ਮੀਂਹ ਕਾਰਨ ਲਿੰਕ ਸੜਕ ਨੇ ਵੱਡੇ ਛੱਪੜ ਦਾ ਰੂਪ ਧਾਰਿਆ

12/13/2017 2:16:48 AM

ਜਾਜਾ, (ਸ਼ਰਮਾ)- ਬੀਤੇ ਦਿਨੀਂ ਪਏ ਮੀਂਹ ਕਾਰਨ ਕਿਸਾਨ ਵੀਰਾਂ ਨੇ ਭਾਰੀ ਰਾਹਤ ਮਹਿਸੂਸ ਕੀਤੀ ਹੈ, ਕਿਉਂਕਿ ਇਹ ਕਣਕ ਦੀ ਫ਼ਸਲ ਅਤੇ ਸਬਜ਼ੀਆਂ ਲਈ ਕਾਫ਼ੀ ਲਾਭਦਾਇਕ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਜਿਨ੍ਹਾਂ ਪਿੰਡਾਂ ਦੀਆਂ ਲਿੰਕ ਸੜਕਾਂ ਖਸਤਾਹਾਲ ਹਨ, ਦੀ ਹਾਲਤ ਇਸ ਮੀਂਹ ਕਾਰਨ ਬਦਤਰ ਹੋ ਗਈ ਹੈ।
ਸੰਤ ਬਾਬਾ ਰੰਗੀ ਰਾਮ ਚੈਰੀਟੇਬਲ ਹਸਪਤਾਲ ਜਾਜਾ ਤੋਂ ਥੋੜ੍ਹੀ ਦੂਰ ਅੱਗੇ ਬਣੀ ਪੁਲੀ, ਜਿਹੜੀ ਕਿ ਪਿੰਡ ਜਾਜਾ ਨੂੰ ਅੰਦਰ ਜਾਂਦੀ ਸੜਕ ਨਾਲ ਜੋੜਦੀ ਹੈ, ਦੀ ਮਾੜੀ ਹਾਲਤ ਕਾਰਨ ਕੱਲ ਪਏ ਮੀਂਹ ਕਾਰਨ ਇਸ ਸੜਕ ਨੇ ਜਗ੍ਹਾ-ਜਗ੍ਹਾ 'ਤੇ ਵੱਡੇ ਛੱਪੜ ਦਾ ਰੂਪ ਧਾਰਨ ਕੀਤਾ ਹੋਇਆ ਹੈ। ਇਸ ਸੜਕ 'ਤੇ ਆਉਣ-ਜਾਣ ਵਾਲੇ ਛੋਟੇ-ਵੱਡੇ ਵਾਹਨਾਂ ਤੋਂ ਇਲਾਵਾ ਪੈਦਲ ਅਤੇ ਸਾਈਕਲਾਂ 'ਤੇ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀਆਂ ਨੇ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਤੋਂ ਇਸ ਸੜਕ ਦੀ ਜਲਦ ਰਿਪੇਅਰ ਕਰਨ ਦੀ ਮੰਗ ਕੀਤੀ ਹੈ।