ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਭੋਆ ਵਾਸੀਆਂ ਖੋਲ੍ਹਿਆ ਮੋਰਚਾ

11/18/2017 1:35:31 AM

ਪਠਾਨਕੋਟ/ਭੋਆ,   (ਸ਼ਾਰਦਾ, ਅਰੁਣ)-  ਭੋਆ ਪਿੰਡ ਦੀ ਗਲੀ 'ਚ ਪਾਣੀ ਦੀ ਨਿਕਾਸੀ ਦਾ ਲੋੜੀਂਦਾ ਪ੍ਰਬੰਧ ਨਾ ਹੋਣ ਕਾਰਨ ਅਤੇ ਜਰਜਰ ਗਲੀਆਂ-ਨਾਲੀਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਅੱਜ ਪਿੰਡ ਦੀ ਜਨਤਾ ਨੇ ਪ੍ਰਸ਼ਾਸਨ ਅਤੇ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ, ਜਿਸ ਦੀ ਅਗਵਾਈ ਹਰਬੰਸ ਲਾਲ ਨੇ ਕੀਤੀ।
 ਪ੍ਰਦਰਸ਼ਨਕਾਰੀ ਪੂਰਨ ਚੰਦ, ਕਮਲਜੀਤ, ਸੁਨੀਲ ਕੁਮਾਰ, ਰੇਣੂ ਬਾਲਾ, ਉਰਮਿਲਾ ਦੇਵੀ, ਰੀਤੂ ਬਾਲਾ, ਕਮਲਾ, ਸੁਮਨ ਦੇਵੀ, ਕੰਸੋ ਦੇਵੀ, ਗੁਰਪ੍ਰੀਤ ਸਿੰਘ, ਭਗਵਾਨ ਦਾਸ, ਜਸਵੰਤ ਰਾਜ ਅਤੇ ਬਲਵੰਤ ਰਾਜ ਨੇ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਗਲੀ ਟੁੱਟਣ ਦੇ ਬਾਵਜੂਦ ਵੀ ਇਸ ਗਲੀ ਦੀ ਉਸਾਰੀ ਨਹੀਂ ਕਰਵਾਈ ਜਾ ਰਹੀ ਹੈ, ਜਿਸ ਨਾਲ ਲੋਕਾਂ ਦੇ ਘਰਾਂ 'ਚ ਪਾਣੀ ਦੀ ਨਿਕਾਸੀ ਨਾ ਹੋਣ ਨਾਲ ਗਲੀ 'ਚ ਹੀ ਇਕੱਤਰ ਹੋ ਕੇ ਤਲਾਬ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਇਸ ਨਾਲ ਜਿਥੇ ਜ਼ਹਿਰੀਲੇ ਕੀਟ ਅਤੇ ਮੱਖੀ-ਮੱਛਰ ਪੈਦਾ ਹੋ ਰਹੇ ਹਨ, ਉਥੇ ਹੀ ਨਰਕਯੋਗ ਮਾਹੌਲ ਦੌਰਾਨ ਪਿੰਡ ਦੇ ਲੋਕਾਂ ਲਈ ਜਿਊਣਾ ਮੁਸ਼ਕਲ ਹੋ ਗਿਆ ਹੈ ਪਰ ਪ੍ਰਸ਼ਾਸਨ ਸਮੱਸਿਆ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਮੱਸਿਆ ਦਾ ਤੁਰੰਤ ਹੱਲ ਨਾ ਨਿਕਲਿਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। 
ਕੀ ਕਹਿੰਦੀ ਹੈ ਗ੍ਰਾਮ ਪੰਚਾਇਤ? 
ਗ੍ਰਾਮ ਪੰਚਾਇਤ ਦੇ ਸਰਪੰਚ ਰਾਜ ਕੁਮਾਰ ਨੇ ਇਸ ਸਬੰਧ 'ਚ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਇਸ ਗਲੀ ਅੱਗੇ ਮੰਡੀ ਬੋਰਡ ਵੱਲੋਂ ਜੋ ਨਾਲਾ ਬਣਾਇਆ ਗਿਆ ਹੈ, ਉਸ ਦੀ ਉਚਾਈ ਜ਼ਿਆਦਾ ਹੈ, ਜਿਸ ਨਾਲ ਲੋਕਾਂ ਦੇ ਘਰਾਂ ਦਾ ਪਾਣੀ ਗਲੀ 'ਚ ਹੀ ਇਕੱਤਰ ਹੋ ਰਿਹਾ ਹੈ, ਉਥੇ ਹੀ ਗ੍ਰਾਮ ਪੰਚਾਇਤ ਦੇ ਕੋਲ ਫੰਡ ਵੀ ਨਹੀਂ ਹਨ। ਫੰਡ ਉਪਲਬਧ ਹੁੰਦੇ ਹੀ ਗਲੀ ਦੀ ਉਸਾਰੀ ਕਰਵਾ ਦਿੱਤੀ ਜਾਵੇਗੀ।