ਬੁਨਿਆਦੀ ਸਹੂਲਤਾਂ ਤੋਂ ਵਾਂਝੈ ਰੇਲਵੇ ਸਟੇਸ਼ਨ ਟਾਂਡਾ ਉੜਮੁੜ

02/11/2018 2:13:04 AM

ਟਾਂਡਾ ਉੜਮੁੜ, (ਗੁਪਤਾ)- ਰੇਲਵੇ ਮੰਤਰਾਲਾ ਆਏ ਦਿਨ ਇਹ ਦਾਅਵੇ ਕਰ ਰਿਹਾ ਹੈ ਕਿ ਸਾਡਾ ਵਿਭਾਗ ਦੇਸ਼ ਦੇ ਹਰ ਰੇਲਵੇ ਸਟੇਸ਼ਨ 'ਤੇ ਆਮ ਜਨਤਾ ਨੂੰ ਹਰ ਪ੍ਰਕਾਰ ਦੀਆਂ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ ਤਾਂ ਕਿ ਯਾਤਰੀਆਂ ਨੂੰ ਕਿਸੇ ਵੀ ਪ੍ਰਕਾਰ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਰੇਲਵੇ ਵਿਭਾਗ ਦੇ ਅਧਿਕਾਰੀਆਂ ਦੇ ਉਕਤ ਦਾਅਵਿਆਂ ਨੂੰ ਖੋਖਲਾ ਸਾਬਿਤ ਕਰ ਰਿਹਾ ਹੈ ਜਲੰਧਰ-ਪਠਾਨਕੋਟ ਰੇਲ ਮਾਰਗ 'ਤੇ ਪੈਂਦਾ ਟਾਂਡਾ ਉੜਮੁੜ ਦਾ ਰੇਲਵੇ ਸਟੇਸ਼ਨ, ਜਿੱਥੇ ਯਾਤਰੀਆਂ ਨੂੰ ਕਿਸੇ ਵੀ ਪ੍ਰਕਾਰ ਦੀ ਸਹੂਲਤ ਨਾ ਮਿਲਣ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਲਾਕੇ ਦੇ ਕਾਫੀ ਪਿੰਡਾਂ 'ਚੋਂ ਨੌਜਵਾਨ ਵਿਦੇਸ਼ਾਂ 'ਚ ਗਏ ਹੋਏ ਹਨ, ਜੋ ਕਿ ਛੁੱਟੀਆਂ ਵਿਚ ਜਦੋਂ ਸ਼ਹਿਰ ਆਉਂਦੇ-ਜਾਂਦੇ ਹਨ ਤਾਂ ਟਾਂਡਾ ਰੇਲਵੇ ਸਟੇਸ਼ਨ ਤੋਂ ਆਉਣ-ਜਾਣ ਸਮੇਂ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਥੇ ਯਾਤਰੀਆਂ ਦੀ ਸਹੂਲਤ ਲਈ ਪਲੇਟਫਾਰਮ ਨੰ. 2 ਬਣਾਇਆ ਗਿਆ ਸੀ ਪਰ ਕਰੀਬ 14-15 ਸਾਲ ਬੀਤ ਜਾਣ 'ਤੇ ਵੀ ਅੱਜ ਤੱਕ ਉਕਤ ਪਲੇਟਫਾਰਮ 'ਤੇ ਯਾਤਰੀਆਂ ਦੇ ਬੈਠਣ ਲਈ ਸ਼ੈੱਡ ਨਹੀਂ ਬਣਾਈ ਗਈ ਅਤੇ ਨਾ ਹੀ ਬਾਥਰੂਮ ਬਣਾਇਆ ਗਿਆ। ਕੜਕਦੀ ਧੁੱਪ ਤੇ ਬਰਸਾਤ ਵਿਚ ਜਿੱਥੇ ਬੈਠਣਾ ਔਖਾ ਹੁੰਦਾ ਹੈ, ਉੱਥੇ ਕਈ ਵਾਰ ਬਰਸਾਤ ਵਿਚ ਗਿੱਲੇ ਹੋਏ ਕੱਪੜਿਆਂ 'ਚ ਹੀ ਉਨ੍ਹਾਂ ਨੂੰ ਸਫ਼ਰ ਕਰਨਾ ਪੈਂਦਾ ਹੈ। ਯਾਤਰੀਆਂ ਦੇ ਖਾਣ-ਪੀਣ ਲਈ ਕੰਟੀਨ ਵੀ ਨਹੀਂ ਬਣਾਈ ਗਈ। ਪਲੇਟਫਾਰਮ ਨੰ. 1 'ਤੇ ਜਿਹੜੇ ਪਹਿਲਾਂ ਦੇ ਬਣੇ ਬਾਥਰੂਮ ਹਨ, ਉਨ੍ਹਾਂ ਨੂੰ ਤਾਲੇ ਲਾ ਦਿੱਤੇ ਗਏ ਹਨ। ਪਲੇਟਫਾਰਮ ਨੰ. 2 'ਤੇ ਪੀਣ ਵਾਲੇ ਸ਼ੁੱਧ ਪਾਣੀ ਦਾ ਵੀ ਕੋਈ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।