ਲਿਫਟਿੰਗ ਨਾ ਹੋਣ ਕਾਰਨ ਮੰਡੀਆਂ ''ਚ ਲੱਗੇ ਬੋਰੀਆਂ ਦੇ ਅੰਬਾਰ

04/25/2018 3:56:23 AM

ਬੇਗੋਵਾਲ, (ਰਜਿੰਦਰ)- ਸਰਕਾਰ ਤੇ ਪ੍ਰਸ਼ਾਸਨ ਵੱਲੋਂ ਕਣਕ ਦੇ ਸੀਜ਼ਨ ਦੌਰਾਨ ਸਾਰੇ ਪ੍ਰਬੰਧਾਂ ਲਈ ਦਾਅਵੇ ਕੀਤੇ ਗਏ ਹਨ ਪਰ ਇਨ੍ਹਾਂ ਦਾਅਵਿਆਂ ਦੇ ਉਲਟ ਬੇਗੋਵਾਲ ਦੀਆਂ ਮੰਡੀਆਂ ਵਿਚ ਲਿਫਟਿੰਗ ਦੀ ਸਮੱਸਿਆ ਦਿਨੋ-ਦਿਨ ਵਧਦੀ ਜਾ ਰਹੀ ਹੈ ਕਿਉਂਕਿ ਲਿਫਟਿੰਗ ਪ੍ਰਣਾਲੀ ਸਹੀ ਨਾ ਹੋਣ ਕਾਰਨ ਮੰਡੀਆਂ ਵਿਚ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਪਏ ਹਨ।
ਇਸ ਸਬੰਧ ਵਿਚ ਅੱਜ ਬੇਗੋਵਾਲ ਦੇ ਬਲੋਚੱਕ ਰੋਡ 'ਤੇ ਮੰਡੀ ਵਿਚ ਕਣਕ ਦੀਆਂ ਬੋਰੀਆਂ ਦੇ ਲੱਗੇ ਅੰਬਾਰ ਦਿਖਾਉਂਦੇ ਹੋਏ ਆੜ੍ਹਤੀ ਯੂਨੀਅਨ ਬੇਗੋਵਾਲ ਦੇ ਪ੍ਰਧਾਨ ਸੂਰਤ ਸਿੰਘ ਨੇ ਦੱਸਿਆ ਕਿ ਇਥੇ ਕਣਕ ਦੀਆਂ 22 ਹਜ਼ਾਰ ਬੋਰੀਆਂ ਪਈਆਂ ਹਨ, ਜਿਨ੍ਹਾਂ ਨੂੰ ਹਾਲੇ ਤੱਕ ਲਿਫਟ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਇਹ ਹਾਲ ਇਸ ਮੰਡੀ ਦਾ ਨਹੀਂ ਹੈ, ਸਗੋਂ ਸ਼ਹਿਰ ਵਿਚਲੀਆਂ ਹੋਰਨਾਂ ਮੰਡੀਆਂ 'ਚ ਵੀ ਕਣਕ ਦੀਆਂ ਬੋਰੀਆਂ ਦੀਆਂ ਧਾਂਕਾਂ ਇਸੇ ਤਰ੍ਹਾਂ ਲੱਗੀਆਂ ਹੋਈਆਂ ਹਨ ਤੇ ਲਿਫਟਿੰਗ ਪ੍ਰਣਾਲੀ ਤੋਂ ਆੜ੍ਹਤੀ ਵਰਗ ਤੇ ਕਿਸਾਨਾਂ ਵਿਚ ਰੋਸ ਪਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਬੇਗੋਵਾਲ ਵਿਚ ਐੱਫ. ਸੀ. ਆਈ., ਪੰਜਾਬ ਐਗਰੋ ਤੇ ਵੇਅਰ ਹਾਊਸ ਵੱਲੋਂ ਕਣਕ ਦੀ ਖਰੀਦ ਕੀਤੀ ਜਾ ਰਹੀ ਹੈ ਅਤੇ ਐੱਫ. ਸੀ. ਆਈ. ਵੱਲੋਂ ਬੀਤੇ ਦਿਨੀਂ ਸਪੈਸ਼ਲ ਰਾਹੀਂ ਖਰੀਦੀ ਕਣਕ ਦੀ ਲਿਫਟਿੰਗ ਕੀਤੀ ਗਈ ਸੀ, ਜਿਸ ਨੂੰ ਪਾਰਦਰਸ਼ੀ ਢੰਗ ਨਾਲ ਨਹੀਂ ਸਗੋਂ ਪੱਖਪਾਤ ਦੇ ਰਵੱਈਏ ਨਾਲ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬ ਦੀਆਂ ਖਰੀਦ ਏਜੰਸੀਆਂ ਪੰਜਾਬ ਐਗਰੋ ਤੇ ਵੇਅਰ ਹਾਊਸ ਦੀ ਲਿਫਟਿੰਗ ਪ੍ਰਣਾਲੀ ਬਹੁਤ ਹੀ ਮਾੜੀ ਹੈ, ਜਿਸ ਕਾਰਨ ਮੰਡੀਆਂ ਵਿਚ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗ ਰਹੇ ਹਨ ਤੇ ਮੰਡੀਆਂ ਵਿਚ ਕਣਕ ਦੀ ਹੋਰ ਆਮਦ ਲਈ ਜਗ੍ਹਾ ਦੀ ਘਾਟ ਵੀ ਮਹਿਸੂਸ ਕੀਤੀ ਜਾਣ ਲੱਗ ਪਈ ਹੈ, ਜਿਸ ਪਾਸੇ ਜ਼ਿਲਾ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ ਅਤੇ ਕਣਕ ਦੀ ਲਿਫਟਿੰਗ ਸਮੇਂ ਸਿਰ ਕਰਵਾਈ ਜਾਣੀ ਚਾਹੀਦੀ ਹੈ। ਆੜ੍ਹਤੀ ਸੂਰਤ ਸਿੰਘ ਨੇ ਕਿਹਾ ਕਿ ਬੇਗੋਵਾਲ ਦੀਆਂ ਅਨੇਕਾਂ ਮੰਡੀਆਂ ਵਿਚ ਕਣਕ ਦੀਆਂ ਬੋਰੀਆਂ ਕੱਚੇ ਫੜ੍ਹਾਂ ਵਿਚ ਖੁੱਲ੍ਹੇ ਆਸਮਾਨ ਹੇਠ ਪਈਆਂ ਹਨ ਤੇ ਜੇਕਰ ਕਿਸੇ ਕਾਰਨ ਖਰੀਦੀ ਹੋਈ ਕਣਕ ਵਿਚ ਸ਼ਾਰਟੇਜ ਹੋ ਜਾਂਦੀ ਹੈ ਜਾਂ ਕਣਕ ਡੈਮੇਜ ਹੋ ਜਾਂਦੀ ਹੈ ਤਾਂ ਉਸ ਲਈ ਆੜ੍ਹਤੀ ਜ਼ਿੰਮੇਵਾਰ ਨਹੀਂ ਹੋਣਗੇ ਕਿਉਂਕਿ ਮਾਰਕੀਟ ਕਮੇਟੀ ਦੇ ਨਿਯਮਾਂ ਅਨੁਸਾਰ ਫਸਲ ਦੇ ਤੁਲਣ ਤੋਂ ਲੈ ਕੇ ਅਗਲੇ 72 ਘੰਟਿਆਂ ਤੱਕ ਹੀ ਆੜ੍ਹਤੀ ਦੀ ਜ਼ਿੰਮੇਵਾਰੀ ਹੁੰਦੀ ਹੈ। ਇਸ ਮੌਕੇ ਕੇ. ਕੇ. ਟ੍ਰੇਡਿੰਗ ਕੰਪਨੀ ਦੇ ਕਮਲਪ੍ਰੀਤ ਸਿੰਘ ਯੂ. ਐੱਸ. ਏ., ਮੁਨੀਮ ਕਿਸ਼ੋਰੀ ਲਾਲ, ਠੇਕੇਦਾਰ ਨੀਲੂ ਯਾਦਵ, ਬਲਵਿੰਦਰ ਤੇ ਲਾਲ ਯਾਦਵ ਆਦਿ ਹਾਜ਼ਰ ਸਨ।