ਅਨਲੋਡਿੰਗ ਨਾ ਹੋਣ ਕਾਰਨ ਕਣਕ ਦੀ ਲਿਫਟਿੰਗ ''ਚ ਹੋ ਰਹੀ ਦੇਰੀ

05/06/2018 7:11:03 AM

ਤਰਨਤਾਰਨ,  (ਰਮਨ)- ਬੀਤੇ ਦਿਨੀਂ ਜ਼ਿਲਾ ਤਰਨਤਾਰਨ ਦੀਆਂ ਵੱਖ-ਵੱਖ ਮੰਡੀਆਂ ਦਾ ਮਾਰਕਫੈੱਡ ਦੇ ਐੱਮ. ਡੀ. ਰਾਹੁਲ ਤਿਵਾੜੀ ਨੇ ਦੌਰਾ ਕਰਦਿਆਂ ਇਹ ਮੰਨਿਆ ਸੀ ਕਿ ਮੰਡੀਆਂ 'ਚ ਲਿਫਟਿੰਗ 'ਚ ਹੋ ਰਹੀ ਦੇਰੀ ਦਾ ਮੁੱਖ ਕਾਰਨ ਟਰਾਂਸਪੋਰਟ ਸਬੰਧੀ ਟੈਂਡਰਾਂ ਨੂੰ ਦੇਰੀ ਨਾਲ ਜਾਰੀ ਕੀਤਾ ਜਾਣਾ ਹੈ। ਉਸ ਵੇਲੇ ਮਾਰਕਫੈੱਡ ਦੇ ਐੱਮ. ਡੀ. ਵੱਲੋਂ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿ ਇਕ ਹਫਤੇ ਅੰਦਰ ਮੰਡੀਆਂ 'ਚ ਲਿਫਟਿੰਗ ਦੇ ਪ੍ਰਬੰਧਾਂ 'ਚ ਵੱਧ ਤੋਂ ਵੱਧ ਤੇਜ਼ੀ ਲਿਆਂਦੀ ਜਾਵੇ ਪਰ ਮੰਡੀਆਂ 'ਚ ਕਣਕ ਦੀ ਲਿਫਟਿੰਗ ਤੇਜ਼ ਨਾ ਹੋਣ ਕਾਰਨ ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲਿਫਟਿੰਗ ਦੇ ਢਿੱਲੇ ਪ੍ਰਬੰਧਾਂ ਦੀ ਮੁੱਖ ਵਜ੍ਹਾ ਟਰਾਂਸਪੋਟਰਾਂ ਵੱਲੋਂ ਗੱਡੀਆਂ ਮੁਹੱਈਆ ਨਾ ਕਰਵਾਉਣਾ ਅਤੇ ਗੱਡੀਆਂ ਦਾ ਅਨਲੋਡਿੰਗ ਨਾ ਹੋਣਾ ਮੰਨਿਆ ਜਾ ਰਿਹਾ ਹੈ। 
ਕਿਉਂ ਹੋ ਰਹੀ ਹੈ ਦੇਰੀ 
ਸਥਾਨਕ ਨਵੀਂ ਦਾਣਾ ਮੰਡੀ 'ਚ ਕਣਕ ਦੀ ਢੋਆ-ਢੁਆਈ ਨੂੰ ਲੈ ਕੇ ਟਰਾਂਸਪੋਰਟ ਸਬੰਧੀ ਟੈਂਡਰ ਲੇਟ ਹੋਣਾ ਮੰਨਿਆ ਜਾ ਰਿਹਾ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਿਸ ਪਾਰਟੀ ਵੱਲੋਂ ਜ਼ਿਲੇ ਵਿਚ ਟੈਂਡਰ ਲਿਆ ਗਿਆ ਹੈ, ਉਸ ਕੋਲ ਆਪਣੇ ਟਰੱਕ ਹੀ ਨਹੀਂ ਹਨ, ਜਿਸ ਕਾਰਨ ਮੰਡੀਆਂ 'ਚ ਟਰਾਂਸਪਰੋਟ ਸਬੰਧੀ ਕਮੀ ਨੂੰ ਲੈ ਕੇ ਇਕ ਕਾਰਨ ਮੰਨਿਆ ਜਾ ਰਿਹਾ ਹੈ।
ਕਿਸ ਰੇਟ 'ਚ ਹੁੰਦੀ ਹੈ ਲੋਡਿੰਗ
ਕਿਸਾਨਾਂ ਵੱਲੋਂ ਆਪਣੀ ਕਣਕ ਦੀ ਫਸਲ ਨੂੰ ਤੁਲਵਾਉਣ ਉਪਰੰਤ ਕਣਕ ਦੇ ਨੁਕਸਾਨ ਸਬੰਧੀ ਆੜ੍ਹਤੀ ਜ਼ਿੰਮੇਵਾਰ ਬਣ ਜਾਂਦਾ ਹੈ। ਸਥਾਨਕ ਮੰਡੀ ਤੋਂ ਗੋਦਾਮਾਂ ਤੱਕ ਕਣਕ ਨੂੰ ਲਿਜਾਣ ਲਈ 8 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਟਰਾਂਸਪੋਰਟਰ ਨੂੰ ਪੈਸੇ ਦਿੱਤੇ ਜਾਂਦੇ ਹਨ ਜਦ ਕਿ ਜਿਉਬਾਲਾ ਤੋਂ ਤਰਨਤਾਰਨ ਗੋਦਾਮਾਂ ਲਈ 25 ਰੁਪਏ ਪ੍ਰਤੀ ਕੁਇੰਟਲ ਅਤੇ ਚੋਹਲਾ ਸਾਹਿਬ ਤੋਂ ਤਰਨਤਾਰਨ ਦੇ ਗੋਦਾਮਾਂ ਲਈ ਟਰਾਂਸਪੋਰਟਰ ਨੂੰ 30 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਰੁਪਏ ਮਿਲਦੇ ਹਨ। ਲੋਕਲ ਟਰਾਂਸਪੋਰਟਰ ਵੱਲਂੋ ਸ਼ਹਿਰ ਦੀ ਮੰਡੀ ਦਾ ਰੇਟ ਘੱਟ ਹੋਣ ਕਾਰਨ ਬਾਹਰੀ ਇਲਾਕਿਆਂ ਨੂੰ ਪਹਿਲ ਦਿੱਤੀ ਜਾਦੀ ਹੈ, ਜਿਸ ਕਾਰਨ ਮੰਡੀ ਵਿਚ ਕਣਕ ਦੀ ਲਿਫਟਿੰਗ ਦਾ ਦੂਜਾ ਕਾਰਨ ਮੰਨਿਆ ਜਾ ਰਿਹਾ ਹੈ।
ਮਜ਼ਦੂਰ ਹਨ ਪ੍ਰੇਸ਼ਾਨ
ਸਥਾਣਕ ਦਾਣਾ ਮੰਡੀ 'ਚ ਕਣਕ ਦੀ ਲਿਫਟਿੰਗ ਲਈ ਟਰੱਕਾਂ ਦੀ ਘਾਟ ਕਾਰਨ ਮਜ਼ਦੂਰਾਂ ਨੂੰ ਟਰੱਕ ਲੋਡ ਕਰਨ ਲਈ ਕੰਮ ਨਹੀਂ ਮਿਲ ਰਿਹਾ, ਜਿਸ ਕਾਰਨ ਉਹ ਬਹੁਤ ਪ੍ਰੇਸ਼ਾਨ ਹਨ। ਜਾਣਕਾਰੀ ਦਿੰਦੇ ਹੋਏ ਕਸ਼ਮੀਰ ਸਿੰਘ, ਮੰਗਾ ਸਿੰਘ, ਕੁਲਵੰਤ ਸਿੰਘ, ਹਰਮਨ ਸਿੰਘ, ਪਰਮਜੀਤ ਸਿੰਘ, ਜਰਨੈਲ ਸਿੰਘ ਤੇ ਅਨਿਲ ਕੁਮਾਰ ਨੇ ਦੱਸਿਆ ਕਿ ਮੰਡੀ ਵਿਚ ਟਰਾਂਸਪੋਰਟ ਦੀ ਘਾਟ ਕਾਰਨ ਉਨ੍ਹਾਂ ਨੂੰ ਲੋਡਿੰਗ ਸਬੰਧੀ ਕੰਮ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਜੇ ਇਹੋ ਹਾਲ ਰਿਹਾ ਤਾਂ ਉਹ ਆਪਣੇ ਪਰਿਵਾਰ ਦਾ ਪੇਟ ਕਿਸ ਤਰ੍ਹਾਂ ਪਾਲਣਗੇ।
ਆੜ੍ਹਤੀਆਂ ਨੇ ਦੱਸੀਆਂ ਪ੍ਰੇਸ਼ਾਨੀਆਂ
ਇਸ ਸਬੰਧੀ ਫੈੱਡਰੇਸ਼ਨ ਆਫ ਆੜ੍ਹਤੀ ਦੇ ਪ੍ਰਧਾਨ ਕਰਨੈਲ ਸਿੰਘ ਦਿਉ, ਦਵਿੰਦਰ ਸਿੰਘ ਬਿੱਟੂ , ਲਾਲੀ, ਸਵਿੰਦਰ ਸਿੰਘ ਭੁੱਚਰ, ਅਸ਼ੋਕ ਕੁਮਾਰ, ਕੁਲਦੀਪ ਸਿੰਘ, ਨਿਰਮਲ ਸਿੰਘ ਖਹਿਰਾ, ਗੁਰਮਿੰਦਰ ਸਿੰਘ ਰਟੌਲ, ਹਰਭਜਨ ਸਿੰਘ, ਅੰਗਰੇਜ਼ ਸਿੰਘ ਤੇ ਗੁਰਪ੍ਰੀਤ ਗੋਪੀ ਨੇ ਦੱਸਿਆ ਕਿ ਮੰਡੀ ਵਿਚ ਟਰਾਂਸਪੋਰਟ ਦੇ ਟੈਂਡਰਾਂ ਤੋਂ ਬਾਅਦ ਟਰਾਂਸਪੋਰਟ ਸਹੀ ਢੰਗ ਨਾਲ ਮੁਹੱਈਆ ਨਾ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਲੋਕਲ ਰੇਟ ਘੱਟ ਹੋਣ ਕਾਰਨ ਟਰਾਂਸਪੋਰਟਰ ਬਾਹਰੀ ਇਲਾਕਿਆਂ 'ਚੋਂ ਕਣਕ ਨੂੰ ਚੁੱਕਣ ਵਿਚ ਪਹਿਲ ਰੱਖਦੇ ਹਨ, ਜਿਸ ਕਾਰਨ ਮੰਡੀ ਵਿਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਆੜ੍ਹਤੀ ਦੀ ਜ਼ਿੰਮੇਵਾਰੀ ਉਦੋਂ ਤੱਕ ਰਹਿੰਦੀ ਹੈ, ਜਦੋਂ ਤੱਕ ਕਣਕ ਮੰਡੀ ਤੋਂ ਚੁੱਕੀ ਨਹੀਂ ਜਾਂਦੀ। ਉਨ੍ਹਾਂ ਕਿਹਾ ਕਿ ਮੰਡੀ ਵਿਚ ਪੁਲਸ ਸੁਰੱਖਿਆ ਅਤੇ ਅੱਗ ਬੁਝਾਊ ਗੱਡੀ ਦਾ ਹੋਣਾ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਕਿਸੇ ਅਣਸੁਖਾਵੀ ਘਟਨਾ ਤਂੋ ਬਚਿਆ ਜਾ ਸਕੇ।