ਤਨਖਾਹ ਨਾ ਮਿਲਣ ਕਾਰਨ ਸਫਾਈ ਮਜ਼ਦੂਰਾਂ ਵੱਲੋਂ ਰੋਸ ਪ੍ਰਦਰਸ਼ਨ

03/18/2018 2:56:40 AM

ਰੂਪਨਗਰ,   (ਵਿਜੇ)-  ਨਗਰ ਕੌਂਸਲ 'ਚ ਕੰਮ ਕਰਦੇ ਪੱਕੇ ਅਤੇ ਕੱਚੇ ਕਰਮਚਾਰੀਆਂ ਦੇ ਸਫਾਈ ਮਜ਼ਦੂਰ ਸੰਘ ਯੂਨੀਅਨ ਵੱਲੋਂ ਤਨਖਾਹ ਨਾ ਮਿਲਣ ਦੇ ਰੋਸ ਵਜੋਂ ਹੜਤਾਲ 'ਤੇ ਜਾਣ ਦਾ ਫੈਸਲਾ ਕੀਤਾ ਗਿਆ। 
ਇਸ ਮੌਕੇ ਸਫਾਈ ਮਜ਼ਦੂਰ ਸੰਘ ਯੂਨੀਅਨ ਰੂਪਨਗਰ ਦੀ ਪ੍ਰਧਾਨ ਰਾਜ ਰਾਣੀ ਭੱਟੀ, ਸੰਯੁਕਤ ਐਕਸ਼ਨ ਕਮੇਟੀ ਦੇ ਪ੍ਰਧਾਨ ਸਲੀਮ, ਠੇਕਾ ਪ੍ਰਣਾਲੀ ਸਫਾਈ ਸੇਵਕ ਪ੍ਰਧਾਨ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਫਰਵਰੀ ਮਹੀਨੇ ਦੀ ਤਨਖਾਹ ਹਾਲੇ ਤੱਕ ਨਹੀਂ ਦਿੱਤੀ ਗਈ, ਜਿਸ ਕਾਰਨ ਸਫਾਈ ਕਰਮਚਾਰੀਆਂ ਵੱਲੋਂ ਕੰਮ ਛੱਡ ਕੇ ਹੜਤਾਲ ਕਰਨ ਦਾ ਫੈਸਲਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਉਨ੍ਹਾਂ ਨੂੰ ਤਨਖਾਹ ਜਾਰੀ ਨਹੀਂ ਹੁੰਦੀ, ਹੜਤਾਲ ਜਾਰੀ ਰਹੇਗੀ। 
ਇਸ ਮੌਕੇ ਰਾਜ ਕੁਮਾਰ ਰਾਜੂ ਜਨਰਲ ਸਕੱਤਰ, ਪਰਮਜੀਤ ਸਿੰਘ ਸਲਾਹਕਾਰ, ਅਸ਼ੋਕ ਕੁਮਾਰ, ਸਚਿਨ ਕੁਮਾਰ, ਸ਼ਿਮਲਾ ਦੇਵੀ, ਕੁਲਵਿੰਦਰ ਸਿੰਘ, ਵਿਨੋਦ ਕੁਮਾਰ, ਪਵਨ ਕੁਮਾਰ ਮੁੱਖ ਰੂਪ 'ਚ ਮੌਜੂਦ ਸਨ। ਦੂਜੇ ਪਾਸੇ ਇਸ ਸਬੰਧ 'ਚ ਜਦੋਂ ਮੋਰਿੰਡਾ ਦੇ ਈ. ਓ ਰਾਜੇਸ਼ ਸ਼ਰਮਾ ਜਿਨ੍ਹਾਂ ਨੂੰ ਰੂਪਨਗਰ ਦਾ ਅਸਥਾਈ ਚਾਰਜ ਮਿਲਿਆ ਹੋਇਆ ਹੈ, ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਡੀ. ਸੀ. ਦੇ ਆਦੇਸ਼ 'ਤੇ ਰੂਪਨਗਰ ਦੀ ਡਾਕ ਆਦਿ ਕੱਢਣ, ਬਰਥ ਸਰਟੀਫਿਕੇਟ 'ਤੇ ਦਸਤਖਤ ਕਰਨ, ਛੁੱਟੀਆਂ ਮਨਜ਼ੂਰ ਕਰਨ ਦਾ ਅਧਿਕਾਰ ਹੈ ਅਤੇ ਜਦੋਂ ਤੱਕ ਪੰਜਾਬ ਸਰਕਾਰ ਤੋਂ ਆਰਡਰ ਨਹੀਂ ਮਿਲਦੇ ਉਦੋਂ ਤੱਕ ਉਹ ਆਪਣੇ ਦਸਤਖਤਾਂ ਵਾਲੇ ਦਸਤਾਵੇਜ਼ ਬੈਂਕ 'ਚ ਨਹੀਂ ਭੇਜ ਸਕਦੇ।