ਸੀਵਰੇਜ ਦੀ ਨਿਕਾਸੀ ਨਾ ਹੋਣ ਕਾਰਨ ਭਿਆਨਕ ਬੀਮਾਰੀਆਂ ਫੈਲਣ ਦਾ ਬਣਿਆ ਡਰ

05/06/2018 12:24:40 AM

ਬਟਾਲਾ,   (ਬੇਰੀ)-  ਵਾਰਡ ਨੰ. 3 'ਚ ਵਾਟਰ ਸਪਲਾਈ ਤੇ ਸੀਵਰੇਜ ਦੇ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਪੈਦਾ ਹੋਈ ਗੰਦਗੀ ਕਾਰਨ ਬੀਮਾਰੀਆਂ ਫੈਲਣ ਦੇ ਬਣੇ ਡਰ ਵਜੋਂ ਅੱਜ ਵਾਰਡ ਨੰ. 3 ਦੇ ਕੌਂਸਲਰ ਐਡਵੋਕੇਟ ਬਿਕਰਮਜੀਤ ਸਿੰਘ ਜੱਗਾ ਸਮੇਤ ਵਾਰਡ ਵਾਸੀਆਂ ਨੇ ਸੀਵਰੇਜ ਵਿਭਾਗ ਵਿਰੁੱਧ ਰੋਸ ਪ੍ਰਗਟਾਇਆ।
ਇਸ ਸਬੰਧੀ ਕੌਂਸਲਰ ਐਡਵੋਕੇਟ ਬਿਕਰਮਜੀਤ ਸਿੰਘ ਜੱਗਾ ਨੇ ਦੱਸਿਆ ਕਿ ਉਨ੍ਹਾਂ ਦੀ ਵਾਰਡ 'ਚ ਪਿਛਲੇ ਕਰੀਬ 6 ਮਹੀਨਿਆਂ ਤੋਂ ਲਗਾਤਾਰ ਵਾਟਰ ਸਪਲਾਈ ਤੇ ਸੀਵਰੇਜ ਦੀ ਨਿਕਾਸੀ ਦਾ ਯੋਗ ਪ੍ਰਬੰਧ ਨਾ ਹੋਣ ਕਾਰਨ ਸਟਾਫ ਰੋਡ ਸਮੇਤ ਹੋਰਨਾਂ ਕਾਲੋਨੀਆਂ 'ਚ ਪਾਣੀ ਕਾਫੀ ਇਕੱਠਾ ਹੋ ਗਿਆ ਹੈ ਜਿਸ ਕਰਕੇ ਵਾਰਡ 'ਚ ਸਾਧਾਂ ਵਾਲੀ ਗਲੀ, ਸਟਾਫ ਰੋਡ, ਵਿਜੈ ਸਵੀਟਸ ਵਾਲੀ ਗਲੀ, ਹੰਸਾਂ ਵਾਲੀ ਗਲੀ ਤੇ ਗੁਰਦੁਆਰਾ ਮਸਤਗੜ੍ਹ ਵਾਲੀ ਗਲੀ 'ਚ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਭਿਆਨਕ ਬੀਮਾਰੀਆਂ ਫੈਲਣ ਦਾ ਡਰ ਬਣਿਆ ਹੋÎਿÂਆ ਹੈ। ਐਡਵੋਕੇਟ ਜੱਗਾ ਨੇ ਕਿਹਾ ਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਸ਼ਹਿਰ ਦੇ ਗਾਂਧੀ ਨਗਰ ਕੈਂਪ 'ਚ 300 ਮੌਤਾਂ ਹੋ ਗਈਆਂ ਸਨ ਤੇ ਅੱਜ ਵੀ ਅਜਿਹੇ ਹੀ ਹਾਲਾਤ ਵਾਰਡ ਨੰ.10 'ਚ ਪੈਦਾ ਹੋ ਗਏ ਹਨ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ।ਇਸ ਤੋਂ ਇਲਾਵਾ ਕਈ ਜਗ੍ਹਾ 'ਤੇ ਸੀਵਰੇਜ ਦੇ ਢੱਕਣ ਨਾ ਲੱਗੇ ਹੋਣ ਨਾਲ ਬਜ਼ੁਰਗ ਵੀ ਸੱਟਾਂ ਲਗਵਾ ਚੁੱਕੇ ਹਨ ਤੇ ਕਈ ਵਾਹਨਾਂ ਦੇ ਐਕਸੀਡੈਂਟ ਹੋ ਚੁੱਕੇ ਹਨ। ਐਡਵੋਕੇਟ ਜੱਗਾ ਨੇ ਅੱਗੇ ਦੱਸਿਆ ਕਿ ਇਸ ਸਬੰਧੀ ਮੇਰੇ ਤੇ ਸਮੂਹ ਮੁਹੱਲਾ ਵਾਸੀਆਂ ਵਲੋਂ ਪਹਿਲਾਂ ਵੀ ਸੀਵਰੇਜ ਵਿਭਾਗ ਦੇ ਜੇ. ਈ. ਬਲਕਰਨ ਸਿੰਘ ਤੇ ਐੱਸ. ਡੀ. ਓ. ਢਿੱਲੋਂ ਨੂੰ ਕਈ ਵਾਰ ਬੇਨਤੀਆਂ ਕੀਤੀਆਂ ਜਾ ਚੁੱਕੀਆਂ ਹਨ ਪਰ ਅਜੇ ਤੱਕ ਸਾਡੀ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਆਗਾਮੀ ਬੁੱਧਵਾਰ ਤੱਕ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਨੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਵਾਰਡ ਵਾਸੀਆਂ ਨੂੰ ਨਾਲ ਲੈ ਕੇ ਗਾਂਧੀ ਚੌਕ 'ਚ ਚੱਕਾ ਜਾਮ ਕੀਤਾ ਜਾਵੇਗਾ ਤੇ ਇਸਦੇ ਲਈ ਉਨ੍ਹਾਂ ਚੇਅਰਮੈਨ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਨੂੰ ਵੀ ਪੱਤਰ ਲਿਖਿਆ ਹੈ ਤਾਂ ਜੋ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਹੋ ਸਕੇ। ਇਸ ਮੌਕੇ ਬਲਦੇਵ ਸਿੰਘ, ਰਣਜੀਤ ਸਿੰਘ ਸੈਣੀ, ਸਵਰਨਜੀਤ ਸਿੰਘ, ਚਰਨ ਸਿੰਘ, ਬਾਵਾ ਸਿੰਘ, ਬਿਕਰਮਜੀਤ ਸਿੰਘ, ਹਰਜੀਤ ਸਿੰਘ ਪ੍ਰਧਾਨ, ਸੁਰਿੰਦਰ ਸਿੰਘ, ਪ੍ਰਭ, ਪਰਮਪਾਲ ਸਿੰਘ, ਸ਼ਕਤੀ ਪ੍ਰਧਾਨ ਆਦਿ ਮੌਜੂਦ ਸਨ।
ਕੀ ਕਹਿਣਾ ਹੈ ਜੇ. ਈ. ਤੇ ਐੱਸ. ਡੀ. ਓ. ਦਾ?
ਉਕਤ ਮਾਮਲੇ ਸਬੰਧੀ ਜਦੋਂ ਜੇ. ਈ. ਸੀਵਰੇਜ ਬੋਰਡ ਬਲਕਰਨ ਸਿੰਘ ਤੇ ਐੱਸ. ਡੀ. ਓ. ਢਿੱਲੋਂ ਦਾ ਪੱਖ ਜਾਣਨਾ ਚਾਹਿਆ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।