ਵਿਭਾਗ ਦੀ ਅਣਗਹਿਲੀ ਕਾਰਨ ਅੰਬ ਦਾ ਖੋਖਲਾ ਦਰੱਖਤ ਵਾਹਨਾਂ ''ਤੇ ਡਿੱਗਿਆ

04/21/2018 3:57:36 AM

ਮਾਹਿਲਪੁਰ, (ਜ.ਬ.)- ਅੱਜ ਜੇਜੋਂ ਰੋਡ ਮਾਹਿਲਪੁਰ ਦੇ ਬਾਜ਼ਾਰ ਵਿਚ ਅੰਬ ਦਾ ਖੋਖਲਾ ਦਰੱਖਤ ਕਾਫ਼ੀ ਸਮੇਂ ਤੋਂ ਡਿੱਗਣ ਦੀ ਉਡੀਕ ਕਰਦਾ ਆਪਣੇ-ਆਪ 'ਤੇ ਤਰਸ ਖਾ ਕੇ ਅੱਧ ਵਿਚਕਾਰੋਂ ਟੁੱਟ ਕੇ ਇਕ ਕਾਰ ਅਤੇ ਇਕ ਐਕਟਿਵਾ 'ਤੇ ਡਿੱਗ ਹੀ ਪਿਆ। ਕਾਰ ਸਵਾਰ ਆਪਣੀ ਕਾਰ ਖੜ੍ਹੀ ਕਾਰਕੇ ਅਜੇ ਬਾਹਰ ਹੀ ਨਿਕਲਿਆ ਹੀ ਸੀ ਕਿ ਅਚਾਨਕ ਇਹ ਹਾਦਸਾ ਵਾਪਰ ਗਿਆ ਅਤੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਦੋਨੋਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ।
ਦੁਕਾਨਦਾਰਾਂ ਨੇ ਜੰਗਲਾਤ ਵਿਭਾਗ ਵਿਰੁੱਧ ਰੋਸ ਪ੍ਰਗਟ ਕਰਦਿਆ ਕਿਹਾ ਕਿ ਉਹ ਕਈ ਵਾਰ ਵਿਭਾਗ ਨੂੰ ਸੂਚਿਤ ਕਰ ਚੁੱਕੇ ਹਨ, ਪਰ ਬੇਪ੍ਰਵਾਹ ਵਿਭਾਗ ਗਹਿਰੀ ਨੀਂਦ ਸੁੱਤਾ ਪਿਆ ਹੈ ਅਤੇ ਇਸ ਤੋਂ ਵੀ ਵੱਡੇ ਕਿਸੇ ਹਾਦਸੇ ਦੀ ਉਡੀਕ ਕਰ ਰਿਹਾ ਹੈ। ਦਰੱਖਤ ਡਿੱਗਣ ਕਾਰਨ ਬਿਜਲੀ ਦੀਆਂ ਤਾਰਾਂ ਸੜਕ ਵਿਚਕਾਰ ਲਟਕ ਗਈਆਂ, ਜਿਸ ਕਾਰਨ ਆਵਾਜਾਈ ਵਿਚ ਵਿਘਨ ਪੈਣ ਕਾਰਨ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।
ਜਾਣਕਾਰੀ ਅਨੁਸਾਰ ਤਿਲਕ ਰਾਜ ਵਾਸੀ ਖੰਨੀ ਲਲਵਾਨ ਨੇ ਦੱਸਿਆ ਕਿ ਉਸਨੇ ਆਪਣੀ ਕਾਰ ਜੇਜੋਂ ਰੋਡ 'ਤੇ ਸੜਕ ਦੇ ਇਕ ਪਾਸੇ ਖੜ੍ਹੀ ਕਰਕੇ ਦੁਕਾਨ ਤੋਂ ਸਾਮਾਨ ਲੈਣ ਲਈ ਅਜੇ ਕਾਰ ਤੋਂ ਬਾਹਰ ਪੈਰ ਰੱਖਿਆ ਹੀ ਸੀ ਕਿ ਅਚਾਨਕ ਅੰਬ ਦਾ ਖੋਖਲਾ ਦਰੱਖਤ ਵਿਚਕਾਰੋਂ ਟੁੱਟ ਕੇ ਉਸਦੀ ਕਾਰ 'ਤੇ ਡਿੱਗ ਪਿਆ ਅਤੇ ਕਾਰ ਦਾ ਅਗਲਾ ਸ਼ੀਸ਼ਾ ਟੁੱਟ ਕੇ ਪੂਰੀ ਛੱਤ ਥੱਲੇ ਬੈਠ ਗਈ। ਉਕਤ ਦਰੱਖਤ ਨੇ ਸੜਕ ਕਿਨਾਰੇ ਖੜ੍ਹੀ ਇਕ ਦੁਕਾਨਦਾਰ ਬਲਵੀਰ ਸਿੰਘ ਦੀ ਐਕਟਿਵਾ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ। ਜਿਸ ਕਾਰਨ ਉਹ ਬੂਰੀ ਤਰ੍ਹਾਂ ਨੁਕਸਾਨੀ ਗਈ। ਦੁਕਾਨਦਾਰਾਂ ਨੇ ਮੰਗ ਕੀਤੀ ਕਿ ਜੇਕਰ ਵਿਭਾਗ ਵਲੋਂ ਸ਼ਹਿਰ ਵਿਚ ਆਪਣੀ ਜੂਨ ਪੂਰੀ ਕਰ ਚੁੱਕੇ ਖੋਖਲੇ ਦਰੱਖਤਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਇਕੱਠੇ ਹੋ ਕੇ ਵਿਭਾਗ ਵਿਰੁੱਧ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ।