ਭਾਰੀ ਬਰਸਾਤ ਕਾਰਨ ਗੁਰਾਇਆ ਮੇਨ ਬਾਜ਼ਾਰ ਵਿਖੇ ਧਸੀ ਸੜਕ

08/21/2017 6:05:59 AM

ਗੁਰਾਇਆ, (ਮੁਨੀਸ਼)— ਐਤਵਾਰ ਸਵੇਰ ਤੋਂ ਹੋਈ ਭਾਰੀ ਬਰਸਾਤ ਕਾਰਨ ਸ਼ਹਿਰ ਦੇ ਮੇਨ ਬਾਜ਼ਾਰ 'ਚ ਪਾਏ ਗਏ ਸੀਵਰੇਜ ਦੀ ਬਣਾਈ ਗਈ ਸੜਕ ਧਸ ਗਈ। ਕਿਸੇ ਨੁਕਸਾਨ ਤੋਂ ਤਾਂ ਬਚਾਅ ਰਿਹਾ ਪਰ ਸਮਾਂ ਰਹਿੰਦੇ ਜੇਕਰ ਇਸ ਧਸੀ ਹੋਈ ਸੜਕ ਵਿਚ ਪਏ ਖੱਡੇ ਨੂੰ ਮਿੱਟੀ ਪਾ ਕੇ ਨਾ ਭਰਿਆ ਜਾਂਦਾ ਤਾਂ ਕੋਈ ਵੱਡਾ ਹਾਦਸਾ ਹੋ ਸਕਦਾ ਸੀ। 
ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਐਤਵਾਰ ਨੂੰ ਅਸਥਾਈ ਤੌਰ 'ਤੇ ਹੱਲ ਕੀਤੇ ਗਏ ਇਸ ਮਾਮਲੇ ਨੂੰ ਜਲਦ ਤੋਂ ਜਲਦ ਸਥਾਈ ਤੌਰ 'ਤੇ ਹੱਲ ਕਰਵਾਇਆ ਜਾਵੇ। ਉਧਰ ਮੌਕੇ 'ਤੇ ਪਹੁੰਚੇ ਜਲੰਧਰ ਤੋਂ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਫੋਨ 'ਤੇ ਗੱਲ ਕਰ ਕੇ ਇਸ ਮਸਲੇ ਨੂੰ ਜਲਦ ਹੱਲ ਕਰਨ ਦੇ ਹੁਕਮ ਜਾਰੀ ਕੀਤੇ ਹਨ। 
ਦਰਅਸਲ, ਐਤਵਾਰ ਸਵੇਰੇ ਜਦ ਤੇਜ਼ ਵਰਖਾ ਹੋ ਰਹੀ ਸੀ ਤਾਂ ਸ਼ਹਿਰ ਵਿਚ ਸੀਵਰੇਜ ਦੀ ਜੋ ਨਵੀਂ ਲਾਈਨ ਵਿਛਾਈ ਗਈ ਸੀ, ਜਿਸਦੀ ਹੌਦੀ ਰੇਲਵੇ ਫਾਟਕ ਦੇ ਕੋਲ ਮੇਨ ਬਾਜ਼ਾਰ ਵਿਚ ਬਣਾਈ ਗਈ ਹੈ। ਉਸ ਹੌਦੀ ਦੇ ਕੋਲ ਤਾਂ ਐਤਵਾਰ ਨੂੰ ਅਚਾਨਕ ਸੜਕ ਧਸ ਗਈ ਤੇ ਡੂੰਘਾ ਖੱਡਾ ਪੈ ਗਿਆ। ਇਸ ਸਾਰੇ ਮਾਮਲੇ ਦੀ ਸੂਚਨਾ ਨਗਰ ਕੌਂਸਲ ਦੇ ਈ. ਓ. ਵਿਜੇ ਡੋਗਰਾ ਨੂੰ ਦਿੱਤੀ ਗਈ ਜਿਨ੍ਹਾਂ ਨੇ ਜਲਦ ਕਾਰਵਾਈ ਕਰਦੇ ਹੋਏ ਨਗਰ ਕੌਂਸਲ ਦੇ ਮੁਲਾਜ਼ਮ ਨੂੰ ਮੌਕੇ 'ਤੇ ਭੇਜਿਆ ਅਤੇ ਜਲਦ ਤੋਂ ਜਲਦ ਬਣਦੀ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ। ਨਗਰ ਕੌਂਸਲ ਦੇ ਮੁਲਾਜ਼ਮਾਂ ਨੇ ਇਸ ਖੱਡੇ ਵਿਚ ਜਾਣ ਵਾਲੇ ਪਾਣੀ ਨੂੰ ਰੋਕਣ ਲਈ ਬੰਨ੍ਹ ਲਗਾਏ ਅਤੇ ਬਾਅਦ ਵਿਚ ਮਿੱਟੀ ਮੰਗਵਾ ਕੇ ਇਸ ਖੱਡੇ ਨੂੰ ਭਰਿਆ।
ਉਧਰ , ਬਾਜ਼ਾਰ ਦੇ ਦੁਕਾਨਦਾਰਾਂ 'ਚ ਇਸ ਗੱਲ ਨੂੰ ਲੈ ਕੇ ਰੋਸ ਸੀ ਕਿ ਇਹ ਕੰਮ ਰੇਲਵੇ ਦੇ ਠੇਕੇਦਾਰ ਨੇ ਕੀਤਾ ਹੈ ਅਤੇ ਸੀਵਰੇਜ ਬੋਰਡ ਵਲੋਂ ਇਸ ਕੰਮ ਦੀ ਨਜ਼ਰਸਾਨੀ ਕਰਨੀ ਹੁੰਦੀ ਹੈ ਪਰ ਸੀਵਰੇਜ ਬੋਰਡ ਦੇ ਮੁਲਾਜ਼ਮਾਂ ਨੂੰ ਸੂਚਨਾ ਦਿੱਤੇ ਜਾਣ ਦੇ ਬਾਵਜੂਦ ਉਹ ਲੋਕ ਮੌਕੇ 'ਤੇ ਨਹੀਂ ਪਹੁੰਚੇ। ਜਦ ਕਿ ਨਗਰ ਕੌਂਸਲ ਦਾ ਇਸ ਕੰਮ ਨਾਲ ਸਿੱਧੇ ਤੌਰ 'ਤੇ ਕੋਈ ਲੈਣ-ਦੇਣ ਨਾ ਹੋਣ ਦੇ ਬਾਵਜੂਦ ਕੌਂਸਲ ਦੇ ਮੁਲਾਜ਼ਮਾਂ ਨੇ ਸ਼ਹਿਰ ਦੇ ਲੋਕਾਂ ਦੀ ਸਮੱਸਿਆ ਨੂੰ ਸਮਝਦੇ ਹੋਏ ਆਪਣਾ ਫਰਜ਼ ਨਿਭਾਇਆ ਤੇ ਕਾਰਵਾਈ ਕੀਤੀ। 
ਉਥੇ ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਨਗਰ ਕੌਂਸਲ ਦੇ ਸਾਬਕਾ ਉਪ ਪ੍ਰਧਾਨ ਰਵਿੰਦਰ ਪਾਲ ਸਿੰਘ ਰਿੰਕੂ ਵੀ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੇ ਖੁਦ ਪ੍ਰਸ਼ਾਸਨਿਕ ਮੁਲਾਜ਼ਮਾਂ ਨੂੰ ਰਾਹਤ ਕੰਮਾਂ ਵਿਚ ਤੇਜ਼ੀ ਲਿਆਉਣ ਲਈ ਕਿਹਾ ਅਤੇ ਬਾਅਦ ਵਿਚ ਲੋਕ ਸਭਾ ਸੰਸਦ ਚੌਧਰੀ ਸੰਤੋਖ ਸਿੰਘ ਖੁਦ ਮੌਕੇ 'ਤੇ ਪਹੁੰਚੇ। ਇਸ ਦੌਰਾਨ ਚੌਧਰੀ ਸੰਤੋਖ ਸਿੰਘ ਨੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਫੋਨ 'ਤੇ ਗੱਲਬਾਤ ਕਰ ਕੇ ਜਲਦ ਤੋਂ ਜਲਦ ਇਸ ਮਾਮਲੇ ਨੂੰ ਸਹੀ ਢੰਗ ਨਾਲ ਸੁਲਝਾਉਣ ਤੇ ਦੁਕਾਨਦਾਰਾਂ ਦੀ ਸਮੱਸਿਆ ਦਾ ਹੱਲ ਕਰਨ ਦਾ ਹੁਕਮ ਦਿੱਤਾ। ਇਸ ਮੌਕੇ ਅਸ਼ੋਕ ਗੁਗਨਾਨੀ, ਜਤਿੰਦਰਜੀਤ ਸਿੰਘ ਨਰੂਲਾ, ਬਾਲ ਕ੍ਰਿਸ਼ਨ ਮਖੀਜਾ, ਬੂਟਾ ਸਿੰਘ, ਮਹਿੰਦਰ ਪਾਲ ਗੁਗਨਾਨੀ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ।