ਬੱਸ ਅੱਡੇ ਨੇੜੇ ਖਸਤਾ ਹਾਲਤ ਬਾਥਰੂਮਾਂ ਕਾਰਨ ਸਵਾਰੀਆਂ ਪ੍ਰੇਸ਼ਾਨ

11/14/2017 6:47:03 AM

ਸ੍ਰੀ ਕੀਰਤਪੁਰ ਸਾਹਿਬ,  (ਬਾਲੀ)-  ਪੁਰਾਣੇ ਬੱਸ ਅੱਡੇ 'ਤੇ ਗੰਦੇ ਨਾਲੇ ਨਾਲ ਸਵਾਰੀਆਂ ਦੀ ਸਹੂਲਤ ਲਈ ਬਣਾਏ ਗਏ ਬਾਥਰੂਮਾਂ ਦੀ ਇਸ ਸਮੇਂ ਬਹੁਤ ਹੀ ਖਸਤਾ ਹਾਲਤ ਬਣੀ ਹੋਈ ਹੈ। ਇਨ੍ਹਾਂ ਦੀ ਖਸਤਾ ਹਾਲਤ ਹੋਣ ਕਾਰਨ ਕਈ ਸਵਾਰੀਆਂ ਮਜਬੂਰੀਵਸ ਭਾਖੜਾ ਨਹਿਰ ਦੀ ਪਟੜੀ 'ਤੇ ਖੁੱਲ੍ਹੇ 'ਚ ਜਾਣ ਲਈ ਮਜਬੂਰ ਹਨ।
ਪੁਰਾਣਾ ਬੱਸ ਅੱਡਾ ਸ੍ਰੀ ਕੀਰਤਪੁਰ ਸਾਹਿਬ, ਜਿਥੇ ਰੋਪੜ, ਚੰਡੀਗੜ੍ਹ, ਨੰਗਲ, ਊਨਾ ਆਦਿ ਸਥਾਨਾਂ ਨੂੰ ਜਾਣ ਲਈ ਸੜਕ 'ਤੇ ਹੀ ਬੱਸਾਂ ਆ ਕੇ ਰੁਕਦੀਆਂ ਹਨ, 'ਤੇ ਜਦੋਂ ਸਵਾਰੀਆਂ ਗੰਦੇ ਨਾਲੇ ਨਾਲ ਗ੍ਰਾਮ ਪੰਚਾਇਤ ਜਿਊਵਾਲ ਵੱਲੋਂ 20 ਸਾਲ ਪਹਿਲਾਂ ਬਣਾਏ ਬਾਥਰੂਮਾਂ ਨੂੰ ਜਾਂਦੀਆਂ ਹਨ ਤਾਂ ਇਨ੍ਹਾਂ 'ਚੋਂ ਆਉੁਂਦੀ ਬਦਬੂ ਤੇ ਗੰਦੇ ਨਾਲੇ ਦੀ ਬਦਬੂ ਕਾਰਨ ਮੂੰਹ 'ਤੇ ਰੁਮਾਲ ਰੱਖਣ ਲਈ ਮਜਬੂਰ ਹੋ ਜਾਂਦੀਆਂ ਹਨ। ਇਨ੍ਹਾਂ ਬਾਥਰੂਮਾਂ ਦੇ ਦਰਵਾਜ਼ੇ ਗਲ ਚੁੱਕੇ ਹਨ, ਜਿਨ੍ਹਾਂ ਹੇਠਾਂ ਬੋਰੀਆਂ ਲਾਈਆਂ ਗਈਆਂ ਹਨ। ਸੀਟਾਂ ਖਰਾਬ ਤੇ ਟੁੱਟ ਚੁੱਕੀਆਂ ਹਨ। ਪਾਣੀ ਦੀ ਪੱਕੀ ਸਪਲਾਈ ਨਾ ਹੋਣ ਕਾਰਨ ਇਨ੍ਹਾਂ ਦੀ ਸਫਾਈ ਨਹੀਂ ਹੁੰਦੀ, ਜਿਸ ਕਾਰਨ ਇਥੇ ਹਰ ਵੇਲੇ ਬਦਬੂ ਆਉਂਦੀ ਰਹਿੰਦੀ ਹੈ। ਕਈ ਸਵਾਰੀਆਂ ਤਾਂ ਇਨ੍ਹਾਂ ਦੀ ਹਾਲਤ ਦੇਖ ਕੇ ਹੀ ਮੁੜ ਜਾਂਦੀਆਂ ਹਨ।

ਨਗਰ ਪੰਚਾਇਤ ਨਹੀਂ ਦਿੰਦੀ ਸਫਾਈ ਕਰਮਚਾਰੀ ਨੂੰ ਤਨਖਾਹ
ਬਾਥਰੂਮਾਂ ਦੀ ਸਫਾਈ ਕਰਦੇ ਸਤੀਸ਼ ਕੁਮਾਰ ਪੁੱਤਰ ਬਾਬੂ ਰਾਮ ਵਾਸੀ ਪਿੰਡ ਭਟੋਲੀ ਨੇ ਦੱਸਿਆ ਕਿ ਇਨ੍ਹਾਂ ਨੂੰ ਗ੍ਰਾਮ ਪੰਚਾਇਤ ਜਿਊਵਾਲ ਵੱਲੋਂ ਬਣਵਾਇਆ ਗਿਆ ਸੀ ਪਰ ਪੰਚਾਇਤ ਭੰਗ ਹੋਣ ਤੋਂ ਬਾਅਦ ਇਹ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦੇ ਅਧੀਨ ਆਉਂਦੇ ਹਨ। ਉਹ 16 ਸਾਲਾਂ ਤੋਂ ਇਨ੍ਹਾਂ ਦੀ ਸਫਾਈ ਕਰ ਰਿਹਾ ਹੈ ਪਰ ਉਸ ਨੂੰ ਕੋਈ ਤਨਖਾਹ ਨਹੀਂ ਮਿਲਦੀ। ਜਿਹੜੀ ਸਵਾਰੀ ਬਾਥਰੂਮ 'ਚ ਜਾਂਦੀ ਹੈ, ਉਹ ਉਸ ਤੋਂ ਪੰਜ ਰੁਪਏ ਲੈ ਲੈਂਦਾ ਹੈ। ਇਨ੍ਹਾਂ ਬਾਥਰੂਮਾਂ 'ਚ ਪਾਣੀ/ਬਿਜਲੀ ਦੀ ਸਹੂਲਤ ਨਹੀਂ ਹੈ। ਉਸ ਨੇ ਬਾਹਰ ਇਕ ਟੈਂਕੀ ਰੱਖੀ ਹੋਈ ਹੈ, ਜਿਸ ਵਿਚ ਸਰਕਾਰੀ ਟੂਟੀ ਤੋਂ ਪਾਈਪ ਲਾ ਕੇ ਪਾਣੀ ਭਰ ਲੈਂਦਾ ਹੈ।

ਜੇ. ਈ. ਨਾ ਹੋਣ ਕਾਰਨ ਨਹੀਂ ਬਣਾਏ ਜਾ ਰਹੇ ਨਵੇਂ ਬਾਥਰੂਮ : ਜਗਜੀਤ ਸਿੰਘ
ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦੇ ਕਾਰਜ ਸਾਧਕ ਅਫਸਰ ਜਗਜੀਤ ਸਿੰਘ ਜੱਜ ਨੇ ਕਿਹਾ ਕਿ ਪੁਰਾਣੇ ਬੱਸ ਅੱਡੇ 'ਤੇ ਬਾਥਰੂਮ ਬਣਾਉਣ ਲਈ ਮੇਰੇ ਇਥੇ ਆਉਣ ਤੋਂ ਪਹਿਲਾਂ ਦਾ ਟੈਂਡਰ ਹੋ ਚੁੱਕਾ ਹੈ ਪਰ ਠੇਕੇਦਾਰ ਵੱਲੋਂ ਕੰਮ ਸ਼ੁਰੂ ਨਹੀਂ ਕੀਤਾ ਗਿਆ। ਨਗਰ ਪੰਚਾਇਤ ਦੇ ਜੇ. ਈ. ਦੀ ਆਸਾਮੀ ਖਾਲੀ ਹੋਣ ਕਾਰਨ ਸਾਰੇ ਵਿਕਾਸ ਕਾਰਜ ਪ੍ਰਭਾਵਿਤ ਹੋ ਗਏ ਹਨ। ਜਦੋਂ ਵੀ ਸਰਕਾਰ ਕਿਸੇ ਜੇ. ਈ. ਨੂੰ ਨਗਰ ਪੰਚਾਇਤ ਵਿਚ ਭੇਜੇਗੀ ਤਾਂ ਬਾਥਰੂਮਾਂ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਜਾਵੇਗਾ।