ਬੇਸਹਾਰਾ ਪਸ਼ੂ ਅੱਗੇ ਆਉਣ ਕਾਰਨ 2 ਵਾਹਨਾਂ ਦੀ ਆਪਸੀ ਟੱਕਰ

07/09/2017 12:47:14 PM


ਸੰਗਤ ਮੰਡੀ(ਮਨਜੀਤ)- ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ 'ਤੇ ਪਿੰਡ ਮਛਾਣਾ ਦੇ ਨਜ਼ਦੀਕ ਅਚਾਨਕ ਬੇਸਹਾਰਾ ਪਸ਼ੂ ਅੱਗੇ ਆਉਣ ਕਾਰਨ ਦੋ ਟਰਾਲਿਆਂ ਦੇ ਟਕਰਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਾਦਸੇ 'ਚ ਟਰਾਲਿਆਂ ਦਾ ਤਾਂ ਕਾਫੀ ਨੁਕਸਾਨ ਹੋਇਆ ਪਰ ਜਾਨੀ ਨੁਕਸਾਨ ਹੋਣੋਂ ਬਚਾਅ ਰਿਹਾ।  ਇਸ ਸਬੰਧੀ ਇਕ ਟਰਾਲੇ ਦੇ ਡਰਾਈਵਰ ਬਲਤੇਜ ਸਿੰਘ ਵਾਸੀ ਕੋਟਕਪੂਰਾ ਨੇ ਦੱਸਿਆ ਕਿ ਉਹ ਬਠਿੰਡਾ ਤੋਂ ਟਰਾਲੇ ਵਿਚ ਸਾਮਾਨ ਲੈ ਕੇ ਗੁਜਰਾਤ ਜਾ ਰਿਹਾ ਸੀ ਕਿ ਜਦੋਂ ਉਹ ਉਕਤ ਘਟਨਾ ਸਥਾਨ 'ਤੇ ਪਹੁੰਚਿਆ ਤਾਂ ਅਚਾਨਕ ਟਰਾਲੇ ਅੱਗੇ ਬੇਸਹਾਰਾ ਪਸ਼ੂ ਆ ਗਏ, ਜਿਸ 'ਤੇ ਉਸ ਨੇ ਇਕ ਦਮ ਬਰੇਕ ਲਾ ਦਿੱਤੀ, ਜਿਸ ਕਾਰਨ ਪਿੱਛਿਓਂ ਆ ਰਿਹਾ ਇਕ ਹੋਰ ਟਰਾਲਾ ਉਸ ਦੇ ਟਰਾਲੇ ਨਾਲ ਟਕਰਾਅ ਗਿਆ। ਉਸ ਨੇ ਦੱਸਿਆ ਕਿ ਬੇਸ਼ੱਕ ਇਸ ਹਾਦਸੇ 'ਚ ਉਨ੍ਹਾਂ ਦੇ ਮਾਮੂਲੀ ਸੱਟਾਂ ਲੱਗੀਆਂ ਪਰ ਉਨ੍ਹਾਂ ਦੇ ਟਰਾਲਿਆਂ ਦਾ ਕਾਫੀ ਨੁਕਸਾਨ ਹੋਇਆ ਹੈ। ਇਸ ਹਾਦਸੇ 'ਚ ਟਰਾਲੇ ਥੱਲੇ ਇਕ ਕੁੱਤਾ ਵੀ ਆ ਗਿਆ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ।