ਅੱਧਵਾਟੇ ਲਟਕੇ ਵਿਕਾਸ ਕਾਰਜਾਂ ਕਾਰਨ ਲੋਕ ਧੂੜ-ਮਿੱਟੀ ਫੱਕਣ ਲਈ ਮਜਬੂਰ

03/06/2018 7:11:31 AM

ਅਜਨਾਲਾ,   (ਫਰਿਆਦ)-  ਅਜਨਾਲਾ ਸ਼ਹਿਰ 'ਚ ਕਰੀਬ 32 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਵਿਛਾਉਣ ਦੇ ਵਿਕਾਸ ਕਾਰਜ ਲਗਭਗ ਇਕ ਦਹਾਕਾ ਬੀਤ ਜਾਣ ਉਪਰੰਤ ਵੀ ਅੱਧਵਾਟੇ ਲਟਕੇ ਹੋਣ ਕਾਰਨ ਲੋਕਾਂ ਲਈ ਪ੍ਰੇਸ਼ਾਨੀਆਂ ਦਾ ਸਬੱਬ ਬਣੇ ਹੋਏ ਹਨ ਜਿਸ ਕਾਰਨ ਟੁੱੱਟੀਆਂ ਸੜਕਾਂ ਅਤੇ ਉੱਭੜ-ਖਾਬੜ ਤੇ ਉੱਚੇ-ਨੀਵੇਂ ਸੀਵਰੇਜ ਦੇ ਮੈਨਹੋਲ ਕਾਰਨ ਉੜਦੀ ਧੂੜ -ਮਿੱਟੀ ਬਾਹਰੀ ਰਾਹਗੀਰਾਂ ਤੇ ਸਥਾਨਕ ਵਾਸੀਆਂ ਅਤੇ ਦੁਕਾਨਦਾਰਾਂ ਲਈ ਸਰੀਰਕ ਸੱਟਾਂ, ਸਾਹ ਦੀਆਂ ਬੀਮਾਰੀਆਂ ਆਦਿ ਤੋਂ ਇਲਾਵਾ, ਵਪਾਰਕ ਤੌਰ 'ਤੇ ਨੁਕਸਾਨ ਸਹਿਣ ਨੂੰ ਮਜਬੂਰ ਕੀਤਾ ਹੋਇਆ ਹੈ ਜਿਥੇ ਪੂਰੇ ਸ਼ਹਿਰ 'ਚ ਦੇਖਣ 'ਤੇ ਪਾਇਆ ਜਾ ਰਿਹਾ ਹੈ ਕਿ ਸਾਬਕਾ ਸੱਤਾਧਾਰੀ ਆਗੂਆਂ ਨੇ ਭਾਰਤੀ ਸਟੇਟ ਬੈਂਕ ਆਫ ਇੰਡੀਆ, ਪੀ. ਐੱਨ. ਬੀ. ਆਦਿ ਬੈਂਕ ਰੋਡ ਸਣੇ ਸ਼ਹਿਰ ਦੇ ਨਗਰ ਪੰਚਾਇਤ ਦਫਤਰ ਅਜਨਾਲਾ ਤੋਂ ਡੇਰਾ ਬਾਬਾ ਨਾਨਕ ਰੋਡ ਵਾਲਾ ਬਾਈਪਾਸ, ਸਾਈਂ ਮੰਦਰ ਤੋਂ ਦਫਤਰ ਨਗਰ ਪੰਚਾਇਤ ਅਜਨਾਲਾ ਵਾਲਾ ਬਾਈਪਾਸ ਨੂੰ ਆਪਣੇ ਘਰਾਂ ਨੂੰ ਜਾਣ-ਆਉਣ ਵਾਲੇ ਰਾਹਾਂ ਨੂੰ ਪੱਕਾ ਬਣਾ ਲਿਆ ਹੈ ਉਥੇ ਪੁਰਾਣੀ ਦਾਣਾ ਮੰਡੀ ਵਾਲੇ ਬਾਈਪਾਸ ਤੋਂ ਇਲਾਵਾ ਸ਼ਹਿਰ ਦੀਆਂ ਕਈ ਗਲੀਆਂ ਤੇ ਮੁਹੱਲਿਆਂ ਦੀ ਸੀਵਰੇਜ ਦੀਆਂ ਪਾਈਪਾਂ ਪਾਉਣ ਲਈ ਕੀਤੀ ਗਈ ਪੁਟਾਈ ਲੋਕਾਂ ਲਈ ਭਾਰੀ ਪ੍ਰੇਸ਼ਾਨੀਆਂ ਦਾ ਸਬੱਬ ਬਣੀ ਹੋਈ ਹੈ। 
ਓਧਰ ਕੁਝ ਵਾਰਡਾਂ ਦੇ ਵਸਨੀਕਾਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਵਿਧਾਨ ਸਭਾ 2012 ਦੀਆਂ ਚੋਣਾਂ ਤੋਂ ਠੀਕ ਕੁਝ ਮਹੀਨੇ ਪਹਿਲਾਂ ਸੀਵਰੇਜ ਪੁਵਾਈ ਦੇ ਵਿਕਾਸ ਕਾਰਜ ਉਨ੍ਹਾਂ ਲਈ ਵਿਨਾਸ਼ ਦਾ ਕਾਰਨ ਬਣ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ 'ਚ ਟੁੱਟੀਆਂ ਸੜਕਾਂ 'ਤੇ ਉੱਡਦੀ ਧੂੜ-ਮਿੱਟੀ ਨੇ ਜਿਥੇ ਉਨ੍ਹਾਂ ਨੂੰ ਸਾਹ ਦੇ ਮਰੀਜ਼ ਬਣਾ ਦਿੱਤਾ ਹੈ। ਉਥੇ ਮਿੱਟੀ ਉੱਡ-ਉੱਡ ਕੇ ਉਨ੍ਹਾਂ ਦੇ ਰੱਖੇ ਸਾਮਾਨ 'ਤੇ ਪੈਣ ਕਾਰਨ ਉਨ੍ਹਾਂ ਨੂੰ ਭਾਰੀ ਵਪਾਰਕ ਨੁਕਸਾਨ ਵੀ ਸਹਿਣ ਲਈ ਮਜਬੂਰ ਕੀਤਾ ਹੋਇਆ ਹੈ।
ਰਿਕਸ਼ਾ ਚਾਲਕਾਂ ਨੇ ਦੱਸਿਆ ਕਿ ਸਵਾਰੀਆਂ ਨੂੰ ਸ਼ਹਿਰ ਦੇ ਅੰਦਰਲੇ ਗਲੀ-ਮੁਹੱਲਿਆਂ 'ਚ ਛੱਡਣ ਜਾਣ ਜਾਣ ਸਮੇਂ ਰਿਕਸ਼ਾ ਚਲਾਉਣਾ ਉਨਾਂ ਲਈ ਮੁਸ਼ਕਿਲ ਹੁੰਦਾ ਹੈ। ਹੋਰ ਤਾਂ ਹੋਰ ਦੇਖਣ 'ਚ ਪਾਇਆ ਜਾ ਰਿਹਾ ਹੈ ਕਿ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਤੇ ਉੱਚੇ ਨੀਵੇਂ ਮੈਨਹੋਲਾਂ ਅਤੇ ਬਿਨਾਂ ਢੱਕਣ ਤੋਂ ਪਏ ਸੀਵਰੇਜ ਦੇ ਗਟਰ ਰਾਹਗੀਰਾਂ ਲਈ ਦੁਰਘਟਨਾ ਦਾ ਸਬੱਬ ਬਣ ਰਹੇ ਹਨ। ਅਜਨਾਲਾ ਵਾਸੀਆਂ, ਦੁਕਾਨਦਾਰਾਂ ਅਤੇ ਰਾਹਗੀਰਾਂ ਨੇ ਮੌਜੂਦਾ ਕਾਂਗਰਸ ਦੀ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਕੋਲੋਂ ਮੰਗ ਕੀਤੀ ਕਿ ਸੀਵਰੇਜ ਸਹੂਲਤਾਂ ਤਾਂ ਪਤਾ ਨਹੀਂ ਉਨ੍ਹਾਂ ਨੂੰ ਕਦੋਂ ਮਿਲਣਗੀਆਂ ਪਰ ਸੜਕੀ ਰਾਹ ਰਸਤਿਆਂ ਨੂੰ ਛੇਤੀ ਤੋਂ ਛੇਤੀ ਬਣਾਇਆ ਜਾਵੇ।