ਗੰਦੇ ਨਾਲੇ ਦੀ ਸਫਾਈ ਨਾ ਹੋਣ ਕਰਕੇ ਫਸਲ ਹੋਣ ਲੱਗੀ ਬਰਬਾਦ

10/27/2017 4:33:08 AM

ਫਗਵਾੜਾ, (ਜਲੋਟਾ)- ਪਿੰਡ ਖਲਵਾੜਾ ਦੇ ਕਿਸਾਨ ਜਰਨੈਲ ਸਿੰਘ ਪੁੱਤਰ ਅਨੰਤਾ ਸਿੰਘ ਨੇ ਪਿੰਡ ਦੀ ਬਾਜੀਗਰ ਬਸਤੀ ਤੇ ਖਲਵਾੜਾ ਕਾਲੋਨੀ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਪੰਚਾਇਤ ਵਲੋਂ ਬਣਾਏ ਨਾਲੇ ਦੀ ਸਫਾਈ ਨਾ ਹੋਣ ਨਾਲ ਆਪਣੀ ਫਸਲ ਦਾ ਨੁਕਸਾਨ ਹੋਣ ਦਾ ਦੋਸ਼ ਲਾਇਆ ਹੈ।ਕਿਸਾਨ ਜਰਨੈਲ ਸਿੰਘ ਨੇ ਦੱਸਿਆ ਇਹ ਨਾਲਾ ਸੜਕ ਦੇ ਨਾਲ-ਨਾਲ ਬਣਿਆ ਹੋਇਆ ਹੈ, ਜਿਸਦੇ ਨਾਲ ਉਨ੍ਹਾਂ ਦੀ ਖੇਤੀਬਾੜੀ ਦੀ ਜ਼ਮੀਨ ਲੱਗਦੀ ਹੈ, ਜਿਸ ਵਿਚ ਉਹ ਕਣਕ ਅਤੇ ਬਾਸਮਤੀ ਦੀ ਫਸਲ ਬੀਜਦੇ ਹਨ। ਉਨ੍ਹਾਂ ਦੱਸਿਆ ਕਿ ਨਾਲੇ ਦੀ ਸਫਾਈ ਨਾ ਹੋਣ ਕਾਰਨ ਗੰਦਾ ਪਾਣੀ ਉਨ੍ਹਾਂ ਦੇ ਖੇਤ ਵਿਚ ਵੜ ਜਾਂਦਾ ਹੈ। ਉਨ੍ਹਾਂ ਦੀਆਂ ਤਿੰਨ ਫਸਲਾਂ ਖਰਾਬ ਹੋ ਚੁੱਕੀਆਂ ਹਨ ਅਤੇ ਚੌਥੀ ਫਸਲ ਵੀ ਖਰਾਬ ਹੋਣ ਦੇ ਕੰਢੇ ਹੈ। 
ਉਨ੍ਹਾਂ ਦੱਸਿਆ ਕਿ ਇਸ ਬਾਰੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਤੋਂ ਲੈ ਕੇ ਐੱਸ. ਡੀ. ਐੱਮ. ਫਗਵਾੜਾ ਅਤੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਲਿਖਤੀ ਤੌਰ 'ਤੇ ਜਾਣੂ ਕਰਵਾਇਆ ਜਾ ਚੁੱਕਾ ਹੈ ਪਰ ਕੋਈ ਸੁਣਵਾਈ ਨਹੀਂ ਹੋਈ, ਜਿਸ ਕਰਕੇ ਉਹ ਕਾਫੀ ਪ੍ਰੇਸ਼ਾਨ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਹੋਏ ਨੁਕਸਾਨ ਦੀ ਪੂਰਤੀ ਕੀਤੀ ਜਾਵੇ ਤੇ ਗੰਦੇ ਨਾਲੇ ਦੀ ਤੁਰੰਤ ਸਫਾਈ ਕਰਵਾਈ ਜਾਵੇ ਤਾਂ ਜੋ ਭਵਿੱਖ ਵਿਚ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ।