ਖਰੀਦ ਨਾ ਹੋਣ ਕਾਰਨ ਕਿਸਾਨ ਮੰਡੀ ''ਚੋਂ ਝੋਨਾ ਚੁੱਕਣ ਲਈ ਮਜਬੂਰ

11/14/2017 2:01:04 AM

ਲੌਂਗੋਵਾਲ, (ਵਸ਼ਿਸ਼ਟ)— ਪਿੰਡ ਬੁੱਗਰਾਂ ਦੇ ਖਰੀਦ ਕੇਂਦਰਾਂ ਵਿਖੇ ਝੋਨੇ ਦੀ ਖਰੀਦ ਨਾ ਕੀਤੇ ਜਾਣ ਕਾਰਨ ਕਿਸਾਨ ਕਈ ਦਿਨਾਂ ਦੇ ਇੰਤਜ਼ਾਰ ਤੋਂ ਬਾਅਦ ਮੰਡੀ ਵਿਚੋਂ ਆਪਣੀ ਫਸਲ ਚੁੱਕਣ ਲਈ ਮਜਬੂਰ ਹੋ ਗਏ ਹਨ। ਕਿਸਾਨ ਕੁਲਦੀਪ ਸਿੰਘ, ਸੁਖਵਿੰਦਰ ਸਿੰਘ ਅਤੇ ਨਛੱਤਰ ਸਿੰਘ ਨੇ ਦੱਸਿਆ ਕਿ 10 ਦਿਨ ਤੱਕ ਉਹ ਝੋਨੇ ਦੀ ਖਰੀਦ ਦੀ ਉਡੀਕ ਕਰਦੇ ਰਹੇ ਪਰ ਜਦੋਂ ਉਨ੍ਹਾਂ ਦਾ ਝੋਨਾ ਖਰੀਦਿਆ ਨਹੀਂ ਗਿਆ ਤਾਂ ਅੱਕ ਕੇ ਉਹ ਵਾਪਸ ਚੁੱਕਣ ਲਈ ਮਜਬੂਰ ਹੋ ਗਏ ਹਨ। ਕਿਸਾਨਾਂ ਨੇ ਕਿਹਾ ਕਿ ਝੋਨੇ ਦੀ ਨਮੀ ਨਿਯਮਾਂ ਅਨੁਸਾਰ ਹੋਣ ਦੇ ਬਾਵਜੂਦ ਝੋਨਾ ਨਹੀਂ ਖਰੀਦਿਆ ਗਿਆ। ਦੂਜੇ ਪਾਸੇ ਖਰੀਦੇ ਗਏ ਝੋਨੇ ਦੀ ਲਿਫਟਿੰਗ ਨਾ ਹੋਣ ਕਾਰਨ ਵੀ ਪ੍ਰੇਸ਼ਾਨੀ ਬਣੀ ਹੋਈ ਹੈ।  ਇਸ ਸਬੰਧ ਵਿਚ ਜਦ ਪਨਸਪ ਦੇ ਇੰਸਪੈਕਟਰ ਰਜਿੰਦਰ ਗੁਪਤਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੰਡੀ ਵਿਚ ਖਰੀਦ ਪ੍ਰਬੰਧਾਂ ਨੂੰ ਲੈ ਕੇ ਕੋਈ ਵੀ ਮੁਸ਼ਕਲ ਨਹੀਂ ਹੈ। ਸਰਕਾਰ ਦੇ ਆਦੇਸ਼ਾਂ ਅਨੁਸਾਰ ਹੀ ਝੋਨੇ ਦੀ ਖਰੀਦ ਕੀਤੀ ਜਾ ਰਹੀ ਹੈ। ਵੱਧ ਨਮੀ ਵਾਲਾ ਝੋਨਾ ਅਸੀਂ ਖਰੀਦਣ ਤੋਂ ਅਸਮਰੱਥ ਹਾਂ। ਮੰਡੀ ਵਿਚ ਲਿਫਟਿੰਗ ਦੀ ਕੋਈ ਸਮੱਸਿਆ ਨਹੀਂ।
ਕਿਸਾਨਾਂ ਵੱਲੋਂ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ  : ਤਪਾ ਮੰਡੀ, (ਸ਼ਾਮ,ਗਰਗ)- ਇਲਾਕੇ ਦੇ ਖਰੀਦ ਕੇਂਦਰਾਂ 'ਚ ਵੀ 10-10 ਦਿਨਾਂ ਤੋਂ ਖਰੀਦ ਦੀ ਉਡੀਕ 'ਚ ਬੈਠੇ ਕਿਸਾਨ ਆਪਣਾ ਝੋਨਾ ਚੁੱਕ ਕੇ ਹੋਰ ਮੰਡੀਆਂ 'ਚ ਲਿਜਾਣ ਲਈ ਮਜਬੂਰ ਹੋ ਗਏ ਹਨ, ਜਿਸ ਕਾਰਨ ਰੋਹ 'ਚ ਆਏ ਕਿਸਾਨਾਂ ਨੇ ਅੱਜ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਪਿੰਡ ਘੁੰਨਸ ਦੇ ਖਰੀਦ ਕੇਂਦਰਾਂ ਦਾ ਦੌਰਾ ਕਰਨ 'ਤੇ ਕਿਸਾਨਾਂ ਮੇਵਾ ਸਿੰਘ ਪੁੱਤਰ ਕਰਤਾਰ ਸਿੰਘ, ਭੋਲਾ ਸਿੰਘ ਪੁੱਤਰ ਕਰਮ ਸਿੰਘ, ਸੁਖਦੇਵ ਸਿੰਘ ਪੁੱਤਰ ਵਿਸਾਖਾ ਸਿੰਘ, ਭੋਲਾ ਸਿੰਘ ਪੁੱਤਰ ਹਰੀ ਸਿੰਘ ਨੇ ਦੱਸਿਆ ਕਿ ਕਈ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ 'ਚ ਆਪਣਾ ਝੋਨਾ ਲਈ ਬੈਠੇ ਹਨ। ਇਸ ਤੋਂ ਇਲਾਵਾ ਗੁਰਜੰਟ ਸਿੰਘ ਪੁੱਤਰ ਗੁਰਬਖਸ਼ ਸਿੰਘ, ਜੋ 16 ਦਿਨਾਂ ਤੋਂ ਖਰੀਦ ਕੇਂਦਰ 'ਚ ਝੋਨਾ ਲਈ ਬੈਠਾ ਸੀ, ਅੱਕ ਕੇ ਨੇੜਲੇ ਖਰੀਦ ਕੇਂਦਰ ਦਾ ਰੁਖ਼ ਕਰ ਰਿਹਾ ਸੀ। ਕਿਸਾਨਾਂ ਨੇ ਦੱਸਿਆ ਕਿ ਸਰਕਾਰ ਨੇ 17 ਫੀਸਦੀ ਝੋਨੇ ਦੀ ਨਮੀ ਨਿਰਧਾਰਿਤ ਕੀਤੀ ਹੋਈ ਹੈ ਪਰ ਪੈ ਰਹੀ ਸੰਘਣੀ ਧੁੰਦ ਕਾਰਨ ਉਨ੍ਹਾਂ ਦੇ ਝੋਨੇ 'ਚ 20 ਤੋਂ ਵੀ ਵੱਧ ਸਿੱਲ੍ਹ ਆ ਰਹੀ ਹੈ ਜਿਸ ਕਾਰਨ ਇੰਸਪੈਕਟਰ ਬੋਲੀ ਲਾਉਣ ਤੋਂ ਨਾਂਹ-ਨੁੱਕਰ ਕਰ ਰਹੇ ਹਨ।  
ਓਧਰ, ਮਾਰਕੀਟ ਕਮੇਟੀ ਦੇ ਸਕੱਤਰ ਗੁਰਪ੍ਰੀਤ ਸਿੰਘ ਸਿੱਧੂ ਦਾ ਮੰਨਣਾ ਹੈ ਕਿ ਖਰੀਦ ਕੇਂਦਰਾਂ 'ਚ ਪਏ ਝੋਨੇ 'ਚ ਨਿਰਧਾਰਿਤ ਮਾਤਰਾ ਨਾਲੋਂ ਕਿਤੇ ਜ਼ਿਆਦਾ ਨਮੀ ਹੈ, ਜਿਸ ਕਾਰਨ ਸਮੱਸਿਆ ਆ ਰਹੀ ਹੈ ਅਤੇ ਸ਼ੈਲਰ ਮਾਲਕ ਵੀ ਝੋਨਾ ਚੁੱਕਣ ਤੋਂ ਅਸਮਰੱਥ ਹਨ।