ਼ਹਿਰ ਵਿਚ ਪੈਰਾ-ਮਿਲਟਰੀ ਫੋਰਸ ਵੀ ਤਾਇਨਾਤ ਕੀਤੀ ਗਈ ਹੈ। ਪੈਰਾ-ਮਿਲਟਰੀ ਫੋਰਸ ਦੇ ਕਈ ਜਵਾਨ ਵੀ ਡਿਊਟੀ ਕਰਨ ਲਈ ਬਰਨਾਲਾ ਆਏ ਹੋਏ ਹਨ। ਸੂਤਰਾਂ ਅਨੁਸਾਰ ਜਿਸ ਸਮੇਂ ਇਹ ਘਟਨਾ ਘਟੀ, ਉਸ ਸਮੇਂ ਕੁਝ ਪੈਰਾ-ਮਿਲਟਰੀ ਕਰਮਚਾਰੀ ਵੀ ਥਾਣੇ ਦੇ ਅੰਦਰ ਹੀ ਸਨ, ਹਾਈ ਅਲਰਟ ਦੇ ਬਾਵਜੂਦ ਥਾਣੇ ਦੇ ਅੰਦਰ ਪਾਡ਼ ਲਾ ਕੇ ਚੋਰਾਂ ਵਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦੇਣਾ ਪੁਲਸ ਦੀ ਕਾਰਜ ਪ੍ਰਣਾਲੀ ’ਤੇ ਪ੍ਰਸ਼ਨ ਚਿੰਨ੍ਹ ਲਾਉਂਦਾ ਹੈ। ਇਸ ਸਬੰਧੀ ਐੱਸ. ਐੱਸ. ਪੀ. ਹਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਨ ਲਈ ਡੀ. ਐੱਸ. ਪੀ. ਦੀ ਡਿਊਟੀ ਲਾਈ ਗਈ ਹੈ। ਉਹ ਮੌਕੇ ’ਤੇ ਦੌਰਾ ਕਰ ਰਹੇ ਹਨ। ਜਦੋਂ ਇਸ ਸਬੰਧੀ ਡੀ. ਐੱਸ .ਪੀ. ਰਾਜੇਸ਼ ਕੁਮਾਰ ਛਿੱਬਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਚੋਰਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਸੀ. ਸੀ. ਟੀ. ਵੀ. ਦੀ ਫੁਟੇਜ ਖੰਗਾਲ ਰਹੀ ਹੈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜੇਕਰ ਜਾਂਚ ਦੌਰਾਨ ਕਿਸੇ ਪੁਲਸ ਕਰਮਚਾਰੀ ਦੀ ਲਾਪ੍ਰਵਾਹੀ ਪਾਈ ਜਾਂਦੀ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

ਚੋਰੀਆਂ ਤਾਂ ਹੁੰਦੀਆਂ ਰਹਿੰਦੀਆਂ ਹਨ, ਥਾਣੇ ਅੰਦਰੋਂ ਪਾੜ ਲਾਉਣਗੇ, ਇਹ ਪਹਿਲੀ ਵਾਰ ਦੇਖਿਆ

ਗੱਲਬਾਤ ਕਰਦਿਆਂ ਦੁਕਾਨਦਾਰ ਕ੍ਰਿਸ਼ਨ ਕੁਮਾਰ ਗੋਇਲ ਨੇ ਕਿਹਾ ਕਿ ਸ਼ਹਿਰ ’ਚ ਚੋਰੀਆਂ ਤਾਂ ਹੁੰਦੀਆਂ ਰਹਿੰਦੀਆਂ ਹਨ ਪਰ ਥਾਣੇ ਅੰਦਰੋਂ ਚੋਰ ਦੁਕਾਨਾਂ ’ਚ ਪਾਡ਼ ਲਾਉਣਗੇ, ਅਜਿਹਾ ਮੈਂ ਪਹਿਲੀ ਵਾਰ ਦੇਖਿਆ ਹੈ। ਅੱਜ ਸਵੇਰੇ ਜਦੋਂ ਮੈਂ ਆਪਣੀ ਦੁਕਾਨ ਖੋਲ੍ਹੀ ਤਾਂ ਦੁਕਾਨ ਦਾ ਸਾਮਾਨ ਖਿਲਰਿਆ ਪਿਆ ਸੀ ਅਤੇ ਕਾਊਂਟਰ ਖੁੱਲ੍ਹਾ ਪਿਆ ਸੀ। ਕਾਊਂਟਰ ’ਚੋਂ 3 ਹਜ਼ਾਰ ਦੀ ਨਕਦੀ ਗਾਇਬ ਸੀ। ਜਾਂਦੇ-ਜਾਂਦੇ ਚੋਰ ਕੱਪਡ਼ੇ ਵੀ ਲੈ ਗਏ, ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਹੈ। ਇਕ ਏ. ਐੱਸ. ਆਈ. ਅਤੇ ਇਕ ਪੁਲਸ ਕਰਮਚਾਰੀ ਆਏ ਅਤੇ ਮੌਕਾ ਦੇਖ ਕੇ ਚਲੇ ਗਏ। ਉਨ੍ਹਾਂ ਨੇ ਕੋਈ ਠੋਸ ਕਾਰਵਾਈ ਨਹੀਂ ਕੀਤੀ। ਵਪਾਰ ਮੰਡਲ ਦੇ ਪ੍ਰਧਾਨ ਨੈਬ ਸਿੰਘ ਕਾਲਾ ਨੇ ਕਿਹਾ ਕਿ ਪੁਲਸ ਦੀ ਨੱਕ ਹੇਠ ਚੋਰਾਂ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ। ਜੇਕਰ ਚੋਰ ਹੁਣ ਥਾਣੇ ਦੇ ਅੰਦਰ ਹੀ ਦਾਖਲ ਹੋ ਕੇ ਦੁਕਾਨਾਂ ਵਿਚ ਪਾਡ਼ ਲਾਉਣਗੇ ਤਾਂ ਸ਼ਹਿਰ ’ਚ ਕਿਸੇ ਵੀ ਹਿੱਸੇ ਵਿਚ ਦੁਕਾਨਦਾਰ ਸੁਰੱਖਿਅਤ ਨਹੀਂ ਹਨ। ਪੁਲਸ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਅਧਿਕਾਰੀਆਂ ਦੇ ਵਿਰੁੱਧ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਕੋਈ ਵੀ ਪੁਲਸ ਕਰਮਚਾਰੀ ਆਪਣੀ ਡਿਊਟੀ ’ਚ ਲਾਪ੍ਰਵਾਹੀ ਨਾ ਕਰੇ। ਪੁਲਸ ਦੀ ਲਾਪ੍ਰਵਾਹੀ ਕਾਰਣ ਹੀ ਇਹ ਚੋਰੀ ਦੀ ਘਟਨਾ ਹੋਈ ਹੈ।

 

Arun chopra

This news is Content Editor Arun chopra